ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਵਲੋਂ ਸ਼ਹਿਰ ਦੇ ਵਿਕਾਸ ਕਾਰਜਾਂ ਸੰਬੰਧੀ 9 ਕਰੋੜ ਦੇ ਮਤੇ ਪ੍ਰਵਾਨ

ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਵਲੋਂ ਸ਼ਹਿਰ ਦੇ ਵਿਕਾਸ ਕਾਰਜਾਂ ਸੰਬੰਧੀ 9 ਕਰੋੜ ਦੇ ਮਤੇ ਪ੍ਰਵਾਨ
ਸ਼ਹਿਰ ਦੇ ਵਿਕਾਸ ਲਈ ਸਾਰਿਆਂ ਨੂੰ ਇੱਕਜੁੱਟ ਹੋ ਕੇ ਕੰਮ ਕਰਨ ਦੀ ਲੋੜ : ਮੇਅਰ ਕੁਲੰਵਤ ਸਿੰਘ

ਜਨਸਿਹਤ ਵਿਭਾਗ ਵਲੋਂ ਭੇਜੇ 142 ਲੱਖ ਦੇ ਤਖਮੀਨੇ ਵੀ ਪਾਸ
ਐਸ ਏ ਐਸ ਨਗਰ, 19 ਫਰਵਰੀ (ਸ.ਬ.) ਨਗਰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਦੀ ਅੱਜ ਇੱਥੇ ਨਿਗਮ ਦੇ ਮੇਅਰ ਸ੍ਰ. ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸ਼ਹਿਰ ਦੇ ਵਿਕਾਸ ਕਾਰਜਾਂ ਨਾਲ ਜੁੜੇ 9 ਕਰੋੜ ਰੁਪਏ ਦੇ ਤਖਮੀਨਿਆਂ ਨੂੰ ਪ੍ਰਵਾਨਗੀ ਦਿੱਤੀ ਗਈ| ਇਸ ਵਿੱਚ ਮੀਟਿੰਗ ਦੌਰਾਨ ਟੇਬਲ ਆਈਟਮ ਵਜੋਂ ਸ਼ਾਮਿਲ ਕੀਤੇ ਗਏ ਜਨ ਸਿਹਤ ਵਿਭਾਗ ਵਲੋਂ ਭੇਜੇ ਗਏ 1.42 ਕਰੋੜ ਰੁਪਏ ਦੇ ਮਤੇ ਵੀ ਸ਼ਾਮਿਲ ਹਨ|
ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਸ਼ਹਿਰ ਦੇ ਵਿਕਾਸ ਨਾਲ ਜੁੜੇ ਮਤਿਆਂ ਨੂੰ ਕਮੇਟੀ ਦੀ ਮੀਟਿੰਗ ਵਿੱਚ ਸਰਵਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ ਹੈ| ਮੀਟਿੰਗ ਦੌਰਾਨ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਲਈ ਜਾਰੀ ਕੀਤੇ ਗਏ ਟੈਂਡਰਾਂ ਦੌਰਾਨ ਵੱਖ ਵੱਖ ਟੈਂਡਰਾਂ ਲਈ ਸਭ ਤੋਂ ਘੱਟ ਰਕਮ ਦੀ ਬੋਲੀ ਦੇਣ ਵਾਲੀਆਂ ਫਰਮਾਂ ਨੂੰ ਵਰਕ ਆਰਡਰ ਜਾਰੀ ਕਰਨ ਦਾ ਫੈਸਲਾ ਕੀਤਾ ਗਿਆ ਹੈ ਅਤੇ ਇਹ ਕੰਮ ਛੇਤੀ ਹੀ ਆਰੰਭ ਹੋ ਜਾਣਗੇ|
ਉਹਨਾਂ ਦੱਸਿਆ ਕਿ ਕਮੇਟੀ ਦੀ ਮੀਟਿੰਗ ਵਿੱਚ ਪਾਸ ਕੀਤੇ ਗਏ ਕੰਮਾਂ ਵਿੱਚ ਸ਼ਹਿਰ ਦੇ ਡੰਪਿਗ ਮੈਦਾਨ ਦੇ ਰੱਖ ਰਖਾਓ ਦਾ ਕੰਮ ਅਲਾਟ ਕਰਨ, ਫੇਜ਼ 1, 2, 5, 6, 7, ਸੈਕਟਰ 69, 70, 71 ਅਤੇ ਫੇਜ਼ 11 ਦੇ ਕਮਿਊਨਿਟੀ ਸੈਂਟਰਾਂ ਦੀ ਮੁਰੰਮਤ ਕਰਵਾਉਣ ਲਈ ਵੱਖ ਵੱਖ ਫਰਮਾਂ ਨੂੰ ਕੰਮ ਅਲਾਟ ਕਰਨ, ਸ਼ਹਿਰ ਦੇ ਵੱਖ ਵੱਖ ਫੇਜ਼ਾਂ ਵਿੱਚ ਇੰਟਰਲਾਕਿੰਗ ਟਾਈਲਾਂ ਲਵਾ ਕੇ ਪੇਵਰ ਬਲਾਕ ਬਣਾਉਣ, ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਪੇਵਰ ਬਲਾਕਾਂ, ਫੁਟਪਾਥਾਂ ਅਤੇ ਕਰਵ ਚੈਨਲਾਂ ਦੀ ਮੁਰੰਮਤ ਅਤੇ ਹੋਰ ਮੁਰੰਮਤ ਦੇ ਕੰਮਾਂ, ਵੱਖ ਵੱਖ ਥਾਵਾਂ ਤੇ ਨਿਗਮ ਵਲੋਂ ਲਗਵਾਈਆਂ ਗਈਆਂ ਲੋਹੇ ਦੀਆਂ ਗ੍ਰਿਲਾਂ ਦੀ ਮੁਰੰਮਤ ਦੇ ਕੰਮਾਂ, ਵੱਖ ਵੱਖ ਮਾਰਕੀਟਾਂ ਵਿੱਚ ਬਣੇ ਟਾਇਲਟਾਂ ਦੀ ਲੋੜੀਂਦੀ ਮੁਰੰਮਤ ਅਤੇ ਮੁੜ ਉਸਾਰੀ ਕਰਵਾਉਣ, ਪਿੰਡ ਮਟੌਰ ਵਿੱਚ ਸੀਵਰ ਲਾਈਨ ਪਾਉਣ, ਰੋਡ ਗਲੀਆਂ ਦੀ ਮੁਰੰਮਤ ਕਰਵਾਉਣ, ਸਿਲਵੀ ਪਾਰਕ ਫੇਜ਼ 10 ਵਿੱਚ ਜੋਗਿੰਗ ਟ੍ਰੈਕ ਦੀ ਉਸਾਰੀ ਕਰਵਾਉਣ, ਉਦਯੋਗਿਕ ਖੇਤਰ ਫੇਜ਼ 1 ਵਿੱਚ ਨਵਾਂ ਟਿTਬਵੈਲ ਲਗਵਾਉਣ, ਨਗਰ ਨਿਗਮ ਦੀ ਇਮਾਰਤ ਅਤੇ ਮਿਉਂਸਪਲ ਕਾਂਪਲੈਕਸ ਵਿੱਚ ਲੋੜੀਂਦੀ ਮੁਰਮੰਤ ਕਰਵਾਉਣ ਸੰਬੰਧੀ ਕੰਮਾਂ ਨੂੰ ਵੱਖ ਵੱਖ ਫਰਮਾਂ ਨੂੰ ਅਲਾਟ ਕਰਨ ਤੋਂ ਇਲਾਵਾ ਸ਼ਹਿਰ ਵਿੱਚ ਆਉਣ ਵਾਲੇ ਸਮੇਂ ਦੌਰਾਨ ਕਰਵਾਏ ਜਾਣ ਵਾਲੇ ਕੰਮਾਂ ਦੇ ਤਿਆਰ ਕੀਤੇ ਤਖਮੀਨਿਆਂ ਨੂੰ ਵੀ ਪ੍ਰਵਾਨਗੀ ਦਿੱਤੀ ਗਈ|
ਉਹਨਾਂ ਦੱਸਿਆ ਕਿ ਇਸਤੋਂ ਇਲਾਵਾ ਮੀਟਿੰਗ ਵਿੱਚ (ਟੇਬਲ ਆਈਟਮ ਵਜੋਂ ਪੇਸ਼ ਕੀਤੇ ਗਏ) ਜਨਸਿਹਤ ਵਿਭਾਗ ਵਲੋਂ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਅਤੇ ਜਾਮ ਹੋਣ ਵਾਲੀਆਂ ਸੀਵਰ ਲਾਈਨਾਂ ਦੀ ਮੁਰੰਮਤ ਅਤੇ ਮੁੜ ਉਸਾਰੀ ਲਈ ਪੇਸ਼ ਕੀਤੇ ਗਏ 1.42 ਕਰੋੜ ਰੁਪਏ ਦੇ ਮਤਿਆਂ ਨੂੰ ਵੀ ਪ੍ਰਵਾਨਗੀ ਦਿੱਤੀ ਗਈ|
ਨਗਰ ਨਿਗਮ ਦੇ ਮੇਅਰ ਸ੍ਰ. ਕੁਲਵੰਤ ਸਿੰਘ ਨੇ ਇਸ ਮੌਕੇ ਕਿਹਾ ਕਿ ਸ਼ਹਿਰਵਾਸੀਆਂ ਵਲੋਂ ਉਹਨਾਂ ਨੂੰ ਸ਼ਹਿਰ ਦੇ ਸਰਬਪੱਖੀ ਵਿਕਾਸ ਦੀ ਜਿਹੜੀ ਜਿੰਮੇਵਾਰੀ ਦਿੱਤੀ ਗਈ ਹੈ ਉਸਨੂੰ ਪੂਰਾ ਕਰਨ ਲਈ ਉਹ ਲਗਾਤਾਰ ਯਤਨਸ਼ੀਲ ਹਨ|
ਉਹਨਾਂ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਪਾਸ ਕੀਤੇ ਗਏ ਮਤਿਆਂ ਨੂੰ ਸਰਵਸੰਮਤੀ ਨਾਲ ਪ੍ਰਵਾਨ ਕੀਤਾ ਗਿਆ ਅਤੇ ਸ਼ਹਿਰ ਦੇ ਵਿਕਾਸ ਲਈ ਸਾਰਿਆਂ ਨੂੰ ਇੱਕਜੁੱਟ ਹੋ ਕੇ ਕੰਮ ਕਰਨਾ ਚਾਹੀਦਾ ਹੈ|

Leave a Reply

Your email address will not be published. Required fields are marked *