ਨਿਗਮ ਦੀ ਟੀਮ ਵਲੋਂ ਨਾਜਾਇਜ ਕਬਜੇ ਹਟਾਉਣ ਦੌਰਾਨ ਮਾਰਕੀਟ ਪ੍ਰਧਾਨ ਨਾਲ ਉਲਝੇ ਲੋਕ, ਪ੍ਰਧਾਨ ਨੇ ਪੁਲੀਸ ਨੂੰ ਦਿੱਤੀ ਮਾੜੀ ਸ਼ਬਦਾਵਲੀ ਵਰਤਣ ਦੀ ਸ਼ਿਕਾਇਤ, ਪੁਲੀਸ ਕਰ ਰਹੀ ਹੈ ਜਾਂਚ

ਐਸ ਏ ਐਸ ਨਗਰ, 6 ਮਾਰਚ (ਸ.ਬ.) ਸਥਾਨਕ ਫੇਜ਼ 3 ਬੀ 2 ਦੀ ਮਾਰਕੀਟ ਵਿੱਚ ਬੀਤੀ ਸ਼ਾਮ ਨਾਜਾਇਜ ਕਬਜੇ ਹਟਾਉਣ ਆਈ ਟੀਮ ਵਲੋਂ ਸਰਕਾਰੀ ਜਮੀਨ ਤੇ ਲੱਗ ਰਹੀਆਂ ਰੇਹੜੀਆਂ ਫੜੀਆਂ ਵਾਲਿਆਂ ਦਾ ਸਾਮਾਨ ਜਬਤ ਕਰਨ ਦੀ ਕਾਰਵਾਈ ਦੇ ਦੌਰਾਨ ਕੁੱਝ ਲੋਕਾਂ ਵਲੋਂ ਮਾਰਕੀਟ ਦੇ ਪ੍ਰਧਾਨ ਤੇ ਰੇਹੜੀ ਫੜੀ ਵਾਲਿਆਂ ਨਾਲ ਧੱਕੇਸ਼ਾਹੀ ਕਰਨ ਦੇ ਇਲਜਾਮ ਲਗਾਉਂਦਿਆਂ ਇਸ ਕਾਰਵਾਈ ਤੇ ਇਤਰਾਜ ਪ੍ਰਗਟਾਇਆ ਗਿਆ ਅਤੇ ਇਸ ਦੌਰਾਨ ਇਕੱਠੇ ਹੋਏ ਦੁਕਾਨਦਾਰਾਂ ਅਤੇ ਉਕਤ ਵਿਅਕਤੀਆਂ ਵਿੱਚ ਕੁੱਝ ਸਮਾਂ ਬਾਕਾਇਦਾ ਤਖਲਕਲਾਮੀ ਵੀ ਹੋਈ| ਇਹਨਾਂ ਲੋਕਾਂ ਦਾ ਕਹਿਣਾ ਸੀ ਕਿ ਉਹ ਸਾਰੇ ਇੱਥੇ ਆ ਕੇ ਬੈਠਦੇ ਹਨ ਅਤੇ ਪ੍ਰਧਾਨ ਵਲੋਂ ਨਿਗਮ ਦੀ ਟੀਮ ਨੂੰ ਕਹਿ ਕੇ ਇੱਥੋਂ ਕੁਰਸੀਆਂ ਚੁਕਵਾ ਦਿੱਤੀਆਂ ਗਈਆਂ ਹਨ ਜਦੋਂਕਿ ਅਜਿਹੇ ਕਬਜੇ ਪੂਰੀ ਮਾਰਕੀਟ ਵਿੱਚ ਹਨ ਜਦੋਂਕਿ ਪ੍ਰਧਾਨ ਅਤੇ ਹੋਰਨਾਂ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਨਿਗਮ ਦੀ ਟੀਮ ਵਲੋਂ ਪੂਰੀ ਮਾਰਕੀਟ ਦੇ ਕਬਜੇ ਦੂਰ ਕਰਵਾਏ ਜਾ ਰਹੇ ਹਨ ਅਤੇ ਇਸ ਥਾਂ ਤੇ ਚਾਹ ਵਾਲੇ ਕੋਲ ਲਗਾਈਆਂ ਕੁਰਸੀਆਂ ਤੇ ਸਾਰਾ ਦਿਨ ਵਿਹਲੜ ਕਿਸਮ ਦੇ ਲੋਕ ਬੈਠੇ ਰਹਿੰਦੇ ਹਨ ਜਿਹੜੇ ਆਉਣ ਜਾਣ ਵਾਲੀਆਂ ਔਰਤਾਂ ਤੇ ਫਿਕਰੇ ਕਸਦੇ ਹਨ| ਬਾਅਦ ਵਿੱਚ ਮਾਰਕੀਟ ਦੇ ਪ੍ਰਧਾਨ ਸ੍ਰ. ਜੇ ਪੀ ਸਿੰਘ ਨੇ ਮਾਰਕੀਟ ਦੇ ਦੁਕਾਨਦਾਰਾਂ ਨਾਲ ਜਾ ਕੇ ਉਹਨਾਂ ਨਾਲ ਕਥਿਤ ਦੁਰਵਿਵਹਾਰ ਕਰਨ ਅਤੇ ਧਮਕੀਆਂ ਦੇਣ ਵਾਲਿਆਂ ਖਿਲਾਫ ਸ਼ਿਕਾਇਤ ਵੀ ਦਰਜ ਕਰਵਾਈ ਜਿਸਦੀ ਪੁਲੀਸ ਵਲੋਂ ਜਾਂਚ ਕੀਤੀ ਜਾ ਰਹੀ ਹੈ|
ਬੀਤੀ ਸ਼ਾਮ ਨਗਰ ਨਿਗਮ ਵਲੋਂ ਫੇਜ਼ 3 ਬੀ 2 ਵਿੱਚ ਕੀਤੀ ਗਈ ਕਾਰਵਾਈ ਦੇ ਤਹਿਤ ਪਹਿਲਾਂ ਮਾਰਕੀਟ ਦੇ ਪਿਛਲੇ ਪਾਸੇ ਪਾਵ ਭਾਜੀ ਦੀ ਰੇਹੜੀ ਵਾਲੇ ਦਾ ਸਾਮਾਨ ਜਬਤ ਕੀਤਾ ਜਿਸਤੋਂ ਬਾਅਦ ਇਹ ਟੀਮ ਕੇ ਐਫ ਸੀ ਦੇ ਸਾਮ੍ਹਣੇ ਅੱਡਾ ਲਗਾ ਕੇ ਬੈਠੇ ਇੱਕ ਚਾਹ ਵਾਲੇ ਦਾ ਸਾਮਾਨ ਚੁੱਕਣ ਲੱਗ ਗਈ| ਇਸ ਮੌਕੇ ਟੀਮ ਵਲੋਂ ਉੱਥੇ ਪਈਆਂ ਇੱਕ ਦਰਜਨ ਦੇ ਕਰੀਬ ਕੁਰਸੀਆਂ ਵੀ ਜਬਤ ਕੀਤੀਆਂ ਅਤੇ ਗੱਡੀ ਵਿੱਚ ਰੱਖ ਲਈਆਂ| ਇਸ ਦੌਰਾਨ ਉੱਥੇ ਬੈਠਣ ਵਾਲੇ ਕੁੱਝ ਲੋਕਾਂ ਵਲੋਂ ਮਾਰਕੀਟ ਦੇ ਪ੍ਰਧਾਨ ਨਾਲ ਇਹ ਕਹਿ ਕੇ ਬਹਿਸ ਸ਼ੁਰੂ ਕਰ ਦਿੱਤੀ ਗਈ ਕਿ ਪ੍ਰਧਾਨ ਨੂੰ ਕੁਰਸੀਆਂ ਨਹੀਂ ਚੁਕਵਾਣੀਆਂ ਚਾਹੀਦੀਆਂ ਸਨ| ਉਹ ਲੋਕ ਕਹਿਣ ਲੱਗ ਪਏ ਕਿ ਸਾਰੀ ਮਾਰਕੀਟ ਵਿੱਚ ਦੁਕਾਨਦਾਰਾਂ ਨੇ ਵਰਾਂਡਿਆਂ ਵਿੱਚ ਨਾਜਾਇਜ ਕਬਜੇ ਕੀਤੇ ਹੋਏ ਹਨ ਅਤੇ ਉਹ ਵੀ ਚੁਕਵਾਏ ਜਾਣ| ਇਸ ਮੌਕੇ ਥੋੜੀ ਗਰਮਾ ਗਰਮੀ ਵੀ ਹੋਈ ਅਤੇ ਇਸ ਦੌਰਾਨ ਪ੍ਰਧਾਨ ਅਤੇ ਹੋਰਨਾਂ ਦੁਕਨਦਾਰਾਂ ਵਲੋਂ ਇਹਨਾਂ ਲੋਕਾਂ ਨੂੰ ਇਹ ਪੁੱਛਣ ਤੇ ਕਿ ਉਹਨਾਂ ਦੀ ਦੁਕਾਨ ਕਿਹੜੀ ਹੈ ਉਹ ਕਿਸ ਅਧਿਕਾਰ ਨਾਲ ਗੱਲ ਕਰ ਰਹੇ ਹਨ, ਉਕਤ ਵਿਅਕਤੀ ਚੁੱਪ ਹੋ ਗਏ| ਇਸ ਦੌਰਾਨ ਨਿਗਮ ਦੀ ਟੀਮ ਵਲੋਂ ਗ੍ਰੀਨ ਬੈਲਟ ਵਿੱਚ ਲਗੱਦੀਆਂ ਕੁੱਝ ਹੋਰ ਰੇਹੜੀਆਂ ਫੜੀਆਂ ਦਾ ਵੀ ਸਾਮਾਨ ਜਬਤ ਕਰ ਲਿਆ|
ਬਾਅਦ ਵਿੱਚ ਮਾਰਕੀਟ ਦੇ ਪ੍ਰਧਾਨ ਸ੍ਰ. ਜੇ ਪੀ ਸਿੰਘ ਵਲੋਂ ਇਸ ਸੰਬੰਧੀ ਪੁਲੀਸ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਨਾਜਇਜ ਕਬਜੇ ਹਟਵਾਉਣ ਵਿੱਚ ਰੁਕਾਵਟ ਪਾਉਣ ਅਤੇ ਮਾਰਕੀਟ ਵਿੱਚ ਗੁੰਡਾਗਰਦੀ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ| ਉਹਨਾਂ ਕਿਹਾ ਕਿ ਮਾਰਕੀਟ ਵਿੱਚ ਅਜਿਹੇ ਕਈ ਰੇਹੜੀ ਫੜੀ ਵਾਲੇ ਬੈਠੇ ਹਨ, ਜੋ ਕਿ ਗੁੰਡਾਗਰਦੀ ਵੀ ਕਰਦੇ ਹਨ| ਇਹਨਾਂ ਰੇਹੜੀ ਫੜੀ ਵਾਲਿਆਂ ਕੋਲ ਵਿਹਲੜ ਕਿਸਮ ਦੇ ਲੋਕ ਵੀ ਬੈਠੇ ਰਹਿੰਦੇ ਹਨ ਜਿਹੜੇ ਸਾਰਾ ਦਿਨ ਰੌਲਾ ਪਾਉਂਦੇ ਰਹਿੰਦੇ ਹਨ ਅਤੇ ਮਾਰਕੀਟ ਵਿੱਚ ਆਉਣ ਵਾਲੀਆਂ ਮਹਿਲਾਵਾਂ ਉਪਰ ਕਮੈਂਟ ਕਰਦੇ ਰਹਿੰਦੇ ਹਨ| ਇਹਨਾਂ ਵਿਅਕਤੀਆਂ ਤੋਂ ਮਾਰਕੀਟ ਦੇ ਦੁਕਾਨਦਾਰ ਬਹੁਤ ਪ੍ਰੇਸ਼ਾਨ ਹਨ|
ਸ੍ਰ. ਜੇ ਪੀ ਸਿੰਘ ਨੇ ਕਿਹਾ ਕਿ ਜਦੋਂ ਮਾਰਕੀਟ ਐਸੋਸੀਏਸ਼ਨ ਦੇ ਮੈਂਬਰ ਇਹਨਾਂ ਰੇਹੜੀਆਂ ਵਾਲਿਆਂ ਨੂੰ ਇਥੋ ਚਲੇ ਜਾਣ ਲਈ ਕਹਿੰਦੇ ਹਨ ਤਾਂ ਇਹ ਰੇਹੜੀ ਫੜੀ ਵਾਲੇ ਐਸੋਸੀਏਸਨ ਦੇ ਮੈਂਬਰਾਂ ਨੂੰ ਧਮਕੀਆਂ ਦਿੰਦੇ ਹਨ ਅਤੇ ਗੰਦੀਆਂ ਗਾਲਾਂ ਤਕ ਕੱਢਦੇ ਹਨ| ਉਹਨਾਂ ਕਿਹਾ ਕਿ ਇਹਨਾਂ ਰੇਹੜੀਆਂ ਫੜੀਆਂ ਵਾਲਿਆਂ ਕਾਰਨ ਮਾਰਕੀਟ ਦਾ ਮਾਹੌਲ ਖਰਾਬ ਹੋ ਰਿਹਾ ਹੈ| ਉਹਨਾਂ ਕਿਹਾ ਕਿ ਜੇਕਰ ਇਸ ਸੰਬੰਧੀ ਪੁਲੀਸ ਵਲੋਂ ਛੇਤੀ ਹੀ ਕਾਰਵਾਈ ਨਾ ਕੀਤੀ ਗਈ ਤਾਂ ਮਾਰਕੀਟ ਦੇ ਦੁਕਾਨਦਾਰ ਐਸ ਐਸ ਪੀ ਨੂੰ ਮਿਲਣਗੇ ਅਤੇ ਉਹਨਾਂ ਨੂੰ ਪੂਰੀ ਸਥਿਤੀ ਤੋਂ ਜਾਣੂ ਕਰਵਾ ਕੇ ਬਣਦੀ ਕਾਰਵਾਈ ਦੀ ਮੰਗ ਕਰਣਗੇ|
ਸੰਪਰਕ ਕਰਨ ਤੇ ਥਾਣਾ ਮਟੌਰ ਦੇ ਐਸ ਐਚ ਓ ਸ੍ਰ. ਜਰਨੈਲ ਸਿੰਘ ਨੇ ਕਿਹਾ ਕਿ ਪੁਲੀਸ ਨੂੰ ਇਸ ਸੰਬੰਧੀ ਸ਼ਿਕਾਇਤ ਮਿਲੀ ਹੈ ਜਿਸਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲੀਸ ਵਲੋਂ ਇਸ ਸੰਬੰਧੀ ਕਾਨੂੰਨ ਅਨੁਸਾਰ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ|

Leave a Reply

Your email address will not be published. Required fields are marked *