ਨਿਗਮ ਚੋਣਾਂ: ਕਾਂਗਰਸ ਪਾਰਟੀ ਦੇ ਚਾਹਵਾਨ ਉਮੀਦਵਾਰਾਂ ਵਲੋਂ ਅੰਦਰਖਾਤੇ ਸਰਗਰਮੀਆਂ ਤੇਜ ਬਾਕੀ ਪਾਰਟੀਆਂ ਦੇ ਉਮੀਦਵਾਰ ਕਰ ਰਹੇ ਹਨ ਵਾਰਡਬੰਦੀ ਦੇ ਸਾਮ੍ਹਣੇ ਆਉਣ ਦੀ ਉਡੀਕ ਭੁਪਿੰਦਰ ਸਿੰਘ ਐਸ ਏ ਐਸ ਨਗਰ, 12 ਅਕਤੂਬਰ

ਨਗਰ ਨਿਗਮ ਚੋਣਾਂ ਨੂੰ ਲੈ ਕੇ ਮੈਦਾਨ ਭਖਣਾ ਸ਼ੁਰੂ ਹੋ ਗਿਆ ਹੈ| ਇਸ ਸੰਬੰਧੀ ਜਿੱਥੇ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਚੋਣ ਲੜਣ ਦੀ ਤਿਆਰੀ ਕੀਤੀ ਜਾ ਰਹੀ ਹੈ ਉੱਥੇ ਵਾਰਡਬੰਦੀ ਦਾ ਭੰਬਲਭੂਸਾ ਕਾਇਮ ਹੋਣ ਕਾਰਨ ਜਿਆਦਾਤਰ ਉਮੀਦਵਾਰ ਵਾਰਡਬੰਦੀ ਦੇ ਸਾਮ੍ਹਣੇ ਆਉਣ ਦੀ ਉਡੀਕ ਕਰ ਰਹੇ ਹਨ| ਦੂਜੇ ਪਾਸੇ ਕਾਂਗਰਸ ਪਾਰਟੀ ਦੀ ਟਿਕਟ ਤੋਂ ਚੋਣ ਲੜਣ ਦੇ ਚਾਹਵਾਨ ਉਮੀਦਵਾਰਾਂ ਵਲੋਂ ਅੰਦਰਖਾਤੇ ਆਪੋ ਆਪਣੇ ਪ੍ਰਸਤਾਵਿਤ ਵਾਰਡਾਂ ਵਿੱਚ ਸਰਗਰਮੀਆਂ ਤੇਜ ਕਰ ਦਿੱਤੀਆਂ ਗਈਆਂ ਹਨ| 
ਕਾਂਗਰਸ ਪਾਰਟੀ ਦੀ ਟਿਕਟ ਤੇ ਚੋਣ ਲੜਣ ਦੇ ਚਾਹਵਾਨਾਂ ਕੋਲ ਉਹਨਾਂ ਦੇ ਵਾਰਡਾਂ ਦਾ ਖਾਕਾ ਵੀ ਮੌਜੂਦ ਹੈ ਅਤੇ ਉਹਨਾਂ ਵਲੋਂ ਆਪੋ ਆਪਣੇ ਪ੍ਰਸਤਾਵਿਤ ਵਾਰਡਾਂ ਅਧੀਨ ਆਉਣ ਵਾਲੇ ਖੇਤਰਾਂ ਵਿੱਚ ਵਸਨੀਕਾਂ ਨਾਲ ਸੰਪਰਕ ਕਾਇਮ ਕਰਨਾ ਸ਼ੁਰੂ ਕੀਤਾ ਜਾ ਚੁੱਕਿਆ ਹੈ| ਇਸਦੇ ਨਾਲ ਨਾਲ ਇਹਨਾਂ ਉਮੀਦਵਾਰਾਂ ਵਲੋਂ ਆਪੋ ਆਪਣੇ ਪ੍ਰਸਤਾਵਿਤ ਵਾਰਡਾਂ ਵਿੱਚ ਨਗਰ ਨਿਗਮ ਵਲੋਂ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਵਿੱਚ ਪੂਰੀ ਦਿਲਚਸਪੀ ਲਈ ਜਾ ਰਹੀ ਹੈ ਅਤੇ ਅਤੇ ਆਪਣੇ ਸਮਰਥਕਾਂ ਦਾ ਇਕੱਠ ਕਰਕੇ ਇਹਨਾਂ ਵਿਕਾਸ ਕਾਰਜਾਂ ਦੇ ਉਦਘਾਟਨ ਤਕ ਕੀਤੇ ਜਾ ਰਹੇ ਹਨ|
ਨਗਰ ਨਿਗਮ ਦੀ ਵਾਰਡਬੰਦੀ ਬਾਰੇ ਇਹ ਚਰਚਾ ਆਮ ਹੈ ਕਿ ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਵਲੋਂ ਨਗਰ ਨਿਗਮ ਦੀ ਨਵੀਂ ਵਾਰਡਬੰਦੀ ਦਾ ਜਿਹੜਾ ਖਾਕਾ ਤਿਆਰ ਕੀਤਾ ਗਿਆ ਹੈ ਉਸਦੇ ਅਨੁਸਾਰ ਹੀ ਵਾਰਡਬੰਦੀ ਦਾ ਅਮਲ ਮੁਕੰਮਲ ਹੋਣਾ ਹੈ ਅਤੇ ਸ੍ਰ. ਸਿੱਧੂ ਵਲੋਂ ਜਿਹੜੇ ਨਵੇਂ ਉਮੀਦਵਾਰਾਂ ਨੂੰ ਚੋਣ ਲੜਾਉਣ ਦਾ ਮਨ ਬਣਾਇਆ ਗਿਆ ਹੈ ਉਹਨਾਂ ਨੂੰ ਉਹਨਾਂ ਦੇ ਸੰਬੰਧਿਤ ਵਾਰਡਾਂ ਦੀ ਹੱਦਬੰਦੀ ਤੋਂ ਵੀ ਜਾਣੂ ਕਰਵਾ ਦਿੱਤਾ ਗਿਆ ਹੈ ਤਾਂ ਜੋ ਇਹਨਾਂ ਉਮੀਦਵਾਰਾਂ ਨੂੰ ਚੋਣ ਅਮਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਪਣੇ ਵੋਟਰਾਂ ਨਾਲ ਸੰਪਰਕ ਕਾਹਿਮ ਕਰਨ ਦਾ ਮੌਕਾ ਮਿਲ ਜਾਵੇ ਅਤੇ ਇਸੇ ਦਾ ਨਤੀਜਾ ਹੈ ਕਿ ਵੱਖ ਵੱਖ ਖੇਤਰਾਂ ਵਿੱਚ ਅਜਿਹੇ ਕਈ ਕਾਂਗਰਸੀ ਆਗੂ ਸਰਗਰਮ ਨਜਰ ਆ ਰਹੇ ਹਨ ਜਿਹਨਾਂ ਵਲੋਂ ਖੁਦ ਨੂੰ ਨਗਰ ਨਿਗਮ ਦੀ ਹੋਣ ਵਾਲੀ ਚੋਣ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਲੜੇ ਜਾਣ ਦੀ ਗੱਲ ਕਹਿ ਕੇ ਵੋਟਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ| ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਦੇ ਕੋਰੋਨਾ ਪੀੜਿਤ ਹੋ ਜਾਣ ਤੋਂ ਬਾਅਦ ਵਾਰਡਬੰਦੀ ਦਾ ਅਮਲ ਥੋੜ੍ਹਾ ਹੋਰ ਲਮਕਣ ਦੀ ਗੱਲ ਵੀ ਆਖੀ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਅਗਲੇ ਕੁੱਝ ਦਿਨਾਂ ਤਕ (ਜਦੋਂ ਤਕ ਸ੍ਰ. ਸਿੱਧੂ ਠੀਕ ਨਹੀਂ ਹੋ ਜਾਂਦੇ) ਇਸ ਸੰਬੰਧੀ ਕਾਰਵਾਈ ਅੱਗੇ ਵਧਣ ਦੀ ਕੋਈ ਸੰਭਾਵਨਾ ਨਹੀਂ ਹੈ| 
ਜੇਕਰ ਬਾਕੀ ਪਾਰਟੀਆਂ ਵਲੋਂ ਚੋਣ ਲੜਣ ਦੇ ਚਾਹਵਾਨ ਉਮੀਦਵਾਰਾਂ ਬਾਰੇ ਗੱਲ ਕੀਤੀ ਜਾਵੇ ਤਾਂ ਉਹ ਵਾਰਡਬੰਦੀ ਦੇ ਸਾਮ੍ਹਣੇ ਆਉਣ ਦੀ ਉਡੀਕ ਕਰ ਰਹੇ ਹਨ| ਇਸ ਵਾਰ ਅਕਾਲੀ ਦਲ ਅਤੇ ਭਾਜਪਾ ਵਲੋਂ ਵੱਖੋ ਵੱਖਰੇ ਤੌਰ ਤੇ ਚੋਣ ਲੜਣ ਦਾ ਐਲਾਨ ਕੀਤੇ ਜਾਣ ਕਾਰਨ ਨਿਗਮ ਚੋਣਾਂ ਲੜਣ ਵਾਲੇ ਉਮੀਦਵਾਰਾਂ ਦੀ ਗਿਣਤੀ ਵੀ ਕਾਫੀ ਵੱਧ ਜਾਣੀ ਹੈ| ਅਕਾਲੀ ਦਲ ਅਤੇ ਭਾਜਪਾ ਤੋਂ ਇਲਾਵਾ ਆਮ ਆਦਮੀ ਪਾਰਟੀ ਵਲੋਂ ਵੀ 50 ਸੀਟਾਂ ਤੇ ਉਮੀਦਵਾਰ ਖੜ੍ਹਾਉਣ ਦਾ ਐਲਾਨ ਕੀਤਾ ਜਾ ਚੁੱਕਿਆ ਹੈ ਜਦੋਂਕਿ ਅਕਾਲੀ ਦਲ ਟਕਸਾਲੀ, ਅਕਾਲੀ ਦਲ ਡੈਮੋਕ੍ਰੇਟਿਕ ਅਤੇ ਬਹੁਜਨ ਸਮਾਜ ਪਾਰਟੀ ਵਿਚਾਲੇ ਆਪਣੀ ਗਠਜੋੜ ਕਰਕੇ ਉਮੀਦਵਾਰ ਖੜ੍ਹਾਉਣ ਦੀ ਚਰਚਾ ਵੀ ਚਲ ਰਹੀ ਹੈ| ਇਸਤੋਂ ਇਲਾਵਾ ਆਜਾਦ ਉਮੀਦਵਾਰਾਂ ਨੇ ਵੀ ਆਪਣੀ ਕਿਸਮਤ ਅਜਮਾਉਣੀ ਹੈ| 
ਕਾਂਗਰਸ ਦੀ ਟਿਕਟ ਤੇ ਚੋਣ ਲੜਣ ਦੇ ਚਾਹਵਾਨ ਉਮੀਦਵਾਰਾਂ ਵਲੋਂ ਅੰਦਰਖਾਤੇ ਚੋਣ ਸਰਗਰਮੀਆਂ ਤੇਜ ਕੀਤੇ ਜਾਣ ਦੇ ਬਾਵਜੂਦ ਇਹ ਸਰਗਰਮੀਆਂ ਜੋਰ ਨਹੀਂ ਫੜ ਪਾ ਰਹੀਆਂ ਹਨ ਅਤੇ ਜਦੋਂ ਤਕ ਵਾਰਡਬੰਦੀ ਦਾ ਖਾਕਾ ਸਾਮ੍ਹਣੇ ਨਹੀਂ ਆਏਗਾ ਇਹਨਾਂ ਸਰਗਰਮੀਆਂ ਦੇ ਤੇਜ ਹੋਣ ਦੀ ਸੰਭਾਵਨਾ ਘੱਟ ਹੀ ਹੈ|

