ਨਿਗਮ ਵਲੋਂ ਬਰਸਾਤੀ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਮੁਕੰਮਲ ਨਾ ਕੀਤੇ ਜਾਣ ਕਾਰਨ ਦਹਿਸ਼ਤ ਦੇ ਸਾਏ ਹੇਠ ਜੀਅ ਰਹੇ ਹਨ ਫੇਜ਼ 5 ਅਤੇ ਫੇਜ਼ 3ਬੀ 2 ਦੇ ਵਸਨੀਕ

ਨਿਗਮ ਵਲੋਂ ਬਰਸਾਤੀ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਮੁਕੰਮਲ ਨਾ ਕੀਤੇ ਜਾਣ ਕਾਰਨ ਦਹਿਸ਼ਤ ਦੇ ਸਾਏ ਹੇਠ ਜੀਅ ਰਹੇ ਹਨ ਫੇਜ਼ 5 ਅਤੇ ਫੇਜ਼ 3ਬੀ 2 ਦੇ ਵਸਨੀਕ
ਜੇਕਰ ਪ੍ਰਬੰਧ ਤੁਰੰਤ ਮਕੰਮਲ ਨਾ ਕੀਤੇ ਤਾਂ ਲੋਕਾਂ ਦੇ ਘਰਾਂ ਵਿੱਚ ਪਾਣੀ ਦਾਖਿਲ ਹੋਣ ਨਾਲ ਹੋਵੇਗਾ ਭਾਰੀ ਨੁਕਸਾਨ

ਐਸ ਏ ਐਸ ਨਗਰ, 29 ਜੂਨ (ਸ.ਬ.) ਸਥਾਨਕ ਫੇਜ਼ 5 ਅਤੇ ਫੇਜ਼ 3 ਬੀ 2 ਦੇ ਵਸਨੀਕ ਇਸ ਵੇਲੇ ਭਾਰੀ ਦਹਿਸ਼ਤ ਦੇ ਸਾਏ ਹੇਠ ਜੀ ਰਹੇ ਹਨ| ਪਿਛਲੇ ਸਾਲ 27 ਜੁਲਾਈ ਅਤੇ 21 ਅਗਸਤ ਨੂੰ ਹੋਈ ਭਾਰੀ ਬਰਸਾਤ ਕਾਰਨ ਇਹਨਾਂ ਦੋਵਾਂ ਫੇਜ਼ਾਂ ਦੇ ਵਸਨੀਕਾਂ ਦੇ ਘਰਾਂ ਵਿੱਚ ਤਿੰਨ ਤੋਂ ਚਾਰ ਫੁੱਟ ਤਕ ਪਾਣੀ ਵੜ ਗਿਆ ਸੀ ਜਿਸ ਕਾਰਨ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਸੀ| ਪਿਛਲੇ ਕੁੱਝ ਦਿਨਾਂ ਤੋਂ ਰੁਕ ਰੁਕ ਕੇ ਹੋਣ ਵਾਲੀ ਬਰਸਾਤ ਅਤੇ ਮੌਸਮ ਵਿਭਾਗ ਵਲੋਂ ਅਗਲੇ ਦਿਨਾਂ ਦੌਰਾਨ ਭਾਰੀ ਬਰਸਾਤ ਹੋਣ ਦੀ ਪੇਸ਼ੀਨਗੋਈ ਨੇ ਲੋਕਾਂ ਦੇ ਦਿਲ ਵਿੱਚ ਦਹਿਸ਼ਤ ਹੋਰ ਵਧਾ ਦਿੱਤੀ ਹੈ| ਬਰਸਾਤਾਂ ਦੇ ਮੌਸਮ ਨੂੰ ਵੇਖਦਿਆਂ ਦੋਵਾਂ ਫੇਜਾਂ ਦੇ ਵਸਨੀਕਾਂ ਦੇ ਸਾਹ ਸੂਤੇ ਗਏ ਹਨ ਅਤੇ ਨਗਰ ਨਿਗਮ ਵਲੋਂ ਬਰਸਾਤੀ ਪਾਣੀ ਦੀ ਨਿਕਾਸੀ ਦਾ ਇਕ ਸਾਲ ਬੀਤ ਜਾਣ ਦੇ ਬਾਵਜੂਦ ਕੋਈ ਉਪਰਾਲਾ ਨਾ ਕੀਤੇ ਜਾਣ ਕਾਰਨ ਇਹਨਾਂ ਇਲਾਕਿਆਂ ਦੇ ਵਸਨੀਕਾਂ ਨੂੰ ਇਹ ਡਰ ਸਤਾ ਰਿਹਾ ਹੈ ਕਿ ਪਿਛਲੇ ਸਾਲ ਵਾਂਗ ਇਸ ਵਾਰ ਵੀ ਬਰਸਾਤੀ ਪਾਣੀ ਉਹਨਾਂ ਦਾ ਭਾਰੀ ਨੁਕਸਾਨ ਕਰੇਗਾ|
ਮੌਸਮ ਵਿਭਾਗ ਵਲੋਂ ਆਉਣ ਵਾਲੇ ਦਿਨਾਂ ਦੌਰਾਨ ਪੰਜਾਬ ਦੇ ਵੱਖ ਵੱਖ ਖੇਤਰਾਂ ਵਿੱਚ ਭਾਰੀ ਬਰਸਾਤ ਹੋਣ ਦੀ ਭਵਿੱਖਬਾਣੀ ਕੀਤੀ ਹੋਈ ਹੈ ਅਤੇ ਹਰਿਆਣਾ ਵਿੱਚ ਪਿਛਲੇ ਦਿਨਾਂ ਦੌਰਾਨ ਭਾਰੀ ਬਰਸਾਤ ਹੋ ਰਹੀ ਹੈ| ਹਰਿਆਣਾ ਦਾ ਅੰਬਾਲਾ ਲੰਘ ਕੇ ਬਰਸਾਤ ਦੇ ਇਹ ਕਾਲੇ ਬੱਦਲ ਛੇਤੀ ਹੀ ਮੁਹਾਲੀ ਇਲਾਕੇ ਵਿੱਚ ਆ ਜਾਣੇ ਹਨ, ਜਿਸ ਕਰਕੇ ਇਸ ਪੂਰੇ ਖੇਤਰ ਵਿੱਚ ਭਾਰੀ ਬਰਸਾਤ ਹੋਣ ਦੀ ਸੰਭਾਵਨਾ ਹੈ|
ਅਗਲੇ ਦਿਨਾਂ ਦੌਰਾਨ ਭਾਰੀ ਬਰਸਾਤ ਹੋਣ ਦੀ ਇਸ ਭਵਿੱਖਬਾਣੀ ਨੇ ਫੇਜ਼ 5 ਅਤੇ ਫੇਜ਼ 3 ਬੀ 2 ਦੇ ਵਸਨੀਕਾਂ ਨੂੰ ਹੋਰ ਵੀ ਡਰਾ ਦਿੱਤਾ ਹੈ ਅਤੇ ਉਹ ਦਹਿਸਤ ਦੇ ਸਾਏ ਹੇਠ ਜੀਅ ਰਹੇ ਹਨ| ਫੇਜ਼ 3 ਬੀ 2 ਅਤੇ ਫੇਜ਼ 5 ਦੇ ਵਸਨੀਕਾਂ ਨੂੰ ਪਿਛਲੇ ਸਾਲ ਦਾ ਉਹ ਮੰਜਰ ਹੁਣੇ ਵੀ ਯਾਦ ਹੈ ਜਦੋਂ (27 ਜੁਲਾਈ ਅਤੇ 21 ਅਗਸਤ ਨੂੰ) ਭਾਰੀ ਬਰਸਾਤ ਹੋਈ ਸੀ ਅਤੇ ਫੇਜ਼ 5, ਫੇਜ਼ 3 ਬੀ 2 ਸਮੇਤ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਹੜਾਂ ਵਾਲੀ ਹਾਲਤ ਬਣ ਗਈ ਸੀ| ਫੇਜ਼ 5 ਅਤੇ ਫੇਜ਼ 3 ਬੀ 2 ਵਿੱਚ ਸਭ ਤੋਂ ਵੱਧ ਨੁਕਸਾਨ ਹੋਇਆ ਸੀ ਜਿੱਥੇ ਅਨੇਕਾਂ ਘਰਾਂ ਵਿੱਚ ਬਰਸਾਤ ਦਾ ਪਾਣੀ ਖੜ੍ਹ ਗਿਆ ਸੀ ਅਤੇ ਲੋਕਾਂ ਦਾ ਕੀਮਤੀ ਸਾਮਾਨ ਖਰਾਬ ਹੋ ਗਿਆ ਸੀ| ਉਸ ਵੇਲੇ ਇਹਨਾਂ ਇਲਾਕਿਆਂ ਵਿੱਚ ਸੜਕਾਂ ਨਦੀਆਂ ਦਾ ਰੂਪ ਧਾਰ ਗਈਆਂ ਸਨ ਅਤੇ ਲੋਕਾਂ ਦਾ ਘਰਾਂ ਵਿੱਚੋਂ ਬਾਹਰ ਨਿਕਲਣਾ ਤਕ ਦੂਭਰ ਹੋ ਗਿਆ ਸੀ|
ਦੂਜੇ ਪਾਸੇ ਨਗਰ ਨਿਗਮ ਦੀ ਕਾਰਗੁਜਾਰੀ ਦੀ ਹਾਲਤ ਇਹ ਹੈ ਕਿ ਉਸ ਵਲੋਂ ਸ਼ਹਿਰ ਵਾਸੀਆਂ ਨੂੰ ਭਰੋਸਾ ਦੇ ਕੇ ਜਾਂ ਫਿਰ ਥੋੜ੍ਹੀ ਬਹੁਤ ਕਾਰਵਾਈ ਕਰਕੇ ਡੰਗ ਟਪਾਇਆ ਜਾ ਰਿਹਾ ਹੈ| ਇਹਨਾਂ ਇਲਾਕਿਆਂ ਵਿੱਚ ਬਰਸਾਤੀ ਪਾਣੀ ਦੇ ਹੋਏ ਨੁਕਸਾਨ ਤੋਂ ਬਾਅਦ ਨਗਰ ਨਿਗਮ ਨੇ ਕਈ ਵਾਰ ਦਾਅਵਾ ਕੀਤਾ ਸੀ ਕਿ ਫੇਜ਼ 5 ਅਤੇ ਫੇਜ਼ 3 ਬੀ 2 ਵਿੱਚ ਜਲਦੀ ਹੀ ਕਾਜ ਵੇ ਬਣਾਏ ਜਾਣਗੇ ਤਾਂ ਕਿ ਬਰਸਾਤੀ ਪਾਣੀ ਦੀ ਸਮੱਸਿਆ ਨੂੰ ਸਹੀ ਤਰੀਕੇ ਨਾਲ ਹਲ ਕੀਤਾ ਜਾ ਸਕੇ ਪਰ ਇਹਨਾਂ ਇਲਾਕਿਆਂ ਵਿੱਚ ਕਾਜ ਵੇ ਬਣਾਉਣ ਦਾ ਕੰਮ ਹੁਣ ਤਕ ਸ਼ੁਰੂ ਹੀ ਨਹੀਂ ਹੋਇਆ ਜਦੋਂਕਿ ਬਰਸਾਤਾਂ ਦਾ ਮੌਸਮ ਦਾ ਸ਼ੁਰੂ ਵੀ ਹੋ ਚੁੱਕਿਆ ਹੈ|
ਅੱਜ ਸਵੇਰ ਤੋਂ ਹੀ ਅਸਮਾਣ ਵਿੱਚ ਕਾਲੇ ਬੱਦਲ ਦਿਖ ਰਹੇ ਹਨ ਅਤੇ ਬਰਸਾਤ ਵਾਲਾ ਮੌਸਮ ਬਣਿਆ ਹੋਇਆ ਹੈ| ਮੌਸਮ ਅਜਿਹਾ ਬਣਿਆ ਹੋਇਆ ਹੈ ਕਿ ਬਰਸਾਤ ਕਿਸੇ ਸਮੇਂ ਵੀ ਸ਼ੁਰੂ ਹੋ ਸਕਦੀ ਹੈ| ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਅਨੁਸਾਰ ਜੇ ਮੁਹਾਲੀ ਵਿੱਚ ਭਰਵੀਂ ਬਰਸਾਤ ਹੋ ਗਈ ਤਾਂ ਮੁਹਾਲੀ ਵਿੱਚ ਹਰ ਪਾਸੇ ਪਾਣੀ ਹੀ ਪਾਣੀ ਹੋ ਜਾਵੇਗਾ ਅਤੇ ਅਜਿਹਾ ਹੋਣ ਤੇ ਫੇਜ਼ 5 ਅਤੇ ਫੇਜ਼ 3 ਬੀ 2 ਵਿੱਚ ਬਰਸਾਤੀ ਪਾਣੀ ਕਾਰਨ ਜਿਹੜੀ ਬਰਬਾਦੀ ਹੋਵੇਗੀ ਉਸਦਾ ਸਿਰਫ ਅੰਦਾਜਾ ਹੀ ਲਗਾਇਆ ਜਾ ਸਕਦਾ ਹੈ|

