ਨਿਗਮ ਚੋਣਾਂ ਵਿੱਚ ਉੱਚੇ-ਸੁੱਚੇ ਕਿਰਦਾਰ ਵਾਲੇ ਆਜ਼ਾਦ ਉਮੀਦਵਾਰਾਂ ਦਾ ਸਾਥ ਦੇਵਾਂਗੇ : ਕੈ. ਤਜਿੰਦਰਪਾਲ ਸਿੰਘ ਸਿੱਧੂ
ਐਸ. ਏ. ਐਸ. ਨਗਰ, 18 ਜਨਵਰੀ (ਸ. ਬ.) ਸ਼੍ਰੋਮਣੀ ਅਕਾਲੀ ਦਲ (ਡੇਮੋਕ੍ਰੇਟਿਕ) ਵੱਲੋਂ ਪਾਰਟੀ ਪੱਧਰ ਉੱਤੇ ਚੋਣਾਂ ਨਾ ਲੜਣ ਦਾ ਫੈਸਲਾ ਲੈਂਦਿਆਂ, ਲੋਕ ਸੇਵਾ ਦੀ ਭਾਵਨਾ ਰੱਖਣ ਵਾਲੇ ਉੱਚੇ-ਸੁੱਚੇ ਕਿਰਦਾਰ ਵਾਲੇ ਉਮੀਦਵਾਰਾਂ ਦਾ ਸਾਥ ਦੇਣ ਦਾ ਫੈਸਲਾ ਲਿਆ ਗਿਆ ਹੈ, ਬਸ਼ਰਤੇ ਇਹ ਉਮੀਦਵਾਰ ਭਾਜਪਾ, ਬਾਦਲ ਦਲ ਜਾਂ ਕਾਂਗਰਸ ਨਾਲ ਸੰਬੰਧ ਨਾ ਰੱਖਦੇ ਹੋਣ ਕਿਓਂਕਿ ਇਹ ਤਿੰਨੋ ਪਾਰਟੀਆਂ ਲੋਕਾਂ ਵਲੋਂ ਐਲਾਨੀਆਂ ਪੰਜਾਬ ਵਿਰੋਧੀ ਅਤੇ ਸਵਾਰਥੀ ਸੋਚ ਲੈ ਕੇ ਚੱਲਣ ਵਾਲੀਆਂ ਪਾਰਟੀਆਂ ਸਿੱਧ ਕੀਤੀਆਂ ਜਾ ਚੁੱਕੀਆਂ ਹਨ।
ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਸੀਨੀਅਰ ਲੀਡਰ ਕੈਪਟਨ ਤਜਿੰਦਰਪਾਲ ਸਿੰਘ ਸਿੱਧੂ ਨੇ ਕਿਹਾ ਕੇ ਅੱਜ ਪੰਜਾਬ ਜਿਨ੍ਹਾਂ ਹਾਲਾਤਾਂ ਵਿਚੋਂ ਗੁਜ਼ਰ ਰਿਹਾ ਹੈ, ਉਸ ਲਈ ਇਹ ਤਿੰਨੇ ਪਾਰਟੀਆਂ ਜਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਇਸ ਵੇਲੇ ਜਦੋਂ ਪੰਜਾਬ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਹੈ ਤਾਂ ਉਸ ਵੇਲੇ ਮਿਉਂਸਪਲ ਚੋਣਾਂ ਕਰਵਾਉਣ ਦਾ ਮੁੱਖ ਮਕਸਦ ਕਿਰਸਾਨੀ ਸੰਗਰਸ਼ ਨੂੰ ਕਮਜ਼ੋਰ ਕਰਨਾ ਹੈ ਜੋ ਕਿ ਇਨ੍ਹਾਂ ਪਾਰਟੀਆਂ ਦੀ ਸੋਚ ਨੂੰ ਉਜਾਗਰ ਕਰਦਾ ਹੈ।