ਇਸ ਹਫਤੇ ਵਿੱਚ ਤਿਆਰ ਹੋ ਸਕਦਾ ਹੈ ਵਾਰਡਬੰਦੀ ਦਾ ਖਾਕਾ

ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਕਮਲ ਕੁਮਾਰ ਦਾ ਕਹਿਣਾ ਹੈ ਕਿ ਨਗਰ ਨਿਗਮ ਵਲੋਂ ਵਾਰਡਬੰਦੀ ਦਾ ਕੰਮ ਕਰਨ ਲਈ ਆਬਾਦੀ ਦਾ ਜਿਹੜਾ ਸਰਵੇ ਕਰਵਾਇਆ ਗਿਆ ਹੈ ਉਸ ਵਿੱਚ ਕਰਮਚਾਰੀਆਂ ਵਲੋਂ ਵੱਡੀ ਗਿਣਤੀ ਮਕਾਨਾਂ ਤੇ ਤਾਲਾ ਲੱਗਾ ਹੋਣ ਦੀ ਗੱਲ ਦਰਸਾਈ ਗਈ ਹੈ ਅਤੇ ਇਹਨਾਂ ਤਮਾਮ ਮਕਾਨਾਂ ਦੇ ਵਸਨੀਕਾਂ ਦੀ ਜਾਂਣਕਾਰੀ ਹਾਸਿਲ ਕਰਨ ਲਈ ਕਰਮਚਾਰੀਆਂ ਨੂੰ ਮੁੜ ਕੰਮ ਤੇ ਲਗਾਇਆ ਗਿਆ ਹੈ ਜਿਹੜਾ ਦੋ ਦਿਨਾਂ ਵਿੱਚ ਮੁਕੰਮਲ ਹੋਣ ਦੀ ਆਸ ਹੈ| 
ਉਹਨਾਂ ਕਿਹਾ ਕਿ ਇਸਤੋਂ ਬਾਅਦ ਸਰਵੇ ਦੇ ਅੰਕੜਿਆਂ ਅਨੁਸਾਰ ਵਾਰਡਬੰਦੀ ਦਾ ਖਾਕਾ ਤਿਆਰ ਕਰ ਦਿੱਤਾ ਜਾਵੇਗਾ| ਉਹਨਾਂ ਕਿਹਾ ਕਿ ਇਸ ਹਫਤੇ ਵਿੱਚ ਵਾਰਡਬੰਦੀ ਦਾ ਖਾਕਾ ਤਿਆਰ ਹੋਣ ਦੀ ਸੰਭਾਵਨਾ ਹੈ ਅਤੇ ਜੇਕਰ ਕੋਈ ਅੜਚਣ ਨਾ ਆਈ ਤਾਂ ਵਾਰਡਬੰਦੀ ਦਾ ਖਾਕਾ ਤਿਆਰ ਕਰਕੇ ਵਾਰਡਬੰਦੀ ਬੋਰਡ ਦੀ ਮੀਟਿੰਗ ਵਿੱਚ ਪੇਸ਼ ਕਰ ਦਿੱਤਾ ਜਾਵੇਗਾ|

Leave a Reply

Your email address will not be published. Required fields are marked *