ਨਿਗਮ ਚੋਣਾਂ ਤੋਂ ਪਹਿਲਾਂ ਵਾਰਡ ਨੰਬਰ 37 ਦੀ ਭਾਜਪਾ ਦੀ ਉਮੀਦਵਾਰ ਦੇ ਪਤੀ ਵਲੋਂ ਫਾਹਾ ਲਗਾ ਕੇ ਖ਼ੁਦਕੁਸ਼ੀ
ਐਸ ਏ ਐਸ ਨਗਰ, 10 ਫ਼ਰਵਰੀ (ਸ.ਬ.) ਨਗਰ ਨਿਗਮ ਚੋਣਾਂ ਤੋਂ ਐਨ ਪਹਿਲਾਂ ਵਾਰਡ ਨੰਬਰ 37 (ਪਿੰਡ ਮਟੌਰ) ਵਿੱਚੋਂ ਭਾਜਪਾ ਦੀ ਟਿਕਟ ਤੇ ਚੋਣ ਲੜ ਰਹੀ ਉਮੀਦਵਾਰ ਮੁੰਨੀ ਦੇਵੀ ਦੇ ਪਤੀ ਸੋਮਪਾਲ (ਉਮਰ 42 ਸਾਲ) ਵਲੋਂ ਫਾਹਾ ਲਗਾ ਕੇ ਖ਼ੁਦਕੁਸ਼ੀ ਕਰਨ ਨਾਲ ਸਿਆਸਤ ਗਰਮੀ ਫੜ ਗਈ ਹੈ। ਮੁੰਨੀ ਦੇਵੀ ਦਾ ਇਲਜਾਮ ਹੈ ਕਿ ਉਸਦੇ ਪਤੀ ਤੇ ਪਿਛਲੇ ਕਈ ਦਿਨਾਂ ਤੋਂ ਦਬਾਓ ਪਾਇਆ ਜਾ ਰਿਹਾ ਸੀ ਕਿ ਉਹ ਆਪਣੀ ਪਤਨੀ ਦੇ ਉਮੀਦਵਾਰੀ ਦੇ ਕਾਗਜ ਵਾਪਸ ਲੈ ਲਵੇ ਅਤੇ ਇਸ ਕਾਰਨ ਉਸਦਾ ਪਤੀ ਬਹੁਤ ਪਰੇਸ਼ਾਨ ਸੀ। ਖ਼ੁਦਕੁਸ਼ੀ ਸਬੰਧੀ ਮੁੰਨੀ ਦੇਵੀ ਵਲੋਂ ਆਪਣੇ ਮਕਾਨ ਮਾਲਕ ਅਤੇ ਇਕ ਉਮੀਦਵਾਰ ਦਾ ਨਾਮ ਪੁਲੀਸ ਨੂੰ ਦੱਸਿਆ ਗਿਆ ਹੈ।
ਮ੍ਰਿਤਕ ਦੇ ਸਾਲੇ ਬਜਿੰਦਰ ਮੋਨੂੰ ਅਨੁਸਾਰ ਬੀਤੇ ਕੱਲ ਵੀ ਉਸਦੇ ਜੀਜੇ ਨਾਲ ਵਿਰੋਧੀਆਂ ਵਲੋਂ ਦੁਰਵਿਵਹਾਰ ਕੀਤਾ ਗਿਆ ਸੀ। ਮੋਨੂੰ ਅਨੁਸਾਰ ਬੀਤੀ ਸ਼ਾਮ ਪੰਜ ਵਜੇ ਦੇ ਕਰੀਬ ਉਸਦੇ ਜੀਜੇ ਸੋਮਪਾਲ ਨੇ ਉਸਨੂੰ ਫੋਨ ਕਰਕੇ ਦੱਸਿਆ ਸੀ ਉਸਨੂੰ ਕੁੱਝ ਵਿਅਕਤੀਆਂ ਵਲੋਂ ਬੁਰੀ ਤਰ੍ਹਾਂ ਕੁੱਟਮਾਰ ਕਰਨ ਤੋਂ ਬਾਅਦ ਵਾਈ ਪੀ ਐਸ ਚੌਂਕ ਨੇੜੇ ਸੁੱਟ ਦਿੱਤਾ ਗਿਆ ਹੈ ਅਤੇ ਉਹ ਸੋਮਪਾਲ ਨੂੰ ਉੱਥੋਂ ਲੈ ਕੇ ਆਇਆ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਸੋਮਪਾਲ ਬਿਜਲੀ ਬੋਰਡ ਵਿਚ ਨੌਕਰੀ ਕਰਦਾ ਸੀ ਅਤੇ ਉਸ ਵਲੋਂ ਬਿਜਲੀ ਬੋਰਡ ਦੇ ਦਫ਼ਤਰ ਵਿਚ ਹੀ ਫਾਹਾ ਲਗਾ ਕੇ ਖ਼ੁਦਕੁਸ਼ੀ ਕੀਤੀ ਗਈ ਹੈ। ਇਸ ਦੌਰਾਨ ਪੁਲੀਸ ਸਟੇਸ਼ਨ ਵਿੱਚ ਵੱਡੀ ਗਿਣਤੀ ਵਿੱਚ ਭਾਜਪਾ ਆਗੂ ਅਤੇ ਵਰਕਰ ਵੀ ਪਹੁੰਚੇ ਅਤੇ ਮੰਗ ਕੀਤੀ ਕਿ ਇਸ ਸੰਬੰਧੀ ਪੁਲੀਸ ਵਲੋਂ ਬਣਦਾ ਮਾਮਲਾ ਦਰਜ ਕੀਤਾ ਜਾਵੇ। ਭਾਜਪਾ ਆਗੂਆਂ ਨੇ ਕਿਹਾ ਕਿ ਜਿੰਨੀ ਦੇਰ ਦੋਸ਼ੀਆਂ ਤੇ ਮਾਮਲਾ ਦਰਜ ਨਹੀਂ ਕੀਤਾ ਜਾਂਦਾ ਮ੍ਰਿਤਕ ਦਾ ਸਸਕਾਰ ਨਹੀਂ ਕੀਤਾ ਜਾਵੇਗਾ।
ਸੰਪਰਕ ਕਰਨ ਤੇ ਥਾਣਾ ਫੇਜ਼ 1 ਦੇ ਐਸ ਐਚ ਓ ਸz. ਸ਼ਿਵਦੀਪ ਸਿੰਘ ਬਰਾੜ ਨੇ ਕਿਹਾ ਕਿ ਪੁਲੀਸ ਵਲੋਂ ਇਸ ਮਾਮਲੇ ਵਿੱਚ ਸੀ ਆਰ ਪੀ ਸੀ ਦੀ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ ਅਤੇ ਮ੍ਰਿਤਕ ਦੇਹ ਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਪੁਲੀਸ ਵਲੋਂ ਮ੍ਰਿਤਕ ਦੀ ਪਤਨੀ ਦੀ ਸ਼ਿਕਾਇਤ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੌਰਾਨ ਮਿਲੀ ਜਾਣਕਾਰੀ ਦੇ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ।