ਨਿਗਮ ਦੀ ਨਰਮੀ ਕਾਰਨ ਦੁਕਾਨਦਾਰਾਂ ਨੂੰ ਮਿਲੀ ਰਾਹਤ

ਐਸ ਏ ਐਸ ਨਗਰ, 9 ਨਵੰਬਰ (ਸ.ਬ.) ਤਿਉਹਾਰੀ ਸੀਜਨ ਦੌਰਾਨ ਨਗਰ ਨਿਗਮ ਮੁਹਾਲੀ ਵਲੋਂ ਦੁਕਾਨਦਾਰਾਂ ਵਲੋਂ ਦੁਕਾਨਾਂ ਦੇ ਬਾਹਰ ਰੱਖੇ ਜਾਂਦੇ ਸਮਾਨ ਨੂੰ ਨਾ ਚੁੱਕੇ ਜਾਣ, ਚਲਾਨ ਨਾ ਕਰਨ ਅਤੇ ਜੁਰਮਾਨਾ ਨਾ ਵਸੂਲਨ ਕਾਰਨ ਜਿੱਥੇ ਮੁਹਾਲੀ ਦੇ ਦੁਕਾਨਦਾਰਾਂ ਨੂੰ ਰਾਹਤ ਮਿਲੀ ਉੱਥੇ ਹੀ ਨਗਰ ਨਿਗਮ ਮੁਹਾਲੀ ਵਲੋਂ ਵੀ ਦੁਕਾਨਦਾਰਾਂ ਤੋਂ ਦੁਕਾਨਾਂ ਦੇ ਬਾਹਰ ਟੈਂਟ ਲਗਾ ਕੇ ਸਟਾਲ ਲਗਾਉਣ ਦੀ ਪਰਚੀ ਕੱਟੇ ਜਾਣ ਕਾਰਨ ਨਿਗਮ ਨੂੰ ਵੀ ਲੱਖਾਂ ਰੁਪਏ ਦਾ ਫਾਇਦਾ ਹੋਇਆ| ਨਗਰ ਨਿਗਮ ਮੁਹਾਲੀ ਦੇ ਸੂਤਰਾਂ ਅਨੁਸਾਰ ਇਸ ਵਾਰੀ ਨਗਰ ਨਿਗਮ ਵਲੋਂ ਦੁਕਾਨਾਂ ਦੇ ਬਾਹਰ ਟਂੈਟ ਲਾਉਣ ਲਈ ਦੁਕਾਨਦਾਰਾਂ ਤੋਂ ਸਟਾਲ ਲਗਾਉਣ ਲਈ ਕੱਟੀਆਂ ਜਾਂਦੀਆਂ ਪਰਚੀਆਂ ਨਾਲ ਲਗਭਗ 10 ਲੱਖ ਦੀ ਕਮਾਈ ਕੀਤੀ ਹੈ| ਜਿਕਰਯੋਗ ਹੈ ਕਿ ਨਗਰ ਨਿਗਮ ਵਲੋਂ ਸਟਾਲ ਲਗਾਉਣ ਲਈ 5 ਰੁਪਏ ਪ੍ਰਤੀ ਸਕੇਅਰ ਫੁੱਟ ਦੇ ਹਿਸਾਬ ਨਾਲ ਫੀਸ ਲਈ ਜਾਂਦੀ ਹੈ ਅਤੇ ਦੁਕਾਨਦਾਰਾਂ ਤੋਂ ਦੁਕਾਨਾਂ ਦੇ ਅੱਗੇ 15 ਗੁਣਾ 15 ਦੇ ਟੈਂਟ ਲਗਾਉਣ ਲਈ 1123 ਰੁਪਏ ਦੀ ਪਰਚੀ ਕੱਟੀ ਜਾਂਦੀ ਹੈ|
ਇਸ ਦੌਰਾਨ ਜਿੱਥੇ ਕਰਵਾ ਚੌਥ ਦੇ ਤਿਉਹਾਰ ਵੇਲੇ ਇਸ ਤਰ੍ਹਾਂ ਟੈਂਟ ਲਗਾਉਣ ਲਈ ਪਰਚੀਆਂ ਕੱਟ ਕੇ ਨਿਗਮ ਨੂੰ ਦੋ ਲੱਖ ਦੀ ਆਮਦਨੀ ਹੋਈ ਸੀ ਉੱਥੇ ਦਿਵਾਲੀ ਮੌਕੇ ਦੁਕਾਨਦਾਰਾਂ ਨੂੰ ਦਿਵਾਲੀ ਮੌਕੇ ਦੁਕਾਨਾਂ ਦੇ ਬਾਹਰ ਟੈਂਟ ਲਗਾਉਣ ਅਤੇ ਸਮਾਨ ਰੱਖਣ ਦੀ ਆਗਿਆ ਦੇਣ ਲਈ ਕੱਟੀਆਂ ਗਈਆਂ ਪਰਚੀਆਂ ਤੋਂ 8 ਲੱਖ ਰੁਪਏ ਦੀ ਆਮਦਨੀ ਹੋਈ| ਇਸ ਵਿੱਚ ਪਟਾਕਿਆਂ ਦੇ ਸਟਾਲਾਂ ਦੀਆਂ ਪਰਚੀਆਂ ਵੀ ਸ਼ਾਮਲ ਹਨ|
