ਨਿਗਮ ਦੇ ਤਮਾਮ ਦਾਅਵਿਆਂ ਦੇ ਬਾਵਜੂਦ ਹਲ ਨਹੀਂ ਹੋ ਪਾਈ ਆਵਾਰਾ ਪਸ਼ੂਆਂ ਦੀ ਸੱਮਸਿਆ

ਨਿਗਮ ਦੇ ਤਮਾਮ ਦਾਅਵਿਆਂ ਦੇ ਬਾਵਜੂਦ ਹਲ ਨਹੀਂ ਹੋ ਪਾਈ ਆਵਾਰਾ ਪਸ਼ੂਆਂ ਦੀ ਸੱਮਸਿਆ
ਸੜਕਾਂ ਤੇ ਘੁੰਮਦੇ ਪਸ਼ੂ ਬਣਦੇ ਹਨ ਹਾਦਸਿਆਂ ਦਾ ਕਾਰਨ
ਭੁਪਿੰਦਰ ਸਿੰਘ
ਐਸ. ਏ. ਐਸ ਨਗਰ, 13 ਮਾਰਚ

ਨਗਰ ਨਿਗਮ ਦੇ ਅਧਿਕਾਰੀਆਂ ਦੇ ਲੱਖ ਦਾਅਵਿਆਂ ਦੇ ਬਾਵਜੂਦ ਸ਼ਹਿਰ ਵਿਚਲੀ ਆਵਾਰਾ ਪਸ਼ੂਆਂ ਦੀ ਸਮੱਸਿਆ ਹੱਲ ਹੁੰਦੀ ਨਹੀਂ ਦਿਖ ਰਹੀ ਹੈ ਅਤੇ ਇਸ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ| ਸ਼ਹਿਰ ਵਿੱਚ ਹੋਰਨਾਂ ਖੇਤਰਾਂ ਤੋਂ ਦਾਖਿਲ ਹੋਣ ਵਾਲੇ ਅਜਿਹੇ ਆਵਾਰਾ ਪਸ਼ੂਆਂ ਦੀ ਸਮੱਸਿਆ ਤਾਂ ਹੈ ਹੀ ਜਿਹੜੇ ਹੋਰਨਾਂ ਥਾਵਾਂ ਤੋਂ ਸਾਡੇ ਸ਼ਹਿਰ ਵਿੱਚ ਦਾਖਿਲ ਹੋ ਜਾਂਦੇ ਹਨ ਅਤੇ ਇਹਨਾਂ ਦਾ ਕੋਈ ਵਾਲੀ ਵਾਰਿਸ ਨਹੀਂ ਹੁੰਦਾ ਪਰੰਤੂ ਦੂਜੇ ਪਾਸੇ ਸ਼ਹਿਰ ਵਿੱਚ ਅਜਿਹੇ ਦੁਧਾਰੂ ਵੀ ਵੱਡੀ ਗਿਣਤੀ ਵਿੱਚ ਦਾਖਿਲ ਕਰਵਾਏ ਜਾਂਦੇ ਹਨ ਇਹਨਾਂ ਨੂੰ ਉਹਨਾਂ ਦੇ ਮਾਲਕਾਂ ਵਲੋਂ ਸ਼ਹਿਰ ਵਿੱਚ ਖਾਲੀ ਥਾਵਾਂ ਤੇ ਚਰਨ ਲਈ ਛੱਡਿਆ ਜਾਂਦਾ ਹੈ ਅਤੇ ਇਹਨਾਂ ਦੇ ਮਾਲਕ ਵੀ ਸਾਰਾ ਸਮਾਂ ਇਹਨਾਂ ਪਸ਼ੂਆਂ ਦੇ ਆਸ ਪਾਸ ਹੀ ਰਹਿੰਦੇ ਹਨ| ਅਜਿਹੇ ਗਾਵਾਂ ਮੱਝਾਂ ਦੇ ਝੁੰਡ ( ਜਿਹਨਾਂ ਵਿੱਚ ਦਰਜਨਾਂ ਦੀ ਗਿਣਤੀ ਵਿੱਚ ਦੁਧਾਰੂ ਪਸ਼ੂ ਹੁੰਦੇ ਹਨ) ਸ਼ਹਿਰ ਵਿੱਚ ਉਹਨਾਂ ਸੈਕਟਰਾਂ ਵਿੱਚ ਅਕਸਰ ਦਿਖਦੇ ਹਨ ਜਿੱਥੇ ਖਾਲੀ ਥਾਂ ਹੋਣ ਕਾਰਨ ਇਹਨਾਂ ਦੇ ਮਾਲਕਾਂ ਵਲੋਂ ਘਾਹ ਚਰਨ ਲਈ ਲਿਆਂਦਾ ਜਾਂਦਾ ਹੈ|
