ਨਿਗਮ ਅਧਿਕਾਰੀਆਂ ਵੱਲੋਂ ਸ਼ਮਸ਼ਾਨ ਘਾਟ ਦਾ ਪਿਛਲਾ ਗੇਟ ਬੰਦ ਰੱਖੇ ਜਾਣ ਕਾਰਨ ਉੱਥੇ ਰੋਜਾਨਾ ਲੱਗਦਾ ਹੈ ਜਾਮ

ਨਿਗਮ ਅਧਿਕਾਰੀਆਂ ਵੱਲੋਂ ਸ਼ਮਸ਼ਾਨ ਘਾਟ ਦਾ ਪਿਛਲਾ ਗੇਟ ਬੰਦ ਰੱਖੇ ਜਾਣ ਕਾਰਨ ਉੱਥੇ ਰੋਜਾਨਾ ਲੱਗਦਾ ਹੈ ਜਾਮ

ਮੇਅਰ ਦੀਆਂ ਹਿਦਾਇਤਾਂ ਦੇ ਬਾਵਜੂਦ ਨਹੀਂ ਖੁਲ੍ਹਿਆ ਗੇਟ ਦਾ ਤਾਲਾ

ਬੇਦੀ ਨੇ ਤਾਲਾ ਨਾ ਖੁਲ੍ਹਣ ਤੇ ਲੋਕਾਂ ਨੂੰ ਨਾਲ ਲੈ ਕੇ ਗੇਟ ਖੋਲ੍ਹਣ ਦਾ ਦਿੱਤਾ ਅਲਟੀਮੇਟਮ
ਐਸ. ਏ. ਐਸ. ਨਗਰ, 3 ਨਵੰਬਰ (ਸ.ਬ.) ਸ਼ਮਸ਼ਾਨ ਉਹ ਥਾਂ ਹੈ ਜਿੱਥੇ ਪਹੁੰਚ ਕੇ ਇੱਕ ਵਾਰ ਤਾਂ ਹਰ ਵਿਅਕਤੀ ਦੁਨੀਆਦਾਰੀ ਨੂੰ ਭੁੱਲ ਕੇ ਰੂਹਾਨੀ ਦੁਨੀਆਂ ਵਿੱਚ ਪਹੁੰਚ ਜਾਂਦਾ ਹੈ| ਸ਼ਮਸ਼ਾਨ ਘਾਟ ਵਿੱਚ ਆਪਣੇ ਕਿਸੇਨਜ਼ਦੀਕੀ ਵਿਅਕਤੀ ਦਾ ਅੰਤਮ ਸਸਕਾਰ ਕਰਨ ਲਈ ਪਹੁੰਚਣ ਵਾਲੇ ਵਿਅਕਤੀਆਂ ਨੂੰ ਹੀ ਖੱਜਲਖੁਆਰ ਹੋਣਾ ਪਏ ਤਾਂ ਇਸਤੋਂ ਵੱਡੀ ਤ੍ਰਾਸਦੀ ਭਲਾ ਹੋਰ ਕੀ ਹੋ ਸਕਦੀ ਹੈ|
ਸਥਾਨਕ ਸ਼ਮਸ਼ਾਨ ਵਿੱਚ ਬੁਨਿਆਦੀ ਸੁਵਿਧਾਵਾਂ ਦੀ ਘਾਟ ਦਾ ਮੁੱਦਾ ਹਮੇਸ਼ਾ ਹੀ ਚਰਚਾ ਵਿੱਚ ਰਹਿੰਦਾ ਆਇਆ ਹੈ ਅਤੇ ਸਮੇਂ ਸਮੇਂ ਤੇ ਲੋਕਾਂ ਵਲੋਂ ਇਸ ਸਬੰਧੀ ਸ਼ਿਕਾਇਤਾਂ ਵੀ ਕੀਤੀਆਂ ਜਾਂਦੀਆਂ ਹਨ ਪਰੰਤੂ ਨਗਰ ਨਿਗਮ ਦੇ ਅਧਿਕਾਰੀਆਂ ਵਲੋਂ ਇਸ ਸਬੰਧੀ ਲੋੜੀਂਦੀ ਕਾਰਵਾਈ ਦੀ ਅਣਹੋਂਦ ਕਾਰਣ ਇਹ ਸਮੱਸਿਆਵਾਂ ਲੰਬੇ ਸਮੇਂ ਤੱਕ ਸ਼ਹਿਰ ਵਾਸੀਆਂ ਨੂੰ ਪ੍ਰੇਸ਼ਾਨ ਕਰਦੀਆਂ ਹਨ|
ਇਸ ਵੇਲੇ ਸ਼ਮਸ਼ਾਨ ਘਾਟ ਵਿੱਚ ਸਭ ਤੋਂ ਵੱਡੀ ਸਮੱਸਿਆ ਉਥੇ ਰੋਜ਼ਾਨਾ ਲੱਗਦੇ ਗੱਡੀਆਂ ਦੇ ਜਾਮ ਕਾਰਨ ਆਪਣੇ ਨੇੜਲਿਆਂ ਦੇ ਸਸਕਾਰ ਲਈ ਪਹੁੰਚਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਸਹਿਣੀ ਪੈਂਦੀ ਹੈ|
ਸ਼ਮਸ਼ਾਨ ਘਾਟ ਵਿੱਚ ਭਾਵੇਂ ਗੱਡੀਆਂ ਦੇ ਖੜ੍ਹਣ ਲਈ ਪਾਰਕਿੰਗ ਦੀ ਥਾਂ ਤਾਂ ਕਾਫੀ ਹੈ ਪਰੰਤੂ ਗੱਡੀਆਂ ਦੇ ਅੰਦਰ ਆਉਣ ਅਤੇ ਬਾਹਰ ਜਾਣ ਲਈ ਸਿਰਫ ਇਕ ਹੀ ਗੇਟ ਹੋਣ ਕਾਰਣ ਇਹ ਸਮੱਸਿਆ ਪੇਸ਼ ਆਉਂਦੀ ਹੈ ਅਤੇ ਕਈ ਵਾਰ ਤਾਂ ਲੋਕਾਂ ਨੂੰ ਬਾਹਰ ਨਿਕਲਣ ਲਈ ਘੰਟਾ-ਘੰਟਾ ਜਾਮ ਵਿੱਚ ਫੱਸਣਾ ਪੈਂਦਾ ਹੈ|
ਅਜਿਹਾ ਵੀ ਨਹੀਂ  ਹੈ ਕਿ ਸ਼ਮਸ਼ਾਨ ਘਾਟ ਵਿੱਚ ਗੱਡੀਆਂ ਦੀ ਆਵਾਜਾਈ ਲਈ ਸਿਰਫ ਇਕ ਹੀ ਗੇਟ ਹੈ| ਇਸ ਦੂਜੇ ਪਾਸੇ (ਫੈਕਟ੍ਰੀਆਂ ਵਾਲੇ ਪਾਸੇ) ਵੀ ਇੱਕ ਗੇਟ ਬਣਿਆ ਹੋਇਆ ਹੈ ਅਤੇ ਪਹਿਲਾਂ ਇਹ ਗੇਟ ਚਲਦਾ ਵੀ ਸੀ ਪਰੰਤੂ ਪਿਛਲੇ ਕਾਫੀ ਸਮੇਂ ਤੋਂ ਇਸ ਗੇਟ ਤੇ ਤਾਲ ਲਗਾ ਦਿੱਤਾ ਗਿਆ ਹੈ ਜਿਸ ਕਾਰਨ ਗੱਡੀਆਂ ਦਾ ਦਾਖਲਾ ਅਤੇ ਨਿਕਾਸੀ ਮੁੱਖ ਸੜਕ ਨਾਲ ਲੱਗਦੇ ਗੇਟ ਤੋਂ ਹੀ ਹੁੰਦੀ ਹੈ ਅਤੇ ਇੱਥੇ ਲੰਬਾਂ ਸਮਾਂ ਜਾਮ ਦੀ ਨੌਬਤ ਬਣੀ ਰਹਿੰਦੀ ਹੈ|
ਪਿਛਲੇ ਸਾਲਾਂ ਦੌਰਾਨ ਹੋਏ ਸ਼ਹਿਰ ਦੇ ਪਸਾਰ ਅਤੇ ਸ਼ਹਿਰ ਦੀ ਆਬਾਦੀ ਵਿੱਚ ਹੋਏ ਵਾਧੇ ਨਾਲ ਸ਼ਹਿਰ ਵਿੱਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੀ ਵਧੀ ਹੈ ਅਤੇ ਇਥੇ ਰੋਜ਼ਾਨਾ 6 ਤੋਂ 8 ਮ੍ਰਿਤਕ ਦੇਹਾਂ ਸਸਕਾਰ ਲਈ ਪਹੁੰਦੀਆਂ ਹਨ| ਕਈ ਵਾਰ ਅਜਿਹਾ ਵੀ ਹੁੰਦਾ ਹੈ ਜਦੋਂ ਇਕ ਮ੍ਰਿਤਕ ਦੇਹ ਦੇ ਸਸਕਾਰ ਦੇ ਦੌਰਾਨ ਹੀ ਦੂਜੀ ਦੇਹ ਵੀ ਆ ਜਾਂਦੀ ਹੈ ਅਤੇ ਇਹਨਾਂ ਦਾ ਸਸਕਾਰ ਕਰਨ ਲਈ ਆਏ ਵਿਅਕਤੀਆਂ ਦੀਆਂ ਗੱਡੀਆਂ ਵੱਧ ਜਾਂਦੀਆਂ ਹਨ| ਇਸ ਤੋਂ ਇਲਾਵਾ ਕਈ ਵਾਰ ਕਿਸੇ ਇਕ ਮ੍ਰਿਤਕ ਦੇ ਸਸਕਾਰ ਲਈ ਵੀ ਕਾਫੀ ਵੱਧ ਭੀੜ ਇੱਕਤਰ ਹੋ ਜਾਂਦੀ ਹੈ ਅਤੇ ਉਥੇ ਜਾਮ ਦੀ ਨੌਬਤ ਆ ਜਾਦੀ ਹੈ|
ਸ਼ਮਸ਼ਾਨ ਘਾਟ ਵਿੱਚ ਮ੍ਰਿਤਕ ਦੇਹਾਂ ਦੇ ਅੰਤਮ ਸਸਕਾਰ ਦੀ ਜਿੰਮੇਵਾਰੀ ਨਿਭਾਉਣ ਵਾਲੇ ਪੰਡਤ ਨਰਿੰਦਰ ਕੁਮਾਰ ਨੇ ਕਿਹਾ ਕਿ ਪਿਛਲਾ ਗੇਟ ਪਹਿਲਾਂ ਖੁਲ੍ਹਾ ਰਹਿੰਦਾ ਸੀ ਅਤੇ ਵੱਡੀ ਗਿਣਤੀ ਲੋਕ ਉਧਰੋਂ ਨਿਕਲ ਜਾਂਦੇ ਸਨ ਪਰੰਤੂ ਕੁੱਝ ਸਮਾਂ ਪਹਿਲਾਂ ਇੱਥੇ ਆਉਣ ਵਾਲੀਆਂ ਗੱਡੀਆਂ ਵਿੱਚੋਂ ਸਾਮਾਨ ਚੋਰੀ ਹੋਣ ਦੀਆਂ ਵਾਰਦਾਤਾਂ ਤੋਂ ਬਾਅਦ ਪੁਲੀਸ ਵਲੋਂ ਉਹਨਾਂ ਨੂੰ ਜਿੰਮੇਵਾਰ ਠਹਿਰਾਉਂਦਿਆਂ ਅੰਦਰ ਕਰਨ ਦੀ ਧਮਕੀ ਦਿੱਤੀ ਸੀ ਅਤੇ ਫਿਰ ਨਿਗਮ ਦੇ ਅਧਿਕਾਰੀ ਨੇ ਉਹਨਾਂ ਨੂੰ ਪਿਛਲੇ  ਗੇਟ ਤੇ ਤਾਲਾ ਲਗਾਉਣ ਲਈ ਕਿਹਾ ਸੀ ਜਿਸਤੇ ਉਹਨਾਂ ਨੇ           ਗੇਟ ਬੰਦ ਕਰ ਦਿੱਤਾ|
