ਨਿਗਮ ਚੋਣ ਲੜ ਰਹੇ ਉਮੀਦਵਾਰਾਂ ਵਿੱਚ ਲੱਗ ਰਹੀ ਹੈ ਵੱਖ ਵੱਖ ਕੰਮਾਂ ਦਾ ਸਿਹਰਾ ਲੈਣ ਦੀ ਹੋੜ


ਐਸ ਏ ਐਸ ਨਗਰ, 11 ਦਸੰਬਰ (ਸ.ਬ.) ਨਗਰ ਨਿਗਮ ਮੁਹਾਲੀ ਦੀ ਚੋਣ ਲੜ ਰਹੇ ਵੱਖ ਵੱਖ ਉਮੀਦਵਾਰਾਂ ਵਲੋਂ ਹੁਣ ਪ੍ਰਸ਼ਾਸਨ ਵਲੋਂ ਕਰਵਾਏ ਜਾ ਰਹੇ ਵਿਕਾਸ ਕੰਮਾਂ ਅਤੇ ਹੋਰਨਾਂ ਕੰਮਾਂ ਦਾ ਸਿਹਰਾ ਲੈਣ ਦੀ ਹੋੜ ਲੱਗ ਗਈ ਹੈ ਅਤੇ ਉਹ ਹਰ ਛੋਟੇ ਵੱਡੇ ਕੰਮ ਦਾ ਸਿਹਰਾ ਲੈਣ ਲਈ ਤਰਲੋਮੱਛੀ ਹੋਏ ਨਜਰ ਆਉਂਦੇ ਹਨ| 
ਬੀਤੇ  ਦਿਨੀਂ ਸੈਕਟਰ 68 ਵਿੱਚ ਰਸੋਈ ਗੈਸ ਪਾਈਪ ਲਾਈਨ ਪਾਉਣ ਵਾਲੀ ਕੰਪਨੀ ਵਲੋਂ ਕੀਤੀ ਜਾਣ ਵਾਲੀ ਖੁਦਾਈ ਦੌਰਾਨ ਇਸ ਖੇਤਰ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਵਾਲੀ ਪਾਈਪ ਨੁਕਸਾਨੀ ਗਈ ਸੀ ਅਤੇ ਸੈਕਟਰ 68 ਦੇ ਵਸਨੀਕਾਂ ਨੂੰ ਪੀਣ ਵਾਲੇ ਪਾਣੀ ਦੀ ਘਾਟ ਦੀ ਸਮੱਸਿਆ ਪੇਸ਼ ਆਈ ਅਤੇ ਚੋਣ ਲੜਣ ਵਾਲੇ ਉਮੀਦਵਾਰਾਂ ਵਲੋਂ ਇਸ ਪਾਈਪ ਲਾਈਨ ਨੂੰ ਠੀਕ ਕਰਵਾਉਣ ਦਾ ਕ੍ਰੈਡਿਟ ਲੈਣ ਦੀ ਹੋੜ ਲੱਗ ਗਈ| 
ਸੈਕਟਰ 68 ਦਾ ਇਹ ਖੇਤਰ ਵਾਰਡ ਨੰਬਰ 27 ਵਿੱਚ ਪੈਂਦਾ ਹੈ ਅਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਪਤਾ ਲੱਗਣ ਤੇ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਵਿਚਾਲੇ ਕੰਮ ਕਰਵਾਉਣ ਦੀ ਹੋੜ ਲੱਗ ਗਈ| ਇੱਥੋਂ ਚੋਣ ਲੜਣ ਦੀ ਚਾਹਵਾਨ ਸਾਬਕਾ ਕੌਂਸਲਰ ਬੌਬੀ ਕੰਬੋਜ ਦੀ ਪਤਨੀ ਅਤੇ ਮਾਤਾ ਸਤਵੰਤ ਕੌਰ ਮੈਮੋਰੀਅਲ ਫਾਊਂਡੇਸਨ ਦੀ ਪ੍ਰਧਾਨ ਸ੍ਰੀਮਤੀ ਪਵਨਜੋਤ ਕੌਰ ਵਲੋਂ ਤੁਰਤ ਫੁਰਤ ਵਿੱਚ ਸੰਬੰਧਿਤ ਜੇ ਈ ਨਾਲ ਗੱਲ ਕੀਤੀ ਗਈ ਅਤੇ ਮੌਕੇ ਤੇ ਪਹੁੰਚ ਕੇ ਫੋਟੋਆਂ ਖਿਚਵਾ ਕੇ ਅਖਬਾਰਾਂ ਵਿੱਚ ਜਾਰੀ ਕੀਤੀਆਂ ਗਈਆਂ ਤਾਂ ਜੋ ਇਸ ਕੰਮ ਨੂੰ ਕਰਵਾਉਣ ਦਾ ਕ੍ਰੈਡਿਟ ਮਿਲ ਸਕੇ| 
ਇਸ ਸਬੰਧੀ ਸ੍ਰੀਮਤੀ ਪਵਨਜੋਤ ਕੌਰ ਦੀ ਖਬਰ ਛਪਣ ਦੀ ਦੇਰ ਸੀ ਕਿ ਇਸੇ ਵਾਰਡ ਤੋਂ ਚੋਣ ਲੜ ਰਹੀ ਕਾਂਗਰਸੀ ਉਮੀਦਵਾਰ ਸ੍ਰੀਮਤੀ ਪਰਵਿੰਦਰ ਕੌਰ ਅਤੇ ਉਹਨਾਂ ਦੇ ਪਤੀ ਕਾਂਗਰਸੀ ਆਗੂ ਸ੍ਰ. ਕੁਲਵਿੰਦਰ ਸਿੰਘ ਵੀ ਸਰਗਰਮ ਹੋ ਗਏ ਅਤੇ ਉਹਨਾਂ ਵਲੋਂ ਵੀ ਪਾਣੀ ਦੀ ਪਾਈਪ ਨੂੰ ਠੀਕ ਕਰਵਾਉਣ ਦੇ ਕੰਮ ਦਾ ਸਿਹਰਾ ਲੈਣ ਲਈ ਕਾਰਵਾਈ ਆਰੰਭ ਕਰ ਦਿੱਤੀ ਗਈ ਅਤੇ ਦਾਅਵਾ ਕੀਤਾ ਗਿਆ ਕਿ ਇਸ ਪਾਈਪ ਲਾਈਨ ਦੀ ਮੁਰੰਮਤ ਦਾ ਕੰਮ ਉਹਨਾਂ ਵਲੋਂ ਬਾਕਾਇਦਾ ਆਪਣੀ ਨਿਗਰਾਨੀ ਵਿੱਚ ਕਰਵਾਇਆ ਗਿਆ ਹੈ| 
ਇਸਤੋਂ ਪਹਿਲਾਂ ਵੀ ਵੱਖ ਵੱਖ ਵਾਰਡਾਂ ਵਿੱਚ ਚੋਣ ਲੜਣ ਦੇ ਚਾਹਵਾਨ ਉਮੀਦਵਾਰ ਦਰਖਤਾਂ ਦੀ ਛੰਗਾਈ ਕਰਵਾਉਂਦੇ ਜਾਂ ਸੜਕਾਂ ਦੀ ਉਸਾਰੀ ਦੇ ਕੰਮਾਂ ਦਾ ਸਿਹਰਾ ਲੈਣ ਲਈ ਵਿਕਾਸ ਕਾਰਜ ਆਰੰਭ ਕਰਨ ਮੌਕੇ ਫੋਟੋਆਂ ਖਿਚਵਾ ਕੇ ਭੇਜਦੇ ਹਨ ਤਾਂ ਜੋ ਲੋਕਾਂ ਨੂੰ ਇਹ ਲੱਗੇ ਕਿ ਉਹ ਵਿਕਾਸ ਕਾਰਜਾਂ ਪ੍ਰਤੀ ਵਚਨਬੱਧ ਹਨ ਪਰੰਤੂ ਅਸਲੀਅਤ ਇਹੀ ਹੈ ਕਿ ਇਹਨਾਂ ਉਮੀਦਵਾਰਾਂ ਵਿਚਲੀ ਇਸ ਆਪਸੀ ਹੋੜ ਕਾਰਨ ਅਕਸਰ ਹਾਸੋਹੀਣੇ ਹਾਲਾਤ ਬਣ ਜਾਂਦੇ ਹਨ| 
ਸ਼ਹਿਰ ਦੇ ਵਿਕਾਸ ਨਾਲ ਜੁੜੇ ਇਹ ਸਾਰੇ ਕੰਮ ਪ੍ਰਸ਼ਾਸਨ ਵਲੋਂ ਹੀ ਕੀਤੇ ਜਾਣੇ ਹੁੰਦੇ ਹਨ ਪਰੰਤੂ ਲੋਕਾਂ ਦੀ ਸੇਵਾ ਕਰਨ ਦਾ ਦਮ ਭਰਨ ਵਾਲੇ ਇਹਨਾਂ ਆਗੂਆਂ ਵਿੱਚ ਇਹਨਾਂ ਕੰਮਾਂ ਦਾ ਸਿਹਰਾ ਲੈਣ ਲਈ ਜਿਹੜੀ ਹੋੜ ਲੱਗਦੀ ਹੈ ਉਸ ਨਾਲ ਇਹ ਖੁਦ ਨੂੰ ਤਾਂ ਸੰਤੁਸ਼ਟ ਕਰ ਸਕਦੇ ਹਨ ਪਰੰਤੂ ਲੋਕ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਅਤੇ ਸਮਝਦੇ ਹਨ ਕਿ ਲੋੜ ਪੈਣ ਤੇ ਕਿਹੜਾ ਆਗੂ ਉਹਨਾਂ ਦੇ ਨਾਲ ਖੜ੍ਹਾ ਦਿਖਦਾ ਹੈ|

Leave a Reply

Your email address will not be published. Required fields are marked *