ਨਿਗਮ ਦੀ ਕੈਟਲ ਕੈਚਰ ਗੱਡੀ ਤੋਂ ਜਬਰੀ ਪਸ਼ੂ ਉਤਾਰਨ ਦੇ ਦੋਸ਼ ਹੇਠ ਪਿੰਡ ਕੁੰਭੜਾ ਦੇ ਤਿੰਨ ਵਿਅਕਤੀਆਂ ਵਿਰੁੱਧ ਮਾਮਲਾ ਦਰਜ

ਐਸ ਏ ਐਸ ਨਗਰ, 5 ਜਨਵਰੀ (ਸ.ਬ.) ਸ਼ਹਿਰ ਵਿੱਚ ਅਵਾਰਾ ਪਸ਼ੂਆਂ ਦੀ ਸਮੱਸਿਆ ਬਹੁਤ ਗੰਭੀਰ ਹੋ ਚੁੱਕੀ ਹੈ ਅਤੇ ਨਗਰ ਨਿਗਮ ਮੁਹਾਲੀ ਵਲੋਂ ਭਾਵੇਂ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਨਿਗਮ ਦੀ ਆਵਾਰਾ ਪਸ਼ੂ ਫੜਨ ਵਾਲੀ ਟੀਮ ਵਲੋਂ ਵੱਡੀ ਗਿਣਤੀ ਵਿੱਚ ਆਵਾਰਾ ਪਸ਼ੂ ਫੜੇ ਜਾਂਦੇ ਹਨ ਪਰੰਤੂ ਇਸਦੇ ਬਾਵਜੂਦ ਸ਼ਹਿਰ ਵਿੱਚ ਇਨ੍ਹਾਂ ਆਵਾਰਾ ਪਸ਼ੂਆਂ ਦੀ ਗਿਣਤੀ ਬਹੁਤ ਵੱਧਦੀ ਜਾ ਰਹੀ ਹੈ|
ਹਾਲਾਤ ਇਹ ਹਨ ਕਿ ਜੇ ਨਗਰ ਨਿਗਮ ਦੀ ਟੀਮ ਅਵਾਰਾ ਪਸ਼ੂਆਂ ਨੂੰ ਫੜਦੀ ਵੀ ਹੈ ਤਾਂ ਨੇੜਲੇ ਪਿੰਡਾਂ ਦੇ ਪਸ਼ੂ ਪਾਲਕ ਨਿਗਮ ਦੀ ਕੈਂਟਰ ਗੱਡੀ ਵਿੱਚੋਂ ਧੱਕੇ ਨਾਲ ਪਸ਼ੂ ਉਤਾਰ ਕੇ ਲੈ ਗਏ ਹਨ| ਅਜਿਹਾ ਹੀ ਇੱਕ ਮਾਮਲਾ ਕੱਲ ਵੀ ਵਾਪਰਿਆ ਹੈ ਜਦੋਂ ਪਿੰਡ ਕੁੰਭੜਾ ਦੇ ਕੁੱਝ ਵਸਨੀਕਾਂ ਨੇ ਨਿਗਮ ਦੀ ਕੈਟਲ ਕੈਚਰ ਗੱਡੀ ਤੋਂ ਆਵਾਰਾ ਜਬਰੀ ਉਤਾਰ ਲਏ| ਇਸ ਸੰਬੰਧੀ ਨਿਗਮ ਕਰਮਚਾਰੀਆਂ ਦੀ ਸ਼ਿਕਾਇਤ ਤੇ ਥਾਣਾ ਫੇਜ਼ 8 ਵਿੱਚ ਪਿੰਡ ਕੁੰਭੜਾ ਦੇ ਵਸਨੀਕਾਂ ਬਲਵਿੰਦਰ ਸਿੰਘ, ਅਮਨਦੀਪ ਸਿੰਘ ਅਤੇ ਰਘਬੀਰ ਸਿੰਘ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ|
ਇਸ ਸੰਬੰਧੀ ਨਗਰ ਨਿਗਮ ਦੇ ਜੇ ਈ ਸ੍ਰੀ ਧਰਮਿੰਦਰ ਨੇ ਥਾਣਾ ਫੇਜ਼ 8 ਵਿੱਚ ਸ਼ਿਕਾਇਤ ਦਿੱਤੀ ਸੀ ਕਿ ਉਹ ਐਸ ਡੀ ਓ ਸੁਖਵਿੰਦਰ ਸਿੰਘ ਅਤੇ ਨਿਗਮ ਮੁਲਾਜਮਾਂ ਸ਼ਮਸ਼ੇਰ ਸਿੰਘ, ਦਵਿੰਦਰ ਸਿੰਘ ਅਤੇ ਹੋਰਨਾਂ ਨਾਲ ਆਵਾਰਾ ਪਸ਼ੂ ਫੜਣ ਦੀ ਡਿਊਟੀ ਤੇ ਸੀ| ਇਸ ਟੀਮ ਨੇ ਫੇਜ਼ 9 ਵਿੱਚ ਇਕ ਆਵਾਰਾ ਗਊ ਨੂੰ ਫੜ ਕੇ ਕੈਂਟਰ ਗੱਡੀ ਵਿੱਚ ਚੜਾਇਆ ਅਤੇ ਅੱਗੇ ਤੁਰ ਪਏ| ਇਸ ਦੌਰਾਨ ਪਿਡ ਕੁੰਭੜਾ ਦੇ ਵਸਨੀਕ ਬਲਵਿੰਦਰ ਸਿੰਘ, ਅਮਨਦੀਪ ਸਿਘ ਤੇ ਰਘਬੀਰ ਸਿੰਘ ਆਏ ਅਤੇ ਨਿਗਮ ਟੀਮ ਵਲੋਂ ਫੜੇ ਗਏ ਪਸ਼ੂ ਧੱਕੇ ਨਾਲ ਛੁਡਵਾ ਕੇ ਲੈ ਗਏ| ਨਿਗਮ ਅਧਿਕਾਰੀਆਂ ਮੁਤਾਬਿਕ ਇਸ ਮੌਕੇ ਇਨ੍ਹਾਂ ਵਿਅਕਤੀਆਂ ਨੇ ਨਿਗਮ ਟੀਮ ਦੇ ਮੁਲਾਜਮਾਂ ਨਾਲ ਧੱਕਾਮੁੱਕੀ ਵੀ ਕੀਤੀ| ਨਗਰ ਨਿਗਮ ਦੇ ਜੇ ਈ ਧਰਮਿੰਦਰ ਸਿੰਘ ਦੀ ਸ਼ਿਕਾਇਤ ਤੇ ਪੁਲੀਸ ਨੇ ਪਿੰਡ ਕੁੰਭੜਾ ਦੇ ਇਹਨਾਂ ਵਸਨੀਕਾਂ ਖਿਲਾਫ ਆਈ ਪੀ ਸੀ ਦੀ ਧਾਰਾ 353,186 ਅਧੀਨ ਮਾਮਲਾ ਦਰਜ ਕੀਤਾ ਹੈ|
ਸੰਪਰਕ ਕਰਨ ਤੇ ਜਾਂਚ ਅਧਿਕਾਰੀ ਸ੍ਰ. ਅਮਰੀਕ ਸਿੰਘ ਨੇ ਦੱਸਿਆ ਕਿ ਪੁਲੀਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ| ਉਹਨਾਂ ਦੱਸਿਆ ਕਿ ਬਲਵਿੰਦਰ ਸਿੰਘ ਨਾਮ ਦਾ ਵਿਅਕਤੀ (ਜਿਸ ਉੱਪਰ ਗੱਡੀ ਤੋਂ ਜਬਰੀ ਪਸ਼ੂ ਲਾਹੁਣ ਦਾ ਇਲਜਾਮ ਹੈ) ਖੁਦ ਫੇਜ਼ 6 ਦੇ ਹਸਪਤਾਲ ਵਿੱਚ ਦਾਖਿਲ ਹੈ ਅਤੇ ਉਸਦਾ ਕਹਿਣਾ ਹੈ ਕਿ ਨਿਗਮ ਕਰਮਚਾਰੀਆਂ ਨੇ ਉਸ ਨਾਲ ਕੁੱਟਮਾਰ ਕੀਤੀ ਹੈ| ਉਹਨਾਂ ਦੱਸਿਆ ਕਿ ਪੁਲੀਸ ਵਲੋਂ ਬਲਵਿੰਦਰ ਸਿੰਘ ਦੇ ਵੀ ਬਿਆਨ ਦਰਜ ਕੀਤੇ ਗਏ ਹਨ ਅਤੇ ਪੁਲੀਸ ਵਲੋਂ ਮਾਮਲੇ ਦੀ ਜਾਂਚ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ|
ਇੱਥੇ ਇਹ ਜਿਕਰਯੋਗ ਹੈ ਕਿ ਨਿਗਮ ਕਰਮਚਾਰੀਆਂ ਨਾਲ ਕੁੱਟਮਾਰ ਕਰਨ ਅਤੇ ਨਿਗਮ ਦੀ ਗੱਡੀ ਤੋਂ ਜਬਰੀ ਜਾਨਵਰ ਲਾਹੁਣ ਦੀਆਂ ਘਟਨਾਵਾਂ ਪਹਿਲਾਂ ਵੀ ਵਾਪਰ ਚੁੱਕੀਆਂ ਹਨ| ਅਜਿਹੀ ਇੱਕ ਘਟਨਾ ਉਸ ਸਮੇਂ ਵੀ ਵਾਪਰੀ ਸੀ ਜਦੋਂ ਕੇਸਰ ਸਿੰਘ ਨਾਮ ਦਾ ਕਰਮਚਾਰੀ ਨਗਰ ਨਿਗਮ ਮੁਹਾਲੀ ਦੀ ਆਵਾਰਾ ਪਸ਼ੂ ਫੜਨ ਵਾਲੀ ਟੀਮ ਦਾ ਇੰਚਾਰਜ ਸੀ ਅਤੇ ਉਸ ਸਮੇਂ ਵੀ ਕੁੱਝ ਵਿਅਕਤੀਆਂ ਵਲੋਂ ਨਿਗਮ ਦੀ ਟੀਮ ਤੇ ਹਮਲਾ ਕਰਕੇ ਆਪਣੇ ਪਸ਼ੂ ਜਬਰੀ ਛੁੜਵਾ ਲਏ ਗਏ ਸੀ ਅਤੇ ਉਸ ਵੇਲੇ ਵੀ ਨਿਗਮ ਵਲੋਂ ਇਹਨਾਂ ਪਸ਼ੂਪਾਲਕਾਂ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਸੀ|

Leave a Reply

Your email address will not be published. Required fields are marked *