ਨੁਕਸਾਨ ਹੋਣ ਤੇ ਅਧਿਕਾਰੀਆਂ ਖਿਲਾਫ ਮਾਮਲਾ ਦਰਜ ਕਰਵਾਉਣਗੇ : ਬੇਦੀ

ਮਿਉਂਸਪਲ ਕੌਂਸਲਰ ਸ੍ਰ. ਕੁਲਜੀਤ ਸਿੰਘ ਬੇਦੀ ਦਾ ਕਹਿਣਾ ਹੈ ਕਿ ਨਗਰ ਨਿਗਮ ਵੱਲੋਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਲੋੜੀਂਦੇ ਪ੍ਰਬੰਧ ਨਾ ਕੀਤੇ ਜਾਣ ਕਾਰਨ ਵਸਨੀਕ ਦਹਿਸ਼ਤ ਦੇ ਸਾਏ ਵਿੱਚ ਹੇਠ ਜੀ ਰਹੇ ਹਨ| ਉਹਨਾਂ ਕਿਹਾ ਕਿ ਪਿਛਲੇ ਸਾਲ ਹੋਈ ਭਾਰੀ ਬਰਸਾਤ ਦੌਰਾਨ ਲੋਕਾਂ ਦੇ ਘਰਾਂ ਵਿੱਚ ਪਾਣੀ ਦਾਖਿਲ ਹੋਣ ਕਾਰਨ ਭਾਰੀ ਨੁਕਸਾਨ ਹੋਇਆ ਸੀ ਅਤੇ ਫੇਜ਼-3ਬੀ2 ਦੇ ਇੱਕ ਕੋਨੇ ਵਿੱਚ ਬਣੀ ਦੀਵਾਰ ਤੋੜ ਕੇ ਪਾਣੀ ਬਾਹਰ ਕੱਢਣਾ ਪਿਆ ਸੀ| ਉਹਨਾਂ ਕਿਹਾ ਕਿ ਨਿਗਮ ਵੱਲੋਂ ਉੱਥੇ ਲਗਾਇਆ ਪੰਪ ਚਾਲੂ ਕਰਵਾ ਕੇ ਉੱਥੇ ਜਨਰੇਟਰ ਤਾਂ ਰੱਖਵਾ ਦਿੱਤਾ ਗਿਆ ਹੈ ਪਰੰਤੂ ਪਾਣੀ ਦੀ ਨਿਕਾਸੀ ਲਈ ਕਾਜ-ਵੇ ਦੀ ਉਸਾਰੀ ਸ਼ੁਰੂ ਨਾ ਕੀਤੇ ਜਾਣ ਕਾਰਨ ਲੋਕ ਦਹਿਸ਼ਤ ਦੇ ਸਾਏ ਵਿੱਚ ਜੀ ਰਹੇ ਹਨ| ਉਹਨਾਂ ਕਿਹਾ ਕਿ ਨਿਗਮ ਅਧਿਕਾਰੀਆਂ ਨੇ ਪਿਛਲੇ ਸਾਲ ਹੋਈ ਭਾਰੀ ਤਬਾਹੀ ਦੇ ਬਾਵਜੂਦ ਕੁੱਝ ਨਹੀਂ ਕੀਤਾ ਜਦੋਂਕਿ ਇਹ ਕੰਮ ਪਹਿਲ ਦੇ ਆਧਾਰ ਤੇ ਕੀਤਾ ਜਾਣਾ ਚਾਹੀਦਾ ਸੀ| ਉਹਨਾਂ ਦੱਸਿਆ ਕਿ ਇਸ ਸੰਬੰਧੀ ਉਹਨਾਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਬਾਕਾਇਦਾ ਪੱਤਰ ਲਿਖ ਕੇ ਕਿਹਾ ਗਿਆ ਹੈ ਕਿ ਜੇਕਰ ਇਸ ਸਾਲ ਬਰਸਾਤੀ ਪਾਣੀ ਕਾਰਨ ਵਸਨੀਕਾਂ ਦਾ ਨੁਕਸਾਨ ਹੋਇਆ ਤਾਂ ਉਹ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਨਿੱਜੀ ਤੌਰ ਤੇ ਪਾਰਟੀ ਬਣਾ ਕੇ ਅਦਾਲਤ ਵਿੱਚ ਮਾਮਲਾ ਦਾਖਿਲ ਕਰਣਗੇ ਅਤੇ ਅਧਿਕਾਰੀਆਂ ਦੇ ਖਿਲਾਫ ਐਫ. ਆਈ. ਆਰ ਦਰਜ ਕਰਵਾਉਣਗੇ|

ਦਹਿਸ਼ਤ ਦੇ ਸਾਏ ਹੇਠ ਹਨ ਫੇਜ਼-5 ਦੇ ਵਸਨੀਕ : ਅਰੁਣ ਸ਼ਰਮਾ
ਮਿਉਂਸਪਲ ਕੌਂਸਲਰ ਸ੍ਰੀ ਅਰੁਣ ਕੁਮਾਰ ਸ਼ਰਮਾ ਕਹਿੰਦੇ ਹਨ ਕਿ ਪਿਛਲੇ ਸਾਲ ਹੋਈ ਭਾਰੀ ਬਰਸਾਤ ਕਾਰਣ ਫੇਜ਼-5 ਵਿੱਚ ਲੋਕਾਂ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਸੀ ਅਤੇ ਘਰਾਂ ਦੇ ਅੰਦਰ 4-4 ਫੁੱਟ ਪਾਣੀ ਜਾਣ ਕਾਰਨ ਲੋਕਾਂ ਦਾ ਸਾਰਾ ਘਰੇਲੂ ਸਾਮਾਨ ਬਰਬਾਦ ਹੋ ਗਿਆ ਸੀ| ਉਹਨਾਂ ਕਿਹਾ ਕਿ ਇਹ ਦੌਰਾਨ ਮੈਂਬਰ ਪਾਰਲੀਮੈਂਟ, ਹਲਕਾ ਵਿਧਾਇਕ ਅਤੇ ਡਿਪਟੀ ਕਮਿਸ਼ਨਰ ਵਲੋਂ ਮੌਕੇ ਦਾ ਦੌਰਾ ਕਰਕੇ ਪੀੜਤਾਂ ਨੂੰ ਮੁਆਵਜਾ ਦੇਣ ਦੀ ਗੱਲ ਆਖੀ ਸੀ ਪਰੰਤੂ ਮੁਆਵਜਾ ਦੇਣਾ ਤਾਂ ਦੂਰ, ਪਾਣੀ ਦੀ ਨਿਕਾਸੀ ਲਈ ਬਣਾਏ ਜਾਣ ਵਾਲੇ ਕਾਜ-ਵੇ ਦੀ ਉਸਾਰੀ ਦਾ ਕੰਮ ਤਕ ਸ਼ੁਰੂ ਨਹੀਂ ਕਰਵਾਇਆ ਗਿਆ ਹੈ| ਉਹਨਾਂ ਕਿਹਾ ਕਿ ਜੇਕਰ ਇਸ ਵਾਰ ਬਰਸਾਤਾਂ ਦੌਰਾਨ ਵਸਨੀਕਾਂ ਦਾ ਕੋਈ ਨੁਕਸਾਨ ਹੋਇਆ ਤਾਂ ਇਸ ਲਈ ਪ੍ਰਸ਼ਾਸ਼ਨ ਜਿੰਮੇਵਾਰੀ ਹੋਵੇਗੀ ਅਤੇ ਉਹ ਫੇਜ਼-5 ਵਸਨੀਕਾਂ ਨੂੰ ਨਾਲ ਲੈ ਕੇ ਪ੍ਰਸ਼ਾਸ਼ਨ ਦੇ ਖਿਲਾਫ ਸੰਘਰਸ਼ ਕਰਣਗੇ|

ਜਨਤਾ ਨੂੰ ਸਹਿਣੀ ਪੈਂਦੀ ਹੈ ਅਧਿਕਾਰੀਆਂ ਦੀ ਲਾਪਰਵਾਹੀ ਦੀ ਸਜਾ : ਅਸ਼ੋਕ ਝਾਅ
