ਨਿਗਮ ਚੋਣਾਂ ਵਿੱਚ ਪੰਜਾਬ ਸਰਕਾਰ ਦੀ ਸ਼ਹਿ ਤੇ ਗੁੰਡਾਗਰਦੀ ਕਰ ਰਹੀ ਹੈ ਪੁਲੀਸ : ਸੁਖਬੀਰ ਬਾਦਲ

ਅੰਮ੍ਰਿਤਸਰ, 6 ਫਰਵਰੀ (ਸ.ਬ.) ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੁਲੀਸ ਪ੍ਰਸ਼ਾਸਨ ਪੰਜਾਬ ਸਰਕਾਰ ਦੀ ਸ਼ਹਿ ਤੇ ਨਗਰ-ਨਿਗਮ ਚੋਣਾਂ ਦੌਰਾਨ ਵਿਰੋਧੀ ਧਿਰਾਂ ਨਾਲ ਗੁੰਡਾਗਰਦੀ ਕਰ ਰਹੀ ਹੈ ਅਤੇ ਕਿਸੇ ਨਾ ਕਿਸੇ ਬਹਾਨੇ ਚੋਣ ਵਿੱਚ ਖੜ੍ਹੇ ਉਮੀਦਵਾਰਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੇਕਰ ਨਗਰ-ਨਿਗਮ ਦੀ ਚੋਣ ਸਬੰਧੀ ਵਿਰੋਧੀ ਧਿਰਾਂ ਦੇ ਉਮੀਦਵਾਰਾਂ ਦੇ ਕਾਗਜ ਹੀ ਨਹੀਂ ਭਰਨ ਦੇਣੇ ਸਨ ਤਾਂ ਉਹ ਆਪਣੇ ਉਮੀਦਵਾਰਾਂ ਨੂੰ ਸਿੱਧਾ ਹੀ ਨਾਮਜਦ ਕਰ ਦਿੰਦੇ। ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਾਲੇ ਖੇਤੀ ਕਾਨੂੰਨਾਂ ਸਬੰਧੀ ਆਪਣੀ ਜਿੱਦ ਛੱਡ ਕੇ ਜਨਤਾ ਦੀ ਆਵਾਜ਼ ਸੁਨਣੀ ਚਾਹੀਦੀ ਹੈ। ਉਹ ਇੱਥੇ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਆਏ ਸਨ। ਇਸ ਮੌਕੇ ਉਹਨਾਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਜੀ ਦੇ ਇਤਿਹਾਸਕ ਅਸਥਾਨ ਤੇ ਪਰਿਵਾਰ ਦੀ ਸੁੱਖ ਸ਼ਾਂਤੀ ਲਈ ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਪਵਾਏ ਗਏ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਵਰਕਰਾਂ ਤੇ ਭਿੱਖੀਵਿੰਡ ਦੀ ਪੁਲੀਸ ਨੇ ਹੀ ਹਮਲਾ ਕਰਵਾਇਆ। ਉਨ੍ਹਾਂ ਮੰਗ ਕੀਤੀ ਕਿ ਅਕਾਲੀ ਵਰਕਰਾਂ, ਆਗੂਆਂ ਤੇ ਦੂਸਰੀਆਂ ਵਿਰੋਧੀ ਧਿਰਾਂ ਤੇ ਹਮਲੇ ਕਰਵਾਉਣ ਵਾਲੇ ਅਫ਼ਸਰਾਂ ਤੇ ਪਰਚੇ ਦਰਜ ਕੀਤੇ ਜਾਣ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਅਕਾਲੀ ਦਲ ਨੂੰ ਉਨ੍ਹਾਂ ਸੀਟਾਂ ਤੇ ਉਮੀਦਵਾਰਾਂ ਨੂੰ ਕਾਗਜ਼ ਹੀ ਨਹੀਂ ਭਰਨ ਦਿੱਤੇ ਜੋ ਉਹ ਜਿੱਤਣ ਦੇ ਦਾਅਵੇਦਾਰ ਸਨ। ਉਹਨਾਂ ਕਿਹਾ ਕਿ ਪਾਰਟੀ ਦਾ ਕੋਈ ਆਗੂ ਜੇਕਰ ਇਨਸਾਫ਼ ਲੈਣ ਲਈ ਪੁਲੀਸ ਕੋਲ ਜਾਂਦਾ ਹੈ ਤਾਂ ਉਸ ਤੇ ਹਮਲਾ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਇਕ ਅਫ਼ਸਰ ਗੁੰਡਾਗਰਦੀ ਨਹੀਂ ਕਰ ਸਕਦਾ, ਜੇਕਰ ਆਮ ਆਦਮੀ ਨੂੰ ਸਜ਼ਾ ਹੋ ਸਕਦੀ ਹੈ ਤਾਂ ਹਮਲਾਵਰ ਅਫ਼ਸਰਾਂ ਨੂੰ ਵੀ ਡਿਸਮਿਸ ਕਰਕੇ ਉਨ੍ਹਾਂ ਤੇ ਪਰਚੇ ਦਰਜ ਕੀਤੇ ਜਾਣੇ ਚਾਹੀਦੇ ਹਨ।

ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨਾਂ ਨਾਲ ਹਮਦਰਦੀ ਹੈ ਤਾਂ ਉਹ ਆਪਣੇ ਫਾਰਮ ਹਾਊਸ ਵਿੱਚੋਂ ਬਾਹਰ ਨਿਕਲ ਕੇ ਦਿੱਲੀ ਜਾ ਕੇ ਕਿਸਾਨਾਂ ਨਾਲ ਬੈਠਣ ਅਤੇ ਕੇਂਦਰ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਜਿਨ੍ਹਾਂ ਕਿਸਾਨਾਂ ਦੇ ਬੱਚਿਆਂ ਤੇ ਪਰਚੇ ਦਰਜ ਕਰਕੇ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ ਜਾਂ ਜੋ ਲਾਪਤਾ ਹਨ ਉਨ੍ਹਾਂ ਨੂੰ ਰਿਹਾਅ ਕਰਵਾ ਕੇ ਮਾਪਿਆਂ ਤੱਕ ਪਹੁੰਚਾਉਣ।

Leave a Reply

Your email address will not be published. Required fields are marked *