ਨਿਗਮ ਦੀ ਟੀਮ ਨੂੰ ਜਬਰੀ ਰੋਕਣ ਵਾਲੇ ਪਸ਼ੂ ਪਾਲਕਾਂ ਦੇ ਖਿਲਾਫ ਮਾਮਲਾ ਦਰਜ

ਐਸ.ਏ.ਐਸ.ਨਗਰ, 5 ਸਤੰਬਰ (ਸ.ਬ.) ਬੀਤੇ ਦਿਨੀਂ ਪਿੰਡ ਮਟੌਰ ਵਿੱਚ ਆਵਾਰਾ ਪਸ਼ੂ ਫੜ੍ਹਨ ਲਈ ਗਈ ਨਗਰ ਨਿਗਮ ਦੀ ਟੀਮ ਨੂੰ ਪਸ਼ੂ ਫੜ੍ਹਨ ਤੋਂ ਰੋਕਣ ਅਤੇ ਧਮਕੀਆਂ ਦੇਣ ਵਾਲੇ ਪਸ਼ੂ ਪਾਲਕਾਂ ਦੇ ਖਿਲਾਫ ਕਾਰਵਾਈ ਕਰਦਿਆਂ ਆਈ.ਪੀ.ਸੀ. ਦੀ ਧਾਰਾ 186,323,283,341,506 ਅਤੇ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਤੇ ਪਬਲਿਕ ਪ੍ਰਾਪਰਟੀ ਐਕਟ 1984 ਦੀ ਧਾਰਾ 3 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ|
ਇਸ ਮਾਮਲੇ ਵਿੱਚ ਨਗਰ ਨਿਗਮ ਵਲੋਂ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਬੀਤੇ 3 ਸਤੰਬਰ ਨੂੰ ਟੀਮ ਉੱਥੇ ਪਸ਼ੂਆਂ ਨੂੰ ਫੜ੍ਹਨ ਗਈ ਸੀ| ਇਸ ਦੌਰਾਨ ਉੱਥੇ ਪਹੁੰਚੇ ਪਸ਼ੂ ਪਾਲਕਾਂ ਵਲੋਂ ਆਵਾਰਾ ਪਸ਼ੂ ਫੜ ਰਹੀ ਨਗਰ ਨਿਗਮ ਦੀ ਲੇਬਰ ਤੋਂ ਰੱਸੇ ਖੋਹਣ ਦੀ ਕੋਸ਼ਿਸ਼ ਕੀਤੀ ਗਈ ਅਤੇ ਨਿਗਮ ਦੀ ਟੀਮ ਨਾਲ ਹੱਥੋਪਾਈ ਵੀ ਕੀਤੀ ਗਈ|
ਨਿਗਮ ਦੀ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਇਸ ਦੌਰਾਨ ਮੌਕੇ ਤੇ ਪਹੁੰਚੇ ਪਿੰਡ ਵਾਸੀਆਂ ਵਲੋਂ ਨਿਗਮ ਦੀ ਟੀਮ ਦਾ ਬਚਾਅ ਕੀਤਾ ਗਿਆ ਅਤੇ ਕਿਸੇ ਵਲੋਂ ਪੁਲੀਸ ਨੂੰ ਸੂਚਨਾ ਦੇਣ ਤੇ ਪੁਲੀਸ ਵੀ ਮੌਕੇ ਤੇ ਪਹੁੰਚ ਗਈ ਅਤੇ ਨਿਗਮ ਦੀ ਟੀਮ ਨੇ ਆਵਾਰਾ ਪਸ਼ੂ ਕਾਬੂ ਕਰ ਲਏ, ਪਰੰਤੂ ਜਦੋਂ ਨਿਗਮ ਦੀ ਟੀਮ ਵਾਪਸ ਜਾ ਰਹੀ ਸੀ ਤਾਂ ਇਹਨਾਂ ਵਿਅਕਤੀਆਂ ਵਲੋਂ ਉਸਦਾ ਪਿੱਛਾ ਕੀਤਾ ਗਿਆ|
ਇਸ ਸੰਬੰਧੀ ਮੁਹਾਲੀ ਪੁਲੀਸ ਵਲੋਂ ਦਲਵੀਰ ਸਿੰਘ, ਮਹਿੰਦਰ ਸਿੰਘ, ਗੁਰਮੀਤ ਸਿੰਘ, ਜੀਤਾ, ਅਵਤਾਰ ਸਿੰਘ,ਵਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਹਰਮੀਤ ਸਿੰਘ, ਕੁਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਹਰਦੀਪ ਸਿੰਘ (ਸਾਰੇ ਵਾਸੀ ਪਿੰਡ ਮਟੌਰ) ਦੇ ਖਿਲਾਫ ਮਾਮਲਾ ਦਰਜ ਕੀਤਾ ਹੈ| ਸੰਪਰਕ ਕਰਨ ਤੇ ਮੁਹਾਲੀ ਦੇ ਡੀ ਐਸ ਪੀ ਸ੍ਰ. ਗੁਰਸ਼ੇਰ ਸਿੰਘ ਨੇ ਦੱਸਿਆ ਕਿ ਪੁਲੀਸ ਵਲੋਂ ਪਸ਼ੂ ਪਾਲਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲੀਸ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ|
ਸੈਕਟਰ 71 ਵਿੱਚ ਆਵਾਰਾ ਜਾਨਵਰ ਫੜੇ
ਇਸ ਸੰਬਧੀ ਸੈਕਟਰ 71 ਦੇ ਸਾਬਕਾ ਕੌਂਸਲਰ ਸ੍ਰੀ ਅਮਰੀਕ ਸਿੰਘ ਸੋਮਲ ਨੇ ਦੱਸਿਆ ਕਿ ਪਸ਼ੂ ਫੜਨ ਵਾਲੀ ਟੀਮ ਵਲੋਂ ਆਵਾਰਾ ਪਸ਼ੂਆਂ ਨੂੰ ਫੜਨ ਦੀ ਕਾਰਵਾਈ ਤਹਿਤ ਅੱਜ 5 ਹੋਰ ਆਵਾਰਾ ਗਊਆਂ ਨੂੰ ਫੜਿਆ ਗਿਆ|

Leave a Reply

Your email address will not be published. Required fields are marked *