ਹੈਰਾਨੀ ਦੀ ਗੱਲ ਇਹ ਹੈ ਕਿ ਨਗਰ ਨਿਗਮ ਦੇ ਮੇਅਰ ਸ੍ਰ. ਕੁਲਵੰਤ ਸਿੰਘ ਵਲੋਂ ਸ਼ਮਸ਼ਾਨ ਘਾਟ ਦਾ ਗੇਟ ਖੋਲ੍ਹਣ ਸੰਬੰਧੀ ਹਿਦਾਇਤਾਂ ਜਾਰੀ ਕੀਤੇ ਜਾਣ ਦੇ ਬਾਵਜੂਦ ਨਿਗਮ ਦੇ ਅਧਿਕਾਰੀਆਂ ਵਲੋਂ ਇਸ ਗੇਟ ਨੂੰ ਬੰਦ ਰੱਖਿਆ ਜਾ ਰਿਹਾ ਹੈ| ਦੋ ਦਿਨ ਪਹਿਲਾਂ ਮਿਉਂਸਪਲ ਕੌਂਸਲਰ ਸ੍ਰ. ਰਵਿੰਦਰ ਸਿੰਘ ਬਿੰਦਰਾ ਦੇ ਭਤੀਜੇ ਦੇ ਅੰਤਮ ਸਸਕਾਰ ਦੌਰਾਨ (ਜਿਸ ਵਿੱਚ ਖੁਦ ਮੇਅਰ ਵੀ ਪਹੁੰਚੇ ਸੀ ) ਵੀ ਇਥੇ ਲੰਬਾ ਸਮਾਂ ਜਾਮ ਲੱਗਿਆ ਰਿਹਾ ਸੀ| ਸੰਪਰਕ ਕਰਨ ਤੇ ਮੇਅਰ ਸ੍ਰ. ਕੁਲਵੰਤ ਸਿੰਘ ਨੇ ਕਿਹਾ ਕਿ ਉਹਨਾਂ ਵਲੋਂ ਤਾਂ ਇਸ ਸਬੰਧੀ ਪਹਿਲਾਂ ਮਿਲੀਆਂ ਸ਼ਿਕਾਇਤਾਂ ਤੋਂ ਬਾਅਦ ਇਹ ਗੇਟ ਖੋਲ੍ਹਣ ਦੀਆਂ ਹਿਦਾਇਤਾਂ ਦਿੱਤੀਆਂ ਗਈਆਂ ਸਨ ਅਤੇ ਉਹ ਖੁਦ ਹੈਰਾਨ ਹਨ ਕਿ ਇਹ ਗੇਟ ਨੂੰ ਤਾਲਾ ਕਿਸ ਦੇ ਹੁਕਮਾਂ ਤੇ ਲਗਾਇਆ ਗਿਆ ਹੈ|
ਫੇਜ਼-6 ਦੇ ਕੌਂਸਲਰ ਸ੍ਰ. ਆਰ. ਪੀ. ਸ਼ਰਮਾ ਕਹਿੰਦੇ ਹਨ ਕਿ ਇਸ ਤਰੀਕੇ ਨਾਲ ਸ਼ਮਸ਼ਾਨ ਘਾਟ ਦੇ ਗੇਟ ਤੇ ਤਾਲਾ ਲਗਾਉਣ ਦੀ ਇਹ ਕਾਰਵਾਈ ਨਿਗਮ ਦੇ ਅਧਿਕਾਰੀਆਂ ਦੇ ਆਪਹੁਦਰੇਪਨ ਨੂੰ ਜਾਹਿਰ ਕਰਨ ਵਾਲੀ ਹੈ| ਉਹਨਾਂ ਕਿ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਮੇਅਰ ਵਲੋਂ ਇਸ ਸਬੰਧੀ ਹਿਦਾਇਤਾਂ ਜਾਰੀ ਕੀਤੀਆਂ ਜਾਣ ਦੇ ਬਾਵਜੂਦ ਇਹ ਗੇਟ ਤੇ ਤਾਲਾ ਕਿਉਂ ਲਗਾਇਆ ਗਿਆ ਹੈ ਅਤੇ ਇਸ ਸਬੰਧੀ ਜਿੰਮੇਵਾਰ ਵਿਅਕਤੀਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ|
