ਨਿਗਮ ਵਿੱਚ ਐਸ.ਈ. ਦੀ ਨਿਯੁਕਤੀ ਆਈ ਸਵਾਲਾਂ ਦੇ ਘੇਰੇ ਵਿੱਚ

ਨਿਗਮ ਵਿੱਚ ਐਸ.ਈ. ਦੀ ਨਿਯੁਕਤੀ ਆਈ ਸਵਾਲਾਂ ਦੇ ਘੇਰੇ ਵਿੱਚ
ਡਿਪਟੀ ਮੇਅਰ ਨੇ ਨਿਗਮ ਉਪਰ ਪੈਣ ਵਾਲੇ ਵਿੱਤੀ ਬੋਝ ਤੇ ਚਿੰਤਾ ਪ੍ਰਗਟਾਈ
ਭੁਪਿੰਦਰ ਸਿੰਘ
ਐਸ. ਏ. ਐਸ. ਨਗਰ , 1 ਜੂਨ

ਪੰਜਾਬ ਸਰਕਾਰ ਵਲੋਂ ਬਠਿੰਡਾ ਨਗਰ ਨਿਗਮ ਦੇ ਐਸ .ਈ. ਬੀ.ਡੀ ਸਿੰਗਲਾ ਨੂੰ ਨਗਰ ਨਿਗਮ ਐਸ. ਏ. ਐਸ. ਨਗਰ ਦਾ ਐਸ. ਈ. ਨਿਯੁਕਤ ਕਰ ਦਿੱਤਾ ਗਿਆ ਹੈ| ਉਹਨਾਂ ਵਲੋਂ ਭਲਕੇ ਨਗਰ ਨਿਗਮ ਦੇ ਐਸ. ਈ. ਦਾ ਚਾਰਜ ਲਏ ਜਾਣ ਦੀ ਸੰਭਾਵਨਾ ਹੈ| ਉਹ ਇਸ ਤੋਂ ਪਹਿਲਾਂ ਵੀ ਸਥਾਨਕ ਨਗਰ ਨਿਗਮ ਵਿੱਚ ( 2014 ਵਿੱਚ ) ਤੈਨਾਤ ਰਹੇ ਹਨ|
ਨਗਰ ਨਿਗਮ ਵਿੱਚ ਸੁਪਰਿਟੈਡਿੰਗ ਇੰਜਨੀਅਰ ਦੇ ਅਹੁਦੇ ਤੇ ਸਰਕਾਰ ਵਲੋਂ ਕਿਸੇ ਅਧਿਕਾਰੀ ਨੂੰ ਨਿਯੁਕਤ ਨਾ ਕੀਤੇ ਜਾਣ ਕਾਰਨ ਹੁਣ ਤਕ ਨਿਗਮ ਦੇ ਐਕਸੀਅਨ ਸ੍ਰੀ ਨਰੇਸ਼ ਬੱਤਾ ਨੂੰ ਵਾਧੂ ਚਾਰਜ ਦਿੱਤਾ ਗਿਆ ਸੀ ਅਤੇ ਹੁਣ ਸ੍ਰੀ ਸਿੰਗਲਾ ਨੂੰ ਇੱਥੇ ਨਿਯੁਕਤ ਕਰਨ ਨਾਲ ਇਸ ਅਹੁਦੇ ਦੀ ਭਰਪਾਈ ਹੋ ਗਈ ਹੈ|
ਸ੍ਰੀ ਸਿੰਗਲਾ ਨੇ ਇਸ ਸਬੰਧੀ ਸੰਪਰਕ ਕਰਨ ਤੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਹ ਬਠਿੰਡਾ ਤੋਂ ਰਿਲੀਵ ਹੋ ਗਏ ਹਨ ਅਤੇ ਉਹਨਾਂ ਵਲੋਂ ਭਲਕੇ ਆਪਣੇ ਅਹੁਦੇ ਦਾ ਚਾਰਜ ਲੈਣ ਦੀ ਸੰਭਾਵਨਾ ਹੈ|
ਸ੍ਰੀ ਸਿੰਗਲਾ ਦੀ ਨਿਗਮ ਦੇ  ਐਸ . ਈ ਦੇ ਅਹੁਦੇ ਤੇ ਹੋਈ ਨਿਯੁਕਤੀ ਸ਼ੁਰੂਆਤ ਵਿੱਚ ਹੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ| ਇਸ ਦਾ ਕਾਰਨ ਇਹ ਹੈ ਕਿ ਸ੍ਰੀ ਸਿੰਗਲਾ ਨੇ 30 ਜੂਨ ਨੂੰ ਰਿਟਾਇਰ ਹੋਣਾ ਹੈ ਅਤੇ ਸਿਰਫ ਇੱਕ ਮਹੀਨੇ ਵਾਸਤੇ ਨਗਰ ਨਿਗਮ ਵਿੱਚ ਉਹਨਾਂ ਦੀ ਇਸ ਨਿਯੁਕਤੀ ਦਾ ਨਗਰ ਨਿਗਮ ਤੇ ਵੱਡਾ ਆਰਥਿਕ ਭਾਰ ਪੈਣਾ ਹੈ| ਇਸਦਾ ਕਾਰਨ ਇਹ ਹੈ ਕਿ ਨਿਗਮ ਦੇ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਦੇ ਰਿਟਾਇਰ ਹੋਣ ਤੇ ਉਸਦੀ ਰਿਟਾਇਰਮੈਂਟ ਨਾਲ ਜੁੜੇ ਸਾਰੇ ਖਰਚੇ ( ਪੈਂਸ਼ਨਾਂ ਸਮੇਤ ) ਉਸ ਨਿਗਮ ਵਿਸ਼ੇਸ਼ ਨੂੰ ਹੀ ਅਦਾ ਕਰਨੇ ਪੈਂਦੇ ਹਨ|
