ਨਿਗਮ ਚੋਣਾਂ : ਵਾਰਡਬੰਦੀ ਬੋਰਡ ਦਾ ਫੈਸਲਾ, ਖਰੜਾ ਤਿਆਰ ਕਰਕੇ ਅਗਲੀ ਮੀਟਿੰਗ ਵਿੱਚ ਪੇਸ਼ ਕਰਨ ਨਿਗਮ ਕਮਿਸ਼ਨਰ

 
 ਨਿਗਮ ਚੋਣਾਂ : ਵਾਰਡਬੰਦੀ ਬੋਰਡ ਦਾ ਫੈਸਲਾ, ਖਰੜਾ ਤਿਆਰ ਕਰਕੇ ਅਗਲੀ ਮੀਟਿੰਗ ਵਿੱਚ ਪੇਸ਼ ਕਰਨ ਨਿਗਮ ਕਮਿਸ਼ਨਰ
8 ਸਤੰਬਰ ਨੂੰ ਹੋਵੇਗੀ ਵਾਰਡਬੰਦੀ ਬੋਰਡ ਦੀ ਅਗਲੀ ਮੀਟਿੰਗ
ਭੁਪਿੰਦਰ ਸਿੰਘ
ਐਸ ਏ ਐਸ ਨਗਰ, 1 ਸੰਤੰਬਰ
ਨਗਰ ਨਿਗਮ ਐਸ ਏ ਐਸ ਨਗਰ ਦੀ ਵਾਰਡਬੰਦੀ ਲਈ ਪੰਜਾਬ ਸਰਕਾਰ ਦੇ ਸਥਾਨਕ ਸਰਕਾਰ ਵਿਭਾਗ ਵਲੋਂ ਬਣਾਏ ਗਏ ਵਾਰਡਬੰਦੀ ਬੋਰਡ ਦੀ ਅੱਜ ਹੋਈ ਪਹਿਲੀ ਮੀਟਿੰਗ ਦੌਰਾਨ ਨਗਰ ਨਿਗਮ ਐਸ ਏ ਐਸ ਨਗਰ ਨੂੰ ਕਿਹਾ ਗਿਆ ਹੈ ਕਿ ਉਹ ਇਸ ਸੰਬੰਧੀ ਤੈਅ ਨਿਯਮਾਂ ਅਨੁਸਾਰ ਵਾਰਡਬੰਦੀ ਦੀ ਰੂਪਰੇਖਾ ਤਿਆਰ ਕਰਕੇ ਵਾਰਡਬੰਦੀ ਬੋਰਡ ਦੀ ਅਗਲੀ ਮੀਟਿੰਗ ਵਿੱਚ ਖਰੜਾ ਪੇਸ਼ ਕਰਨ ਤਾਂ ਜੋ ਐਸ ਏ ਐਸ ਨਗਰ ਦੀ ਵਾਰਡਬੰਦੀ ਬਾਰੇ ਕਾਰਵਾਈ ਨੂੰ ਅੱਗੇ ਤੋਰਿਆ ਜਾ  ਸਕੇ| ਇਸ ਸੰਬੰਧੀ ਵਾਰਡਬੰਦੀ ਬੋਰਡ ਦੀ ਅਗਲੀ ਮੀਟਿੰਗ 8 ਸਤੰਬਰ ਨੂੰ ਤੈਅ ਕੀਤੀ ਗਈ ਹੈ| 
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ ਦੇ ਸੈਕਟਰ 35 ਵਿੱਚ ਮਿਉਂਸਪਲ ਭਵਨ ਵਿੱਚ ਬਾਅਦ ਦੁਪਹਿਰ 3 ਵਜੇ ਹੋਈ ਇਸ ਮੀਟਿੰਗ ਦੌਰਾਨ ਕੈਬਿਨਟ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਗੈਰ ਸਰਕਾਰੀ ਮੈਂਬਰਾਂ ਕੁਲਜੀਤ ਸਿੰਘ ਬੇਦੀ ਅਤੇ ਅਮਰਜੀਤ ਸਿੰਘ ਜੀਤੀ ਤੋਂ ਇਲਾਵਾ ਨਗਰ ਨਿਗਮ ਦੇ ਕਮਿਸ਼ਨਰ, ਜਾਇੰਟ ਕਮਿਸ਼ਨਰ, ਸਥਾਨਕ ਸਰਕਾਰ ਵਿਭਾਗ ਦੇ ਡਿਪਟੀ ਡਾਇਰੈਕਟਰ ਅਤੇ ਹੋਰ ਅਧਿਕਾਰੀ ਸ਼ਾਮਿਲ ਹੋਏ| ਇਸ ਮੌਕੇ ਅਧਿਕਾਰੀਆਂ ਵਲੋਂ ਬੋਰਡ ਨੂੰ ਵਾਰਡਬੰਦੀ ਪ੍ਰਕਿਆ ਦੇ ਅਮਲ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਇਸ ਸੰਬੰਧੀ ਵਿਚਾਰ ਵਟਾਂਦਰੇ ਤੋਂ ਬਾਅਦ ਫੈਸਲਾ ਕੀਤਾ ਗਿਆ ਕਿ ਨਗਰ ਨਿਗਮ ਦੇ ਕਮਿਸ਼ਨਰ ਦੀ ਅਗਵਾਈ ਵਿੱਚ ਤਕਨੀਕੀ ਸਟਾਫ ਅਤੇ ਸੰਬੰਧਿਤ  ਅਧਿਕਾਰੀਆਂ ਨਾਲ ਤਾਲਮੇਲ ਕਰਕੇ ਵਾਰਡਬੰਦੀ ਦੀ ਰੂਪਰੇਖਾ ਉਲੀਕੀ ਜਾਵੇ ਜਿਸਦਾ ਖਰੜਾ ਅਗਲੀ ਮੀਟਿੰਗ ਵਿੱਚ ਪੇਸ਼ ਕੀਤਾ ਜਾਵੇ ਤਾਂ ਜੋ ਇਹ ਪ੍ਰਕਿਆ ਅੱਗੇ ਵਧਾਈ ਜਾ ਸਕੇ| 
ਜਿਕਰਯੋਗ ਹੈ ਕਿ ਪਿਛਲੇ ਡੇਢ ਮਹੀਨੇ ਤੋਂ ਨਗਰ ਨਿਗਮ ਐਸ ਏ ਐਸ ਨਗਰ ਦੀ ਵਾਰਡਬੰਦੀ ਦੀ ਚਰਚਾ ਚਲ ਰਹੀ ਹੈ ਅਤੇ ਇਹ ਕੰਮ ਲਗਾਤਾਰ ਲਮਕਦਾ ਆ ਰਿਹਾ ਹੈ| ਇਸ ਸੰਬੰਧੀ ਇਹ ਵੀ ਚਰਚਾ ਹੈ ਕਿ ਹਲਕਾ ਵਿਧਾਇਕ ਅਤੇ ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਵਲੋਂ ਆਪਣੇ ਪੱਧਰ ਤੇ ਵਾਰਡਬੰਦੀ ਦਾ ਨਕਸ਼ਾ ਵੀ ਤਿਆਰ ਕੀਤਾ ਜਾ ਚੁੱਕਿਆ ਹੈ ਜਿਸ ਵਿੱਚ ਨਿਗਮ ਦੇ ਪਿਛਲੇ ਹਾਊਸ ਦੇ ਮੈਂਬਰ ਰਹੇ ਅਕਾਲੀ ਭਾਜਪਾ ਗਠਜੋੜ ਦੇ ਜਿਆਦਾਤਰ ਕੌਂਸਲਰਾਂ ਦੇ ਵਾਰਡਾਂ ਨਾਲ ਕਾਫੀ ਜਿਆਦਾ ਛੇੜਛਾੜ ਕੀਤੀ ਗਈ ਹੈ| 
ਇਸ ਸੰਬੰਧੀ ਕਾਰਵਾਈ ਦੀ ਸ਼ੁਰੂਆਤ 24 ਜਲਾਈ ਨੂੰ ਹੋਈ ਸੀ ਜਦੋਂ ਪੰਜਾਬ ਸਰਕਾਰ ਦੇ ਸਥਾਨਕ ਸਰਕਾਰ ਵਿਭਾਗ ਵਲੋਂ ਨਗਰ ਨਿਗਮ ਦੇ ਕਮਿਸ਼ਨਰ ਨੂੰ 30 ਜੁਲਾਈ ਤਕ ਵਾਰਡਬੰਦੀ ਮੁਕੰਮਲ ਕਰਕੇ ਸਥਾਨਕ ਸਰਕਾਰ ਵਿਭਾਗ ਦੇ ਦਫਤਰ ਵਿੱਚ ਜਮ੍ਹਾਂ ਕਰਵਾਉਣ ਸੰਬੰਧੀ ਪੱਤਰ ਜਾਰੀ ਕੀਤਾ ਗਿਆ ਸੀ| ਸਥਾਨਕ ਸਰਕਾਰ ਵਿਭਾਗ ਵਲੋਂ ਨਿਗਮ ਦੇ ਕਮਿਸ਼ਨਰ ਨੂੰ ਪੱਤਰ ਭੇਜੇ ਜਾਣ ਤੋਂ ਬਾਅਦ ਨਗਰ ਨਿਗਮ ਵਲੋਂ ਸਥਾਨਕ ਸਰਕਾਰ ਵਿਭਾਗ ਨੂੰ ਪੱਤਰ ਲਿਖ ਕੇ ਪੁੱਛਿਆ ਗਿਆ ਸੀ ਕਿ ਇਸ ਸੰਬੰਧੀ ਰੂਲਾਂ ਦੀ ਜਾਣਕਾਰੀ ਦਿੱਤੀ ਜਾਵੇ ਜਿਹਨਾਂ ਦੇ ਤਹਿਤ ਵਾਰਡਬੰਦੀ ਕੀਤੀ ਜਾਣੀ ਹੈ|
ਬਾਅਦ ਵਿੱਚ ਸਥਾਨਕ ਸਰਕਾਰ ਵਿਭਾਗ ਵਲੋਂ 31 ਜੁਲਾਈ ਨੂੰ ਨਗਰ ਨਿਗਮ ਐਸ ਏ ਐਸ ਨਗਰ ਦੀ ਵਾਰਡਬੰਦੀ ਦਾ ਕੰਮ ਮੁਕੰਮਲ ਕਰਨ ਲਈ ਵਾਰਡਬੰਦੀ ਬੋਰਡ ਦਾ ਗਠਨ ਕਰ ਦਿੱਤਾ ਗਿਆ ਜਿਸ ਵਿੱਚ ਸਥਾਨਕ ਸਰਕਾਰ ਵਿਭਾਗ ਦੇ ਡਾਇਰੈਕਟਰ ਤੋਂ ਇਲਾਵਾ ਜਿਲ੍ਹੇ ਦੇ ਡਿਪਟੀ ਕਮਿਸ਼ਨਰ (ਜਾਂ ਉਹਨਾਂ ਵਲੋਂ ਨਾਮਜਦ ਕੋਈ ਅਧਿਕਾਰੀ), ਨਗਰ ਨਿਗਮ ਦੇ ਕਮਿਸ਼ਨਰ, ਹਲਕਾ ਵਿਧਾਇਕ, ਸਥਾਨਕ ਸਰਕਾਰ ਵਿਭਾਗ ਦੇ ਡਿਪਟੀ ਡਾਇਰੈਕਟਰ ਅਰਬਨ, ਨਗਰ ਨਿਗਮ ਦੇ ਜਾਇੰਟ ਕਮਿਸ਼ਨਰ ਤੋਂ ਇਲਾਵਾ ਦੋ ਗੈਰ ਸਰਕਾਰੀ ਮੈਂਬਰਾਂ ਵਜੋਂ ਸ੍ਰ. ਕੁਲਜੀਤ ਸਿੰਘ ਬੇਦੀ ਅਤੇ ਅਮਰਜੀਤ ਸਿੰਘ ਸਿੱਧੂ  ਨੂੰ ਵੀ ਮੈਂਬਰ ਬਣਾਇਆ ਗਿਆ ਸੀ| 
ਵਾਰਡਬੰਦੀ ਬੋਰਡ ਦੀ ਅੱਜ ਹੋਈ ਮੀਟਿੰਗ ਵਿੱਚ ਵੀ ਕੁੱਝ ਖਾਸ ਨਹੀਂ ਹੋਇਆ ਹੈ ਅਤੇ ਇਸਨੂੰ ਅਗਲੇ ਹਡਫਤੇ ਹੋਣ ਵਾਲੀ ਮੀਟਿੰਗ ਤੇ ਪਾ ਦਿੱਤਾ ਗਿਆ ਹੈ ਜਿਸ ਨਾਲ ਲੱਗਦਾ ਹੈ ਕਿ ਨਗਰ ਨਿਗਮ ਦੀ ਵਾਰਡਬੰਦੀ ਵਿੱਚ ਹੁਣੇ ਹੋਰ ਸਮਾਂ ਲੱਗਣਾ ਹੈ ਅਤੇ ਉਸਤੋਂ ਬਾਅਦ ਹੀ ਚੋਣ ਲੜਣ ਦੇ ਚਾਹਵਾਲ ਉਮੀਦਵਾਰਾਂ ਨੂੰ ਆਪੋ ਆਪਣ ਵਾਰਡਾਂ ਬਾਰੇ ਜਾਣਕਾਰੀ ਹਾਸਿਲ ਹੋਣੀ ਹੈ|

Leave a Reply

Your email address will not be published. Required fields are marked *