ਨਿਗਮ ਅਧੀਨ ਆਉਂਦੇ ਪਿੰਡਾਂ ਵਿੱਚ ਨਕਸ਼ਾ ਪਾਸ ਕਰਵਾਏ ਬਿਨਾਂ ਹੋਈਆਂ ਉਸਾਰੀਆਂ ਢਾਹੁਣ ਦੀ ਤਿਆਰੀ

ਭੁਪਿੰਦਰ ਸਿੰਘ
ਐਸ ਏ ਐਸ ਨਗਰ, 27 ਮਾਰਚ

ਨਗਰ ਨਿਗਮ ਐਸ ਏ ਐਸ ਨਗਰ ਵਲੋਂ ਆਪਣੀ ਹੱਦ ਵਿੱਚ ਪੈਂਦੇ ਪਿੰਡਾਂ ਮਟੌਰ, ਸੋਹਾਣਾ, ਕੁੰਭੜਾ, ਮੁਹਾਲੀ ਅਤੇ ਸ਼ਾਹੀ ਮਾਜਰਾ ਵਿੱਚ ਨਿਗਮ ਵਲੋਂ ਪ੍ਰਵਾਨਿਤ ਨਕਸ਼ੇ ਤੋਂ ਬਿਨਾ ਹੋਈਆਂ ਉਸਾਰੀਆਂ (ਮਕਾਨ) ਢਾਹੁਣ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਇਸ ਸੰਬੰਧੀ ਨਗਰ ਨਿਗਮ ਦੇ ਟਾਊਨ ਪਲਾਨਿੰਗ ਵਿੰਗ ਵਲੋਂ ਇਹਨਾਂ ਪਿੰਡਾਂ ਦੀਆਂ 70 ਦੇ ਕਰੀਬ ਅਜਿਹੀਆਂ ਉਸਾਰੀਆਂ ਦੀ ਸੂਚੀ ਵੀ ਤਿਆਰ ਕੀਤੀ ਜਾ ਚੁੱਕੀ ਹੈ ਜਿਹਨਾਂ ਨੂੰ ਨਿਗਮ ਵਲੋਂ ਢਾਹਿਆ ਜਾਣਾ ਹੈ| ਇਸ ਸੰਬੰਧੀ ਨਗਰ ਨਿਗਮ ਵਲੋਂ ਕੀਤੀ ਜਾਣ ਵਾਲੀ ਕਾਰਵਾਈ ਦੌਰਾਨ ਕਿਸੇ ਕਿਸਮ ਦੀ ਰੁਕਾਵਟ ਆਉਣ ਤੋਂ ਰੋਕਣ ਲਈ ਜਿੱਥੇ ਜਿਲ੍ਹੇ ਦੇ ਐਸ ਐਸ ਪੀ ਤੋਂ ਲੋੜੀਂਦੀ ਪੁਲੀਸ ਫੋਰਸ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਜਿਲ੍ਹਾ ਪ੍ਰਸ਼ਾਸ਼ਨ ਕੋਲ ਵੀ ਪਹੁੰਚ ਕੀਤੀ ਜਾ ਰਹੀ ਹੈ ਕਿ ਇਸ ਕਾਰਵਾਈ ਦੌਰਾਨ ਕਾਰਜਕਾਰੀ ਮੈਜਿਸਟ੍ਰੈਟ ਦੀ ਤੈਨਾਤੀ ਕੀਤੀ ਜਾਵੇ| ਨਿਗਮ ਦੇ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜੇਕਰ ਨਿਗਮ ਨੂੰ ਕਾਰਵਾਈ ਵਾਸਤੇ ਫੋਰਸ ਉਪਬਲਧ ਹੋ ਗਈ ਤਾਂ 9 ਅਪ੍ਰੈਲ ਤੋਂ ਪਿੰਡਾਂ ਵਿੱਚਲੀਆਂ ਇਹਨਾਂ ਉਸਾਰੀਆਂ (ਮਕਾਨਾਂ) ਨੂੰ ਢਾਹੁਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ| ਹਾਲਾਂਕਿ ਨਗਰ ਨਿਗਮ ਵਲੋਂ ਇਹ ਪੂਰੀ ਕਾਰਵਾਈ ਚੁਪ ਚੁਪੀਤੇ ਕੀਤੀ ਜਾ ਰਹੀ ਹੈ ਪਰੰਤੂ ਇਸਦੀ ਭਿਣਕ ਪਿੰਡਾਂ ਦੇ ਵਸਨੀਕਾਂ ਨੂੰ ਲੱਗ ਗਈ ਹੈ ਅਤੇ ਨਿਗਮ ਦੀ ਇਸ ਪ੍ਰਸਤਾਵਿਤ ਕਾਰਵਾਈ ਦੇ ਖਿਲਾਫ ਪਿੰਡ ਵਾਸੀ ਲਾਮਬੰਦ ਹੋਣ ਲੱਗ ਪਏ ਹਨ| ਪਿੰਡਾਂ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਹਾਲਤ ਵਿੱਚ ਢਾਹ ਢੁਹਾਈ ਦੀ ਇਹ ਕਾਰਵਾਈ ਨਹੀਂ ਹੋਣ ਦੇਣਗੇ|
ਇੱਥੇ ਜਿਕਰਯੋਗ ਹੈ ਕਿ ਨਗਰ ਨਿਗਮ ਵਲੋਂ ਨਿਗਮ ਦੇ ਹੋਂਦ ਵਿੱਚ ਆਉਣ (2014) ਤੋਂ ਬਾਅਦ ਤੋਂ ਹੀ ਨਿਗਮ ਵਿੱਚ ਸ਼ਾਮਿਲ ਪਿੰਡਾਂ ਵਿੱਚ ਬਿਨਾ ਨਕਸ਼ਾ ਪਾਸ ਕਰਵਾਏ ਕੀਤੀਆਂ ਜਾਣ ਵਾਲੀਆਂ ਉਸਾਰੀਆਂ ਨੂੰ ਮਿਊਂਸਪਲ ਐਕਟ ਦੀ ਧਾਰਾ 270 ਅਧੀਨ ਨੋਟਿਸ ਜਾਰੀ ਕਰਕੇ ਬਿਨਾ ਨਕਸ਼ਾ ਪਾਸ ਕਰਵਾਏ ਕੀਤੀਆਂ ਜਾ ਰਹੀਆਂ ਉਸਾਰੀਆਂ ਰੋਕਣ ਲਈ ਕਿਹਾ ਗਿਆ ਸੀ ਪਰੰਤੂ ਇਹਨਾਂ ਮਕਾਨਾਂ ਦੇ ਮਾਲਕਾਂ ਵਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਤੇ ਬਾਅਦ ਵਿੱਚ ਨਿਗਮ ਵਲੋਂ ਇਹਨਾਂ ਉਸਾਰੀਆਂ ਦੇ ਮਾਲਕਾਂ ਨੂੰ ਧਾਰਾ269 ਤਹਿਤ ਖੁਦ ਇਹਨਾਂ ਉਸਾਰੀਆਂ ਨੂੰ ਢਾਹ ਦੇਣ ਦੀ ਹਿਦਾਇਤ ਦਿੰਦਿਆਂ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਨਿਗਮ ਵਲੋਂ ਕਾਰਵਾਈ ਕਰਕੇ ਇਹਨਾਂ ਉਸਾਰੀਆਂ ਨੂੰ ਢਾਹੁਣ ਦਾ ਨੋਟਿਸ ਜਾਰੀ ਕੀਤਾ ਗਿਆ ਸੀ|
ਇਸ ਸੰਬੰਧੀ ਨਿਗਮ ਵਲੋਂ ਪਿੰਡਾਂ ਦੇ ਵਸਨੀਕਾਂ ਨੂੰ ਨੋਟਿਸ ਜਾਰੀ ਹੋਣ ਤੇ ਪਿੰਡਾਂ ਦੇ ਵਸਨੀਕਾਂ ਵਲੋਂ ਨਿਗਮ ਵਲੋਂ ਪਿੰਡਾਂ ਵਿੱਚ ਉਸਾਰੀ ਕਰਨ ਲਗਾਈ ਗਈ ਨਕਸ਼ਾ ਪਾਸ ਕਰਵਾਉਣ ਦੀ ਸ਼ਰਤ ਦੇ ਖਿਲਾਫ ਸੰਘਰਸ਼ ਛੇੜ ਦਿੱਤਾ ਗਿਆ ਸੀ ਅਤੇ ਪੇਂਡੂ ਸੰਘਰਸ਼ ਕਮੇਟੀ ਵਲੋਂ ਕਮੇਟੀ ਦੇ ਪ੍ਰਧਾਨ ਸ੍ਰ. ਪਰਮਦੀਪ ਸਿੰਘ ਬੈਦਵਾਨ ਦੀ ਅਗਵਾਈ ਵਿੱਚ ਪਿੰਡਾਂ ਦੇ ਵਸਨੀਕਾਂ ਵਲੋਂ ਨਗਰ ਨਿਗਮ ਦੇ ਦਫਤਰ ਦੇ ਬਾਹਰ ਧਰਨਾ ਲਗਾ ਦਿੱਤਾ ਗਿਆ ਸੀ| ਉਸ ਵੇਲੇ ਸ਼ਹਿਰ ਵਿੱਚ ਚੁਣੇ ਹੋਏ ਕੌਂਸਲਰਾਂ ਦੀ ਅਣਹੋਂਦ ਵਿੱਚ ਸਾਰਾ ਕੰਮ ਅਫਸਰਸ਼ਾਹੀ ਹੀ ਦੇਖਦੀ ਸੀ| ਇਸ ਧਰਨੇ ਦੌਰਾਨ ਹਲਕਾ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਅਤੇ ਉਸ ਵੇਲੇ ਦੀ ਜਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਵਲੋਂ ਪਿੰਡਾਂ ਦੇ ਵਸਨੀਕਾਂ ਨੂੰ ਨਿਗਮ ਵਲੋਂ ਕੋਈ ਕਾਰਵਾਈ ਨਾ ਕਰਨ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਪਿੰਡਾਂ ਦੇ ਵਸਨੀਕਾਂ ਨੇ ਇਹ ਸੰਘਰਸ਼ ਖਤਮ ਕਰ ਦਿੱਤਾ ਸੀ|
ਪਰੰਤੂ ਹੁਣ ਬਿੱਲੀ ਇੱਕ ਵਾਰ ਫਿਰ ਥੈਲੀ ਤੋਂ ਬਾਹਰ ਆ ਗਈ ਹੈ ਅਤੇ ਨਗਰ ਨਿਗਮ ਵਲੋਂ ਇਸ ਸੰਬੰਧੀ ਕਾਰਵਾਈ ਆਰੰਭੇ ਜਾਣ ਕਾਰਨ ਪਿੰਡਾਂ ਦੇ ਵਸਨੀਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ| ਇਸ ਸੰਬੰਧੀ ਇਹਨਾਂ ਪਿੰਡਾਂ ਦੇ ਵਸਨੀਕਾਂ ਵਲੋਂ ਮਿਉਂਸਪਲ ਕੌਂਸਲਰ ਸ੍ਰ. ਹਰਪਾਲ ਸਿੰਘ ਚੰਨਾ ਦੀ ਅਗਵਾਈ ਵਿੱਚ ਕੀਤੀ ਗਈ ਇੱਕ ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਇਹਨਾਂ ਪਿੰਡਾਂ ਵਿਚ ਨਕਸ਼ੇ ਮੁਤਾਬਕ ਨਾ ਬਣੇ ਹੋਏ ਘਰਾਂ ਨੂੰ ਕਿਸੇ ਵੀ ਹਾਲਤ ਵਿਚ ਪ੍ਰਸ਼ਾਸਨ ਨੂੰ ਢਾਹੁਣ ਨਹੀਂ ਦਿਤਾ ਜਾਵੇਗਾ| ਸ੍ਰ. ਚੰਨਾ ਨੇ ਦੱਸਿਆ ਕਿ ਨਗਰ ਨਿਗਮ ਮੁਹਾਲੀ ਵਲੋਂ ਮਟੌਰ, ਸੋਹਾਣਾ, ਕੁੰਭੜਾ, ਮੁਹਾਲੀ, ਸ਼ਾਹੀ ਮਾਜਰਾ ਪਿੰਡਾਂ ਵਿਚ ਨਕਸ਼ੇ ਅਨੁਸਾਰ ਨਾ ਬਣੇ ਘਰਾਂ ਨੂੰ ਢਾਹੁਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ਨੂੰ ਇਹਨਾਂ ਪਿੰਡਾਂ ਦੇ ਵਸਨੀਕ ਕਦੇ ਵੀ ਪੂਰਾ ਨਹੀਂ ਹੋਣ ਦੇਣਗੇ| ਉਹਨਾਂ ਕਿਹਾ ਕਿ ਇਹ ਪਿੰਡ ਸਦੀਆਂ ਪੁਰਾਣੇ ਵਸੇ ਹੋਏ ਹਨ| ਇਹਨਾਂ ਪਿੰਡਾਂ ਵਿੱਚ ਕੁੱਝ ਗਲੀਆਂ ਤਾਂ ਸਿਰਫ 4-5 ਫੁੱਟ ਹੀ ਚੌੜੀਆਂ ਹਨ, ਜਿਸ ਕਾਰਨ ਇਹਨਾਂ ਗਲੀਆਂ ਵਿੱਚ ਬਣੇ ਮਕਾਨਾਂ ਨੂੰ ਨਕਸ਼ੇ ਅਨੁਸਾਰ ਬਣਾਉਣਾ ਬਹੁਤ ਹੀ ਮੁਸਕਿਲ ਹੈ| ਉਹਨਾਂ ਕਿਹਾ ਕਿ ਸਾਲ 1984 ਵਿਚ ਗਮਾਡਾ ਵਲੋਂ ਇਹਨਾਂ ਪਿੰਡਾਂ ਦੀ ਜਮੀਨ ਕੌਡੀਆਂ ਦੇ ਭਾਅ ਅਕਵਾਇਰ ਕਰ ਲਈ ਗਈ ਸੀ ਅਤੇ ਹੁਣ ਇਹਨਾਂ ਪਿੰਡਾਂ ਵਿੱਚ ਬਣੇ ਮਕਾਨਾਂ ਨੂੰ ਨਕਸ਼ੇ ਅਨੁਸਾਰ ਨਾ ਬਣੇ ਹੋਣ ਦਾ ਬਹਾਨਾ ਬਣਾ ਕੇ ਤੋੜਣ ਦੀ ਯੋਜਨਾ ਬਣਾਈ ਜਾ ਰਹੀ ਹੈ ਜਿਸਨੂੰ ਪਿੰਡਾਂ ਦੇ ਵਸਨੀਕ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਣਗੇ| ਉਹਨਾਂ ਕਿਹਾ ਕਿ ਗਮਾਡਾ ਅਤੇ ਨਗਰ ਨਿਗਮ ਵਲੋਂ ਇਹਨਾਂ ਪਿੰਡਾਂ ਵਿੱਚ ਲੋੜੀਂਦੀਆਂ ਬੁਨਿਆਦੀ ਸੁਵਿਧਾਵਾਂ ਤਕ ਮੁਹਈਆ ਨਹੀਂ ਕਰਵਾਈਆਂ ਜਾਂਦੀਆਂ ਅਤੇ ਇਹਨਾਂ ਪਿੰਡਾਂ ਦੇ ਵਸਨੀਕਾਂ ਨੂੰ ਮੁਹਾਲੀ ਦੇ ਪਾਰਕਾਂ ਵਿਚ ਆਉਣ ਜਾਣ ਤੋਂ ਰੋਕਣ ਲਈ ਬਣੇ ਰਸਤੇ ਵੀ ਬੰਦ ਕਰ ਦਿਤੇ ਗਏ ਹਨ| ਹੁਣ ਇਹਨਾਂ ਪਿੰਡਾਂ ਨੂੰ ਸਿਰੇ ਤੋਂ ਉਜਾੜਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ| ਇਸ ਮੌਕੇ ਪਿੰਡਾਂ ਦੇ ਵਸਨੀਕਾਂ ਜੰਗ ਬਹਾਦਰ, ਪ੍ਰੇਮ ਲਤਾ, ਪੂਨਮ ਕੌਸਿਕ, ਹਰਸ਼ ਗੁਪਤਾ, ਪਵਨ ਕੁਮਾਰ ਗੁਪਤਾ ਅਤੇ ਹੋਰਨਾਂ ਨੇ ਕਿਹਾ ਕਿ ਉਹਨਾਂ ਵਲੋਂ ਆਪਣੇ ਮਕਾਨਾਂ ਦੇ ਨਕਸ਼ਿਆਂ ਦੀ ਬਣਦੀ ਫੀਸ ਵੀ ਨਿਗਮ ਵਿੱਚ ਜਮ੍ਹਾਂ ਕਰਵਾਈ ਜਾ ਚੁੱਕੀ ਹੈ ਪਰੰਤੂ ਪਿੰਡਾਂ ਦੇ ਜਮੀਨੀ ਹਾਲਾਤ ਅਜਿਹੇ ਹਨ ਕਿ ਉੱਥੇ ਨਗਮ ਵਲੋਂ ਪਾਸ ਕੀਤੇ ਨਕਸ਼ਿਆਂ ਅਨੁਸਾਰ ਮਕਾਨ ਬਣਾਉਣੇ ਸੰਭਵ ਨਹੀਂ ਹਨ|
ਇਸ ਸੰਬੰਧੀ ਸੰਪਰਕ ਕਰਨ ਤੇ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ. ਸੰਦੀਪ ਹੰਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਨਿਗਮ ਵੱਲੋਂ ਪਿੰਡਾਂ ਵਿੱਚ ਨਕਸ਼ਾ ਪਾਸ ਕੀਤੇ ਬਿਨਾ ਕੀਤੀਆਂ ਗਈਆਂ ਉਸਾਰੀਆਂ ਢਾਹੁਣ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ | ਉਹਨਾਂ ਦੱਸਿਆ ਕਿ ਨਿਗਮ ਦੇ ਟਾਉਨ ਪਲਾਨਿੰਗ ਵਿੰਗ ਦੀ ਰਿਪੋਰਟ ਅਨੁਸਾਰ ਇਸ ਸੰਬੰਧੀ ਕਾਰਵਾਈ ਕੀਤੀ ਜਾਣੀ ਹੈ ਅਤੇ ਇਸ ਸੰਬੰਧੀ ਪੁਲੀਸ ਅਤੇ ਪ੍ਰਸ਼ਾਸ਼ਨ ਤੋਂ ਫੋਰਸ ਅਤੇ ਮੈਜਿਸਟ੍ਰੇਟ ਦੀ ਤੈਨਾਤੀ ਕਰਨ ਦੀ ਮੰਗ ਕੀਤੀ ਗਈ ਹੈ| ਉਹਨਾਂ ਦੱਸਿਆ ਕਿ ਨਿਗਮ ਅਧੀਨ ਆਉਂਦੇ ਪਿੰਡਾਂ ਵਿੱਚ ਅਜਿਹੀਆਂ ਸਾਰੀਆਂ ਉਸਾਰੀਆਂ (ਜਿਹੜੀਆਂ ਨਕਸ਼ਾ ਪਾਸ ਕੀਤੇ ਬਿਨਾ ਹੋਈਆਂ ਹਨ) ਦੇ ਖਿਲਾਫ 9 ਅਪ੍ਰੈਲ ਤੋਂ ਕਾਰਵਾਈ ਆਰਭ ਕੀਤੀ ਜਾਵੇਗੀ|

Leave a Reply

Your email address will not be published. Required fields are marked *