ਨਿਊਜੀਲੈਂਡ ਵਿੱਚ 2 ਮਸਜਿਦਾਂ ਤੇ ਹੋਏ ਵੱਡੇ ਅੱਤਵਾਦੀ ਹਮਲੇ ਵਿੱਚ 40 ਵਿਅਕਤੀਆਂ ਦੀ ਮੌਤ

ਨਿਊਜੀਲੈਂਡ ਵਿੱਚ 2 ਮਸਜਿਦਾਂ ਤੇ ਹੋਏ ਵੱਡੇ ਅੱਤਵਾਦੀ ਹਮਲੇ ਵਿੱਚ 40 ਵਿਅਕਤੀਆਂ ਦੀ ਮੌਤ
ਵਾਲ ਵਾਲ ਬਚੀ ਬੰਗਲਾਦੇਸ਼ ਦੀ ਕ੍ਰਿਕਟ ਟੀਮ, ਘਟਨਾ ਨੂੰ ਹਮਲਾਵਰ ਨੇ ਫੇਸਬੁੱਕ ਤੇ ਲਾਈਵ ਦਿਖਾਇਆ
ਨਿਊਜੀਲੈਂਡ, 15 ਮਾਰਚ (ਸ.ਬ.) ਨਿਊਜ਼ੀਲੈਂਡ ਦਾ ਕ੍ਰਾਈਸਟ ਚਰਚ ਸ਼ਹਿਰ ਅੱਜ ਸਵੇਰ ਉਸ ਸਮੇਂ ਦਹਿਲ ਗਿਆ, ਜਦੋਂ ਇੱਥੋਂ ਦੀਆਂ 2 ਮਸਜਿਦਾਂ ਅਲ-ਨੂਰ ਮਸਜਿਦ ਅਤੇ ਲਿਨਵੁੱਡ ਐਵਿਨਿਊ ਦੀ ਮਸਜਿਦ ਵਿੱਚ ਕੁਝ ਬੰਦੂਕਧਾਰੀਆਂ ਨੇ ਫਾਇਰਿੰਗ ਕਰ ਦਿੱਤੀ| ਇਹ ਫਾਇਰਿੰਗ ਉਸ ਸਮੇਂ ਹੋਈ, ਜਦੋਂ 300 ਤੋਂ ਵਧ ਲੋਕ ਇੱਥੇ ਨਮਾਜ ਅਦਾ ਕਰਨ ਲਈ ਆਏ ਸਨ| ਨਿਊਜ਼ੀਲੈਂਡ ਦੀ ਲੋਕਲ ਮੀਡੀਆ ਅਨੁਸਾਰ, ਹੁਣ ਤੱਕ 40 ਵਿਅਕਤੀਆਂ ਤੋਂ ਵੱਧ ਦੀ ਮੌਤ ਹੋ ਚੁਕੀ ਹੈ|
ਇਸ ਹਮਲੇ ਵਿੱਚ ਬੰਗਲਾਦੇਸ਼ ਦੀ ਕ੍ਰਿਕਟ ਟੀਮ ਵਾਲ ਵਾਲ ਬਚ ਗਈ| ਬੰਗਲਾਦੇਸ਼ ਦੀ ਕ੍ਰਿਕਟ ਟੀਮ ਅਲ-ਨੂਰ ਮਸਜਿਦ ਪਹੁੰਚੀ ਹੀ ਸੀ ਕਿ ਇਹ ਘਟਨਾ ਵਾਪਰ ਗਈ ਤਾਂ ਇਹ ਟੀਮ ਤੁਰੰਤ ਹੀ ਬੱਸ ਵਿੱਚ ਵਾਪਸ ਚਲੀ ਗਈ|
ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਗੋਲੀਬਾਰੀ ਦੀ ਘਟਨਾ ਨੂੰ 17 ਮਿੰਟ ਤੱਕ ਫੇਸਬੁੱਕ ਤੇ ਲਾਈਵ ਦਿਖਾਇਆ ਗਿਆ ਅਤੇ ਇਹ ਕੰਮ ਖੁਦ ਹਮਲਾਵਰ ਨੇ ਕੀਤਾ| ਇਸ ਵੀਡੀਓ ਨੂੰ ਫੇਸਬੁੱਕ ਤੇ ਲਾਈਵ ਦਿਖਾਉਂਦੇ ਹੋਏ ਹਮਲਾਵਰ ਨੇ ਆਪਣਾ ਨਾਂ ਬ੍ਰੈਂਟਨ ਟੈਰੇਂਟ ਦੱਸਿਆ| 28 ਸਾਲ ਦੇ ਇਸ ਹਮਲਾਵਰ ਨੇ ਦੱਸਿਆ ਕਿ ਉਸ ਦਾ ਜਨਮ ਆਸਟ੍ਰੇਲੀਆ ਵਿੱਚ ਹੋਇਆ ਹੈ| ਇਸ ਘਟਨਾ ਨੂੰ ਨਿਊਜ਼ੀਲੈਂਡ ਦੇ ਇਤਿਹਾਸ ਦਾ ਸਭ ਤੋਂ ਕਾਲਾ ਦਿਨ ਦੱਸਿਆ ਜਾ ਰਿਹਾ ਹੈ|
ਇਸ ਘਟਨਾ ਦੀ ਲਾਈਵ ਸ਼ੁਰੂਆਤ ਹਮਲਾਵਰ ਨੇ ਉਸ ਸਮੇਂ ਸ਼ੁਰੂ ਕੀਤੀ, ਜਦੋਂ ਉਹ ਅਲ ਨੂਰ ਮਸਜਿਦ ਦੇ ਬਾਹਰ ਗੱਡੀ ਪਾਰਕ ਕਰ ਰਿਹਾ ਸੀ| 17 ਮਿੰਟ ਦੇ ਇਸ ਵੀਡੀਓ ਵਿੱਚ ਦੇਖਿਆ ਗਿਆ ਕਿ ਬਹੁਤ ਸਾਰੇ ਹਥਿਆਰ ਅਤੇ ਵਿਸਫੋਟਕ ਲੈ ਕੇ ਉਹ ਗੱਡੀ ਵਿੱਚ ਅੱਗੇ ਵਾਲੀ ਸੀਟ ਤੇ ਬੈਠਾ ਸੀ| ਉਸ ਕੋਲ ਪੈਟਰੋਲ ਦੇ ਕੰਟੇਨਰ ਵੀ ਸਨ| ਗੱਡੀ ਤੋਂ ਉਤਰਦੇ ਹੀ ਉਸ ਨੇ ਪਹਿਲਾਂ ਮਸਜਿਦ ਦੀ ਗੇਟ ਤੇ ਫਾਇਰਿੰਗ ਕੀਤੀ| ਇਸ ਤੋਂ ਬਾਅਦ ਤਾਂ ਉਹ ਅੰਨ੍ਹੇਵਾਹ ਗੋਲੀਬਾਰੀ ਕਰਨ ਲੱਗਾ| ਗੋਲੀਬਾਰੀ ਹੁੰਦੇ ਹੀ ਭੱਜ-ਦੌੜ ਦਾ ਮਾਹੌਲ ਹੋ ਗਿਆ| ਲੋਕ ਦੌੜਨ ਦੀ ਕੋਸ਼ਿਸ਼ ਕਰ ਰਹੇ ਸਨ ਪਰ ਹਮਲਾਵਰ ਲਗਾਤਾਰ ਗੋਲੀਆਂ ਚਲਾਉਂਦਾ ਰਿਹਾ| ਵਾਰ-ਵਾਰ ਉਹ ਆਪਣੀ ਬੰਦੂਕ ਵਿੱਚ ਗੋਲੀਆਂ ਲੋਡ ਕਰ ਰਿਹਾ ਸੀ|
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ਲਈ ਇਹ ਸਭ ਤੋਂ ਕਾਲੇ ਦਿਨਾਂ ਵਿੱਚੋਂ ਇੱਕ ਹੈ|
