ਨਿਊਯਾਰਕ ਵਿੱਚ ਘਰ ਨੂੰ ਲੱਗੀ ਅੱਗ, ਪੰਜਾਬਣ ਸਮੇਤ 3 ਦੀ ਮੌਤ

ਨਿਊਯਾਰਕ, 30 ਅਪ੍ਰੈਲ 9ਸ.ਬ.) ਅਮਰੀਕਾ ਦੇ ਨਿਊਯਾਰਕ ਸ਼ਹਿਰ ਸਥਿਤ ਇਕ ਘਰ ਵਿੱਚ ਅੱਗ ਲੱਗਣ ਦੀ ਘਟਨਾ ਵਿਚ ਪੰਜਾਬਣ ਔਰਤ ਅਤੇ ਉਸ ਦੇ ਦਾਦਾ-ਦਾਦੀ ਦੀ ਮੌਤ ਹੋ ਗਈ, ਜਦਕਿ ਔਰਤ ਦੇ ਦੋ ਬੱਚੇ ਝੁਲਸ ਗਏ| ਮੀਡੀਆ ਦੀ ਇਕ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਇਸ ਘਟਨਾ ਵਿੱਚ ਹਰਲੀਨ ਮੱਗੂ ਨਾਂ ਦੀ ਔਰਤ ਅਤੇ ਉਸ ਦੇ ਦਾਦਾ ਪਿਆਰਾ ਕੈਂਠ ਅਤੇ ਦਾਦੀ ਰਾਗਵੀਰ ਕੌਰ ਕੈਂਠ ਦੀ ਮੌਤ ਹੋ ਗਈ|
ਓਧਰ ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਹਰਲੀਨ ਦੀ 8 ਸਾਲਾ ਧੀ ਅਤੇ 6 ਸਾਲਾ ਪੁੱਤਰ ਇਮਾਰਤ ਵਿਚ ਫਸ ਗਏ ਸਨ| ਫਾਇਰ ਫਾਈਟਰਾਂ ਨੇ ਦੋਹਾਂ ਨੂੰ ਉਥੋਂ ਬਾਹਰ ਕੱਢਿਆ| ਨਾਸਾਉ ਯੂਨੀਵਰਸਿਟੀ ਮੈਡੀਕਲ ਸੈਂਟਰ ਵਿਚ ਭਰਤੀ ਦੋਵੇਂ ਬੱਚਿਆਂ ਵਿਚ ਲੜਕੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਲੜਕੇ ਦੀ ਹਾਲਤ ਸਥਿਰ ਹੈ| ਨਿਊਯਾਰਕ ਸ਼ਹਿਰ ਦੇ ਫਾਇਰ ਵਿਭਾਗ ਦੇ ਉਪ ਮੁਖੀ ਮਾਈਕਲ ਗਾਲਾ ਨੇ ਰਿਪੋਰਟ ਵਿਚ ਦੱਸਿਆ ਕਿ ਘਰ ਵਿੱਚ 7 ਹੋਰ ਲੋਕ ਮੌਜੂਦ ਸਨ, ਜਿਨ੍ਹਾਂ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ| ਇਹ ਸਾਰੇ ਗੰਭੀਰ ਰੂਪ ਨਾਲ ਝੁਲਸੇ ਹਨ ਪਰ ਇਨ੍ਹਾਂ ਦੀ ਜਾਨ ਨੂੰ ਕੋਈ ਖਤਰਾ ਨਹੀਂ ਦੱਸਿਆ ਜਾ ਰਿਹਾ ਹੈ|
ਪਰਿਵਾਰ ਦੇ ਇਕ ਨੇੜਲੇ ਰਿਸ਼ਤੇਦਾਰ ਰਣਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਘਰ ਵਿਚ ਫਸੇ ਲੋਕਾਂ ਦੀਆਂ ਚੀਕਾਂ ਸੁਣੀਆਂ ਸਨ| ਉਨ੍ਹਾਂ ਦੱਸਿਆ ਕਿ ਇਹ ਬਹੁਤ ਵੱਡੀ ਤ੍ਰਾਸਦੀ ਹੈ, ਮੈਂ ਇਸ ਤਰ੍ਹਾਂ ਦੀ ਭਿਆਨਕ ਅੱਗ ਕਦੇ ਨਹੀਂ ਦੇਖੀ ਸੀ| ਫਾਇਰ ਫਾਈਟਰਜ਼ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ ਅਤੇ ਇਸ ਬਾਰੇ ਜਾਣਕਾਰੀ ਨਹੀਂ ਲੱਗ ਸਕੀ ਹੈ ਕਿ ਅੱਗ ਕਿਵੇਂ ਲੱਗੀ| ਸ਼ਹਿਰ ਦੇ ਇਕ ਜਨ ਪ੍ਰਤੀਨਿਧੀ ਡੇਵਿਡ ਵੇਪ੍ਰਿਨ ਨੇ ਕਿਹਾ ਕਿ ਇੱਥੇ ਘਰਾਂ ਵਿਚ ਲੱਕੜਾਂ ਬਹੁਤ ਜ਼ਿਆਦਾ ਹੁੰਦੀਆਂ ਹਨ ਅਤੇ ਅੱਗ ਲੱਗਣ ਤੇ ਇਹ ਤੇਜ਼ੀ ਨਾਲ ਫੈਲਦੀ ਹੈ| ਘਰਾਂ ਵਿਚ ਅੱਗ ਲੱਗਣ ਦੀ ਸੂਚਨਾ ਦੇਣ ਵਾਲੇ ਅਲਾਰਮ ਨਾ ਹੋਣ ਕਾਰਨ ਇਹ ਘਟਨਾਵਾਂ ਵਾਪਰਦੀਆਂ ਹਨ| ਸਾਨੂੰ ਲੋਕਾਂ ਨੂੰ ਇਸ ਬਾਰੇ ਸਿੱਖਿਅਤ ਕਰਨ ਦੀ ਲੋੜ ਹੈ| ਇਹ ਬਹੁਤ ਹੀ ਮੰਦਭਾਗੀ ਘਟਨਾ ਹੈ|

Leave a Reply

Your email address will not be published. Required fields are marked *