ਨਗਰ ਨਿਗਮ ਦੇ ਡਿਪਟੀ ਮੇਅਰ ਸ੍ਰ. ਮਨਜੀਤ ਸਿੰਘ ਨੇ ਸਰਕਾਰ ਵੱਲੋਂ ਸ੍ਰੀ ਸਿੰਗਲਾ ਨੂੰ ਨਗਰ ਨਿਗਮ ਦਾ ਐਸ.ਈ. ਨਿਯੁਕਤ ਕਰਨ ਦੇ ਫੈਸਲੇ ਤੇ ਹੈਰਾਨੀ ਜਾਹਿਰ ਕਰਦਿਆਂ ਕਿਹਾ ਕਿ ਸਰਕਾਰ ਦੀ ਇਹ ਪਾਲਸੀ ਹੈ ਕਿ ਰਿਟਾਇਰਮੈਂਟ ਦੇ ਨੇੜੇ ਪਹੁੰਚੇ ਅਧਿਕਾਰੀਆ ਨੂੰ ਅਖਰੀਲੇ 6 ਮਹੀਨੇ ਤਕ ਉਹਨਾਂ ਦੇ ਘਰੇਲੂ ਅਤੇ ਹਰੇਕ ਜਿਲ੍ਹੇ ਵਿੱਚ ਹੀ ਤੈਨਾਤ ਕੀਤਾ ਜਾਂਦਾ ਹੈ| ਅਧਿਕਾਰੀ ਵੀ ਇਹ ਚਾਹੁੰਦਾ ਹੈ ਪਰੰਤੂ ਸਰਕਾਰ ਵਲੋਂ ਬਠਿੰਡਾ ਜਿਲ੍ਹੇ ਨਾਲ ਸੰਬੰਧਿਤ ਸ੍ਰੀ ਸਿੰਗਲਾ ਨੂੰ ਰਿਟਾਇਰਮੈਂਟ ਤੋਂ ਇਕ ਮਹੀਨੇ ਪਹਿਲਾ ਨਗਰ ਨਿਗਮ ਮੁਹਾਲੀ ਵਿੱਚ ਤੈਨਾਤ ਕੀਤਾ ਗਿਆ ਹੈ| ਉਹਨਾਂ ਕਿਹਾ ਕਿ ਉਹਨਾਂ ਨੂੰ ਸ੍ਰੀ ਸਿੰਗਲਾ ਦੀ ਇਥੇ ਨਿਯੁਕਤੀ ਤੇ ਨਿਜੀ ਤੌਰ ਤੇ ਕੋਈ ਇਤਰਾਜ ਨਹੀਂ ਹੈ ਪਰੰਤੂ ਉਹਨਾਂ ਦੀ ਨਿਯੁਕਤੀ ਦਾ ਫਾਇਦਾ ਤਾਂ ਹੀ ਹੈ  ਜੇਕਰ ਸਰਕਾਰ ਉਹਨਾਂ ਦਾ ਕਾਰਜਕਾਲ ਘੱਟੋ ਘੱਟ 2 ਸਾਲ ਲਈ ਵਧਾ ਸਕੇ| ਦੂਜੇ ਪਾਸੇ ਸਰਕਾਰ ਪਹਿਲਾ ਹੀ ਐਲਾਨ ਕਰ ਚੁੱਕੀ ਹੈ ਕਿ ਕਿਸੇ ਵੀ ਅਧਿਕਾਰੀ ਦਾ ਕਾਰਜਕਾਲ ਨਹੀਂ ਵਧੇਗਾ| ਜਿਸ ਨਾਲ ਇਹ ਲੱਗਦਾ ਹੈ ਕਿ ਬਠਿੰਡਾ ਨਿਗਮ ਵਿੱਚ ਫੰਡ ਦੀ  ਘਾਟ ਹੋਣ ਕਾਰਨ ਇਸ ਅਧਿਕਾਰੀ ਨੂੰ ਮੁਹਾਲੀ ਨਗਰ ਵਿੱਚ ਤੈਨਾਤ ਕੀਤਾ ਗਿਆ ਤਾਂ ਜੋ ਉਸਦੇ ਰਿਟਾਇਰਮੈਂਟ ਫੰਡ ਦੀ ਅਦਾਇਗੀ ਨਗਰ ਨਿਗਮ ਮੁਹਾਲੀ ਦੇ ਜਿੰਮੇ ਲਾਈ ਜਾਵੇ| ਜਿਹੜਾ ਨਾ ਸਿਰਫ ਨਿਗਮ ਤੇ ਵਿੱਤੀ ਬੋਝ ਹੈ ਬਲਕਿ ਸ਼ਹਿਰ ਵਾਸੀਆਂ ਵਲੋਂ ਵਿਕਾਸ ਕਾਰਜਾਂ ਲਈ ਦਿੱਤੇ ਜਾਂਦੇ ਟੈਕਸਾਂ ਦੀ ਰਕਮ ਦੀ ਦੁਰਵਰਤੋਂ ਹੈ|

Leave a Reply

Your email address will not be published. Required fields are marked *