ਇਸ ਘਟਨਾ ਸਬੰਧੀ ਇੱਕ ਵਿਅਕਤੀ ਪੁਲੀਸ ਹਿਰਾਸਤ ਵਿੱਚ ਹੈ ਪਰ ਪੁਲੀਸ ਨੇ ਕਿਹਾ ਹੈ ਕਿ ਇੱਕ ਹੋਰ ਹਮਲਾਵਰ ਅਜੇ ਵੀ ਫਰਾਰ ਮੰਨਿਆ ਜਾ ਸਕਦਾ ਹੈ| ਪੁਲੀਸ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਘਰਾਂ ਦੇ ਅੰਦਰ ਰਹਿਣ ਅਤੇ ਮਸਜਿਦਾਂ ਵੱਲ ਬਿਲਕੁਲ ਨਾ ਜਾਣ|
ਇਸੇ ਦੌਰਾਨ ਬੰਗਲਾਦੇਸ਼ ਦੇ ਕ੍ਰਿਕਟ ਬੋਰਡ ਨੇ ਟਵਿੱਟਰ ਉੱਪਰ ਜਾਣਕਾਰੀ ਦਿੱਤੀ ਕਿ ਬੰਗਲਾਦੇਸ਼ ਦੀ ਕ੍ਰਿਕਟ ਟੀਮ ਸੁਰੱਖਿਅਤ ਹੈ| ਕਪਤਾਨ ਮੁਸ਼ਫ਼ੀਕੁਰ ਰਹੀਮ ਨੇ ਟਵੀਟ ਕਰ ਕੇ ਕਿਹਾ, ਅੱਲਾਹ ਨੇ ਸਾਨੂੰ ਅੱਜ ਬਚਾ ਲਿਆ ਜਦੋਂ ਕ੍ਰਾਇਸਟ ਚਰਚ ਦੀ ਮਸਜਿਦ ਵਿੱਚ ਗੋਲੀਬਾਰੀ ਹੋਈ… ਸਾਡੀ ਕਿਸਮਤ ਬਹੁਤ ਚੰਗੀ ਰਹੀ… ਅਜਿਹਾ ਕੁਝ ਵੀ ਹੁੰਦਾ ਦੁਬਾਰਾ ਨਹੀਂ ਦੇਖਣਾ ਚਾਹਾਂਗਾ… ਸਾਡੇ ਲਈ ਦੁਆ ਕਰੋ|
ਟੀਮ ਦੇ ਖਿਡਾਰੀ ਤਮੀਮ ਇਕਬਾਲ ਖਾਨ ਨੇ ਸਵੇਰੇ ਘਟਨਾ ਤੋਂ ਬਾਅਦ ਤੁਰੰਤ ਹੀ ਟਵੀਟ ਕੀਤਾ ਸੀ ਕਿ ਸਾਰੀ ਟੀਮ ਬੱਚ ਗਈ ਹੈ| ਟੀਮ ਦੇ ਨਾਲ ਵਿਸ਼ਲੇਸ਼ਕ ਵਜੋਂ ਜੁੜੇ ਹੋਏ ਸ਼੍ਰੀਨਿਵਾਸ ਚੰਦਰਸ਼ੇਖਰਨ ਨੇ ਵੀ ਟਵੀਟ ਕੀਤਾ, ਕਿਹਾ ਕਿ ਬੱਚ ਗਏ ਹਾਂ ਪਰ ਦਿਲ ਦੀ ਧੜਕਣ ਤੇਜ਼ ਹੈ|
ਨਿਊਜ਼ੀਲੈਂਡ ਦੇ ਕ੍ਰਿਕਟ ਬੋਰਡ ਨੇ ਵੀ ਟਵੀਟ ਕਰ ਕੇ ਕਿਹਾ ਕਿ ਨਿਊਜੀਲੈਂਡ ਅਤੇ ਬੰਗਲਾਦੇਸ਼ ਦੀਆਂ ਕ੍ਰਿਕਟ ਟੀਮਾਂ ਸੁਰੱਖਿਅਤ ਹਨ|

Leave a Reply

Your email address will not be published. Required fields are marked *