ਮਿਉਂਸਪਲ ਕੌਂਸਲਰ ਸ੍ਰੀ ਅਸ਼ੋਕ ਝਾਅ ਕਹਿੰਦੇ ਹਨ ਕਿ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਲਾਪਰਵਾਹੀ ਦਾ ਖਮਿਆਜਾ ਆਮ ਲੋਕਾਂ ਨੂੰ ਸਹਿਣਾ ਪੈਂਦਾ ਹੈ| ਉਹਨਾਂ ਕਿਹਾ ਕਿ ਇੱਕ ਸਾਲ ਬੀਤ ਜਾਣ ਦੇ ਬਾਵਜੂਦ ਨਿਗਮ ਵਲੋਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਕਾਜ ਵੇ ਦੀ ਉਸਾਰੀ ਨਹੀਂ ਕਰਵਾਈ ਜਦੋਂ ਕਿ ਬਰਸਾਤਾਂ ਦਾ ਮੌਸਮ ਸ਼ੁਰੂ ਵੀ ਹੋ ਗਿਆ ਹੈ ਅਤੇ ਲੋਕਾਂ ਵਿੱਚ ਭਾਰੀ ਦਹਿਸ਼ਤ ਦਾ ਮਾਹੌਲ ਹੈ|
ਉਹਨਾਂ ਕਿਹਾ ਕਿ ਨਿਗਮ ਅਧਿਕਾਰੀਆਂ ਨੂੰ ਫੇਜ਼-4 ਵਿੱਚ ਸੜਕ ਦਾ ਲੈਵਲ ਹੇਠਾਂ ਕਰਕੇ ਉਥੇ ਰੁਕਣ ਵਾਲਾ ਪਾਣੀ ਫੇਜ਼-5 ਵਿੱਚ ਕੱਢਣ ਦੀ ਤਾਂ ਪੂਰੀ ਕਾਹਲ ਹੈ ਪਰੰਤੂ ਫੇਜ਼-5 ਵਿੱਚ ਹਰ ਸਾਲ ਹੋਣ ਵਾਲੇ ਨੁਕਸਾਨ ਨੂੰ ਰੋਕਣ ਦੀ ਕੋਈ ਲੋੜ ਨਹੀਂ ਸਮਝੀ ਜਾ ਰਹੀ| ਉਹਨਾਂ ਕਿਹਾ ਕਿ ਬਰਸਾਤ ਦੌਰਾਨ ਸੀਵਰੇਜ ਵੀ Tਵਰ ਫਲੋ ਕਰਦਾ ਹੈ ਅਤੇ ਗੰਦਾ ਬਦਬੂਦਾਰ ਪਾਣੀ ਲੋਕਾਂ ਦੇ ਘਰਾਂ ਵਿੱਚ ਦਾਖਿਲ ਹੋ ਜਾਂਦਾ ਹੈ ਜਿਸਦੀ ਬਦਬੂ ਮਹੀਨਿਆਂ ਬੱਧੀ ਲੋਕਾਂ ਨੂੰ ਪ੍ਰੇਸ਼ਾਨ ਕਰਦੀ ਹੈ| ਉਹਨਾਂ ਕਿਹਾ ਕਿ ਫੇਜ਼-5 ਦੇ ਵਸਨੀਕਾਂ ਵਲੋਂ ਕਿਸ ਸਬੰਧੀ ਨਿਗਮ ਅਧਿਕਾਰੀਆਂ ਨੂੰ ਕਾਨੂੰਨੀ ਨੋਟਿਸ ਵੀ ਦਿੱਤੇ ਜਾ ਚੁੱਕੇ ਹਨ ਅਤੇ ਜੇਕਰ ਇਸ ਵਾਰ ਲੋਕਾਂ ਦਾ ਨੁਕਸਾਨ ਹੋਇਆ ਤਾਂ ਇਸਦੀ ਜਿੰਮੇਵਾਰੀ ਤੋਂ ਨਿਗਮ ਨੂੰ ਭੱਜਣ ਨਹੀਂ ਦਿੱਤਾ ਜਾਵੇਗਾ|

Leave a Reply

Your email address will not be published. Required fields are marked *