ਇਹਨਾਂ ਪਸ਼ੂਆਂ ਦੇ ਮਾਲਕ ਅਜਿਹੇ ਹਨ ਕਿ ਜੇਕਰ ਨਗਰ ਨਿਗਮ ਦੇ ਆਵਾਰਾ ਪਸ਼ੂ ਫੜਣ ਵਾਲੇ ਅਮਲੇ ਵਲੋਂ ਇਹਨਾਂ ਦੇ ਜਾਨਵਰ ਫੜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਇਹ ਉਲਟਾ ਨਿਗਮ ਦੇ ਸਟਾਫ ਤੇ ਹੀ ਹਮਲਾ ਤਕ ਕਰ ਦਿੰਦੇ ਹਨ|
ਨਿਗਮ ਕਰਮਚਾਰੀਆਂ ਦੇ ਕਬਜੇ ਵਿੱਚੋਂ ਆਪਣੇ ਪਸ਼ੂਆਂ ਨੂੰ ਜਬਰੀ ਛੁਡਾ ਕੇ ਲੈ ਜਾਣਾ ਇਹਨਾਂ ਲਈ ਆਮ ਜਿਹੀ ਗੱਲ ਹੈ ਅਤੇ ਇਸ ਸਬੰਧੀ ਇਹਨਾਂ ਲੋਕਾਂ ਦੇ ਖਿਲਾਫ ਬਾਕਾਇਦਾ ਅਪਰਾਧਿਕ ਮਾਮਲੇ ਤੱਕ ਦਰਜ ਕੀਤੇ ਜਾ ਚੁੱਕੇ ਹਨ ਪਰੰਤੂ ਸ਼ਹਿਰ ਵਿੱਚ ਦਾਖਿਲ ਹੋ ਕੇ ਜਬਰੀ ਪਸ਼ੂ ਚਾਰਨ ਦੀ ਇਸ ਕਾਰਵਾਈ ਤੇ ਰੋਕ ਲੱਗਦੀ ਨਜ਼ਰ ਨਹੀ ਆ ਰਹੀ|
ਇਹ ਪਸ਼ੂ ਮਾਲਕ ਸ਼ਹਿਰ ਦੇ ਨਾਲ ਲੱਗਦੇ ਪਿੰਡ ਦੇ ਵਸਨੀਕ ਹਨ ਅਤੇ ਨਗਰ ਨਿਗਮ ਕੋਲ ਅਜਿਹੇ ਪਸ਼ੂ ਮਾਲਕਾਂ (ਜਿਹੜੇ ਆਪਣੇ ਜਾਨਵਰਾਂ ਨੂੰ ਸ਼ਹਿਰ ਵਿੱਚ ਖੁੱਲਾ ਛੱਡ ਦਿੰਦੇ ਹਨ) ਬਾਰੇ ਪੂਰੀ ਜਾਣਕਾਰੀ ਹੈ ਅਤੇ ਨਗਰ ਨਿਗਮ ਵਲੋਂ ਸ਼ਹਿਰ ਵਿੱਚ ਘੁੰਮਦੇ ਇਹਨਾਂ ਆਵਾਰਾ ਪਸ਼ੂਆਂ ਤੇ ਰੋਕ ਲਗਾਉਣ ਲਈ ਲੋੜੀਂਦੀ ਕਾਰਵਾਈ ਕਰਨ ਦੇ ਦਾਅਵੇ ਤਾਂ ਕੀਤੇ ਜਾਂਦੇ ਹਨ ਪਰੰਤੂ ਨਿਗਮ ਦੀ ਇਹ ਕਾਰਵਾਈ ਸਿਰਫ ਕਾਗਜ਼ੀ ਹੀ ਹੈ ਅਤੇ ਇਸਦੇ ਦਾਅਵਿਆਂ ਤੋਂ ਅੱਗੇ ਨਾ ਵੱਧਣ ਕਾਰਨ ਹਾਲਾਤ ਵਿੱਚ ਕੋਈ ਸੁਧਾਰ ਹੁੰਦਾ ਨਹੀਂ ਦਿਖ ਰਿਹਾ ਹੈ|