ਵਪਾਰ ਮੰਡਲ ਮੁਹਾਲੀ ਦੇ ਪ੍ਰਧਾਨ ਸ੍ਰੀ ਵਿਨੀਤ ਵਰਮਾ ਦਾ ਕਹਿਣਾ ਹੈ ਕਿ ਇਸ ਸੰਬੰਧੀ ਉਹਨਾਂ ਦੀ ਅਗਵਾਈ ਵਿੱਚ ਵਪਾਰ ਮੰਡਲ ਵਲੋਂ ਨਗਰ ਨਿਗਮ ਮੁਹਾਲੀ ਦੇ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਕਿ ਦਿਵਾਲੀ ਅਤੇ ਹੋਰ ਤਿਉਹਾਰਾਂ ਮੌਕੇ ਦੁਕਾਨਾਂ ਦੇ ਬਾਹਰ ਸਮਾਨ ਰੱਖਣ ਵਾਲੇ ਦੁਕਾਨਦਾਰਾਂ ਦੇ ਚਲਾਨ ਨਾ ਕੀਤੇ ਜਾਣ| ਉਹਨਾਂ ਦਾ ਸਮਾਨ ਵੀ ਨਾ ਚੁੱਕਿਆ ਜਾਵੇ ਅਤੇ ਜੁਰਮਾਨਾ ਵੀ ਨਾ ਕੀਤਾ ਜਾਵੇ| ਇਸ ਉਪਰੰਤ ਨਗਰ ਨਿਗਮ ਮੁਹਾਲੀ ਨੇ ਦੁਕਾਨਦਾਰਾਂ ਨੂੰ ਰਾਹਤ ਦਿੰਦਿਆਂ ਉਹਨਾਂ ਦੀਆਂ ਪਰਚੀਆਂ ਕਟ ਕੇ ਉਹਨਾਂ ਨੂੰ ਸਟਾਲ ਲਗਾਉਣ ਦੀ ਇਜਾਜਤ ਦੇ ਦਿੱਤੀ ਸੀ| ਇਸ ਨਾਲ ਜਿਥੇ ਦੁਕਾਨਦਾਰਾਂ ਨੂੰ ਰਾਹਤ ਮਿਲੀ, ਉਥੇ ਨਗਰ ਨਿਗਮ ਮੁਹਾਲੀ ਨੂੰ ਵੀ ਲੱਖਾਂ ਰੁਪਏ ਦੀ ਆਮਦਨੀ ਹੋਈ| ਉਹਨਾਂ ਕਿਹਾ ਕਿ ਉਹਨਾਂ ਨੇ ਨਿਗਮ ਦੇ ਕਮਿਸ਼ਨਰ ਦੇ ਧਿਆਨ ਵਿੱਚ ਇਹ ਵੀ ਲਿਆਂਦਾ ਸੀ ਕਿ ਨਗਰ ਨਿਗਮ ਦੀ ਟੀਮ ਵਲੋਂ ਨਜਾਇਜ ਕਬਜੇ ਹਟਾਉਣ ਦੀ ਆੜ ਵਿੱਚ ਸਿਰਫ ਦੁਕਾਨਦਾਰਾਂ ਦਾ ਸਮਾਨ ਜਬਤ ਕਰਕੇ ਦੁਕਾਨਦਾਰਾਂ ਨੂੰ ਜੁਰਮਾਨੇ ਕੀਤੇ ਜਾਂਦੇ ਹਨ ਪਰ ਰੇਹੜੀ ਫੜੀ ਵਾਲਿਆਂ ਨੂੰ ਕੁਝ ਨਹੀਂ ਕਿਹਾ ਜਾਂਦਾ|
ਮਾਰਕੀਟ ਵੈਲਫੇਅਰ ਐਸੋਸੀਏਸ਼ਨ ਫੇਜ਼ 3ਬੀ 2 ਦੇ ਪ੍ਰਧਾਨ ਸ੍ਰ. ਜਤਿੰਦਰਪਾਲ ਸਿੰਘ ਜੇ ਪੀ ਨੇ ਕਿਹਾ ਕਿ ਫੇਜ਼ 3ਬੀ2 ਦੇ ਵਫਦ ਵਲੋਂ ਵੀ ਤਿਉਹਾਰਾਂ ਤੋਂ ਪਹਿਲਾਂ ਨਗਰ ਨਿਗਮ ਦੇ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਦੁਕਾਨਦਾਰਾਂ ਦੇ ਚਲਾਨ ਨਾ ਕਰਨ ਅਤੇ ਤਿਉਹਾਰਾਂ ਦੇ ਦਿਨਾਂ ਵਿੱਚ ਦੁਕਾਨਦਾਰਾਂ ਨੂੰ ਰਾਹਤ ਦੇਣ ਦੀ ਮੰਗ ਕੀਤੀ ਗਈ ਸੀ| ਉਹਨਾਂ ਕਿਹਾ ਕਿ ਪਹਿਲਾਂ ਤਾਂ ਨਿਗਮ ਵਲੋਂ ਇਹ ਆਗਿਆ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਪਰ ਫਿਰ ਨਗਰ ਨਿਗਮ ਮੁਹਾਲੀ ਵਲੋਂ ਦੁਕਾਨਾਂਦਾਰਾਂ ਦੀ ਮੰਗ ਨੂੰ ਮੰਨਦਿਆਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ| ਉਹਨਾਂ ਕਿਹਾ ਕਿ ਤਿਉਹਾਰਾਂ ਦੇ ਦਿਨਾਂ ਦੌਰਾਨ ਨਗਰ ਨਿਗਮ ਨੇ ਜਿੱਥੇ ਦੁਕਾਨਦਾਰਾਂ ਨੂੰ ਦੁਕਾਨਾਂ ਦੇ ਬਾਹਰ ਟੈਂਟ ਲਾਉਣ ਅਤੇ ਸਮਾਨ ਰੱਖਣ ਦੀ ਆਗਿਆ ਦੇ ਕੇ ਦੁਕਾਨਦਾਰਾਂ ਨੂੰ ਰਾਹਤ ਦਿੱਤੀ, ਉੱਥੇ ਇਸ ਤਰ੍ਹਾਂ ਕਰਨ ਨਾਲ ਨਗਰ ਨਿਗਮ ਨੂੰ ਵੀ ਆਮਦਨ ਹੋਈ| ਉਹਨਾਂ ਕਿਹਾ ਨਿਗਮ ਵਲੋਂ ਮਾਰਕੀਟਾਂ ਵਿੱਚ ਪਾਰਕਿੰਗ ਦੇ ਪ੍ਰਬੰਧ ਵਿੱਚ ਸੁਧਾਰ ਲਈ ਲਾਈਨਾਂ ਲਗਵਾਈਆਂ ਜਾਣੀਆਂ ਚਾਹੀਦੀਆਂ ਹਨ ਅਤੇ ਸ਼ਹਿਰ ਵਿੱਚ ਲੱਗਦੀਆਂ ਰੇਹੜੀਆਂ ਫੜੀਆਂ ਨੂੰ ਹਟਾਇਆ ਜਾਣਾ ਚਾਹੀਦਾ ਹੈ|

Leave a Reply

Your email address will not be published. Required fields are marked *