ਮਿਉਂਸਪਲ ਕੌਂਸਲਰ ਸ੍ਰ. ਕੁਲਜੀਤ ਸਿੰਘ ਬੇਦੀ ਨੇ ਇਸ ਸਬੰਧੀ ਕਿਹਾ ਕਿ ਉਹਨਾਂ ਨੇ ਨਿਗਮ ਦੇ ਕਮਿਸ਼ਨਰ ਨੂੰ ਪੱਤਰ ਲਿਖ ਕੇ ਸ਼ਮਸ਼ਾਨ ਘਾਟ ਦਾ ਗੇਟ ਖੁਲਵਾਉਣ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਮੁਹਈਆਂ ਕਰਵਾਉਣ ਦੀ ਮੰਗ ਕੀਤੀ ਹੈ| ਉਹਨਾਂ ਕਿਹਾ ਕਿ ਇਥੇ ਪਾਠ ਕਰਨ ਲਈ ਬਣਿਆ ਸ਼ੈਡ ਵੀ ਵੱਡਾ ਕੀਤਾ ਜਾਣਾ ਚਾਹੀਦਾ ਹੈ| ਉਹਨਾਂ ਕਿਹਾ ਕਿ ਉਹਨਾਂ ਨੇ ਕਮਿਸ਼ਨਰ ਨੂੰ ਲਿਖੇ ਪੱਤਰ ਵਿੱਚ ਸਪਸ਼ਟ ਤੌਰ ਤੇ ਇਹ ਗੱਲ ਆਖੀ ਹੈ ਕਿ ਇਹ ਗੇਟ ਤੁਰੰਤ ਖੁਲਵਾਇਆ ਜਾਵੇ ਵਰਨਾ  ਉਹ ਸ਼ਹਿਰ ਵਾਸੀਆਂ ਨੂੰ ਨਾਲ ਲੈ ਕੇ ਖੁਦ ਹੀ ਇਹ ਗੇਟ ਖੋਲ੍ਹ ਦੇਣਗੇ|
ਸੰਪਰਕ ਕਰਨ ਤੇ ਨਗਰ ਨਿਗਮ ਦੀ ਜਾਇੰਟ ਕਮਿਸ਼ਨਰ ਸ੍ਰੀਮਤੀ ਅਵਨੀਤ ਕੌਰ ਨੇ ਕਿਹਾ ਕਿ ਇਹ ਮਾਮਲਾ ਸਾਮ੍ਹਣੇ ਆਉਣ ਤੇ ਉਹਨਾਂ ਨੇ ਸਬੰਧਿਤ ਕਰਮਚਾਰੀਆਂ ਨੂੰ ਹਿਦਾਇਤ ਕੀਤੀ ਹੈ ਕਿ ਗੇਟ ਖੋਲ੍ਹ ਦਿੱਤਾ ਜਾਵੇ ਤਾਂ ਜੋ ਲੋਕਾਂ ਨੂੰ ਪ੍ਰੇਸ਼ਾਨੀ ਨਾ  ਹੋਵੇ|

Leave a Reply

Your email address will not be published. Required fields are marked *