ਇਸ ਸਬੰਧੀ ਤਿੰਨ ਕੁ ਮਹੀਨੇ ਪਹਿਲਾਂ ਨਗਰ ਨਿਗਮ ਦੇ ਕਮਿਸ਼ਨਰ ਵਲੋਂ ਨਗਰ ਨਿਗਮ ਦੀ ਹੱਦ ਵਿੱਚ ਆਉਂਦੇ ਪਿੰਡਾਂ ਮੁਹਾਲੀ, ਮਦਨਪੁਰ, ਸ਼ਾਹੀਮਾਜਰਾ, ਮਟੌਰ, ਕੁੰਭੜਾ ਅਤੇ ਸੋਹਾਣਾ ਦੇ ਉਹਨਾਂ ਵਸਨੀਕਾਂ ਨੂੰ ਬਾਕਾਇਦਾ ਨੋਟਿਸ ਜਾਰੀ ਕੀਤੇ ਗਏ ਸਨ ਜਿਹਨਾਂ ਨੇ ਆਪਣੇ ਘਰ ਵਿੱਚ ਇਹ ਪਸ਼ੂ ਰੱਖੇ ਹੋਏ ਹਨ | ਇਹਨਾਂ ਨੋਟਿਸਾਂ ਵਿੱਚ ਕਿਹਾ ਗਿਆ ਸੀ ਕਿ ਪਸ਼ੂ ਮਾਲਕ ਇਕ ਮਹੀਨੇ ਦੇ ਵਿੱਚ ਵਿੱਚ ਆਪਣੇ ਪਸ਼ੂਆਂ ਨੂੰ ਨਿਗਮ ਦੀ ਹੱਦ ਤੋਂ ਬਾਹਰ ਤਬਦੀਲ ਕਰ ਦੇਣ ਵਰਨਾਂ ਉਹਨਾਂ ਦੇ ਖਿਲਾਫ ਅਪਰਾਧਿਕ ਮੁਕਦਮੇ ਦਰਜ ਕਰਵਾਏ ਜਾਣਗੇ| ਉਸ ਵੇਲੇ ਪਿੰਡਾਂ ਦੇ ਵਸਨੀਕਾਂ ਨੇ ਮੰਗ ਕੀਤੀ ਸੀ ਕਿ ਉਹਨਾਂ ਨੂੰ ਚੰਡੀਗੜ੍ਹ ਦੇ ਪੈਟਰਨ ਤੇ ਮਿਲਕ ਕਾਲੋਨੀ ਉਸਾਰ ਕੇ ਉਥੇ ਪਲਾਟ ਅਲਾਟ ਕੀਤੇ ਜਾਣ ਤਾਂ ਜੋ ਉਹ ਆਪਣੇ ਪਸ਼ੂ ਉਥੇ ਰੱਖ ਕੇ ਆਪਣੀ ਰੋਜੀ ਰੋਟੀ ਚਲਾਉਂਦੇ ਰਹਿਣ|
ਇਹਨਾਂ ਨੋਟਿਸਾਂ ਦੀ ਸਮਾਂ ਸੀਮਾ ਦੇ ਖਤਮ ਹੋਏ ਨੂੰ ਵੀ ਹੁਣ 2 ਮਹੀਨੇ ਤੋਂ ਵੱਧ ਸਮਾਂ ਲੰਘ ਗਿਆ ਹੈ ਅਤੇ ਇਸ ਦੌਰਾਨ ਨਾ ਤਾਂ ਨਿਗਮ ਵਲੋਂ ਨੋਟਿਸਾਂ ਦੇ ਆਧਾਰ ਤੇ ਕੋਈ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਅਤੇ ਨਾ ਹੀ ਪਸ਼ੂ ਮਾਲਕਾਂ ਨੇ ਆਪਣੇ ਪਸ਼ੂ ਕਿਤੇ ਹੋਰ ਲਿਜਾਣ ਦੀ ਕੋਈ ਕੋਸ਼ਿਸ਼ ਕੀਤੀ ਹੈ| ਉਲਟਾ ਇਸ ਦੌਰਾਨ ਸ਼ਹਿਰ ਵਿੱਚ ਇਹਨਾਂ ਜਾਨਵਰਾਂ ਦੇ ਝੁੰਡ ਪਹਿਲਾਂ ਨਾਲੋਂ ਵੀ ਵੱਧ ਵਿਖਣ ਲੱਗ ਪਏ ਹਨ| ਫੇਜ਼-8 ਵਿੱਚ ਗੁਰਦੁਆਰਾ ਅੰਬ ਸਾਹਿਬ ਦੇ ਸਾਮ੍ਹਣੇ ਤੋਂ ਬਸ ਅੱਡੇ ਤੱਕ ਖਾਲੀ ਪਈ ਥਾਂ ਵਿੱਚ ਰੋਜਾਨਾਂ ਹੀ ਦਰਜਨਾਂ ਦੀ ਗਿਣਤੀ ਵਿੱਚ ਮੱਝਾਂ ਘੁੰਮਦੀਆਂ ਵੇਖੀਆਂ ਜਾ ਸਕਦੀਆਂ ਹਨ|
ਹੋਰ ਤਾਂ ਹੋਰ ਪਿਛਲੇ ਦਿਨੀਂ ਫੇਜ਼-8 ਦੇ ਸਿਵਲ ਹਸਪਤਾਲ ਦੇ ਅੰਦਰ ਪਈ ਖਾਲੀ ਥਾਂ ਵਿੱਚ ਵੀ ਅਜਿਹੇ ਪਸ਼ੂਆਂ ਨੂੰ ਚਰਾਉਣ ਦੀ ਕਾਰਵਾਈ ਸਾਮ੍ਹਣੇ ਆਈ ਸੀ ਅਤੇ ਇਸ ਦੌਰਾਨ ਪਸ਼ੂ ਚਾਰਨ ਵਾਲਿਆਂ ਨਾਲ ਨਗਰ ਨਿਗਮ ਦੇ ਆਵਾਰਾ ਪਸ਼ੂ ਫੜਣ ਵਾਲੇ ਅਮਲੇ ਦੀ ਮਿਲੀ ਭੁਗਤ ਸਾਮ੍ਹਣੇ ਆਉਣ ਦੇ ਬਾਵਜੂਦ ਨਗਰ ਨਿਗਮ ਦੇ ਅਧਿਕਾਰੀਆਂ ਨੇ ਲੋੜੀਂਦੀ ਕਾਰਵਾਈ ਕਰਨ ਦੀ ਥਾਂ ਟਾਲਮਟੋਲ ਨਾਲ ਹੀ ਕੰਮ ਚਲਾਉਣ ਦੀ ਕੋਸ਼ਿਸ਼ ਕੀਤੀ ਸੀ|
ਸ਼ਹਿਰ ਵਿਚਲੀ ਆਵਾਰਾ ਪਸ਼ੂਆਂ ਦੀ ਇਸ ਸੱਮਸਿਆ ਦੇ ਹਲ ਲਈ ਇਸ ਜ਼ਰੂਰੀ ਹੈ ਕਿ ਨਿਗਮ ਵਲੋਂ ਸ਼ਹਿਰ ਵਿੱਚ ਆਪਣੇ ਪਸ਼ੂ ਚਾਰਨ ਵਾਲੇ ਪਸ਼ੂ ਮਾਲਕਾਂ ਦੇ ਖਿਲਾਫ ਸ਼ਖਤ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇ ਅਤੇ ਆਵਾਰਾ ਪਸ਼ੂ ਫੜਨ ਵਾਲੇ ਅਸਲੇ ਦੇ ਨਾਲ ਸੁਰਖਿਆ ਕਰਮਚਾਰੀ ਤੈਨਾਤ ਕੀਤੇ ਜਾਣ ਵਰਨਾ ਇਸ ਸੱਮਸਿਆ ਦੇ ਹਲ ਦੀ ਕੋਈ ਗੁੰਜਾਇਸ਼ ਨਹੀਂ ਹੈ|

Leave a Reply

Your email address will not be published. Required fields are marked *