ਨਿਰਾਸ਼ਾਜਨਕ ਹੈ ਕੈਪਟਨ ਸਰਕਾਰ ਦਾ ਇੱਕ ਸਾਲ ਦਾ ਕਾਰਜਕਾਲ

ਕੈਪਟਨ ਸਰਕਾਰ ਦਾ ਇੱਕ ਸਾਲ ਪੰਜਾਬ ਵਾਸੀਆਂ ਲਈ ਨਿਰਾਸ਼ਾ ਭਰਿਆ ਰਿਹਾ| ਰੇਤ ਮਾਫੀਆ, ਸ਼ਰਾਬ ਮਾਫੀਆਂ, ਟ੍ਰਾਂਸਪੋਰਟ ਮਾਫੀਆਂ ਅਤੇਨਸ਼ੇ ਦੇ ਸੌਦਾਗਰਾਂ ਨੂੰ ਨੱਥ ਪਾਉਣ ਦਾ ਹੋਕਾ ਦੇ ਕੇ ਸੱਤਾ ਵਿੱਚ ਆਈ ਕੈਪਟਨ ਸਰਕਾਰ ਨੇ ਸਾਰਿਆਂ ਹੀ ਵਾਇਦਿਆਂ ਤੇ ਯੂ-ਟਰਨ ਲੈ ਲਿਆ ਹੈ| ਟ੍ਰਾਂਸਪੋਰਟ ਮਾਫੀਆ ਪਹਿਲਾਂ ਵਾਂਗ ਹੀ ਵੱਧ ਫੁਲ ਰਿਹਾ ਹੈ ਅਤੇ ਹੁਣ ਬਾਦਲਾਂ ਦੀ ਸਰਪ੍ਰਸਤੀ ਦੇ ਨਾਲ ਨਾਲ ਕੈਪਟਨ ਸਾਹਿਬ ਦੀ ਸਰਪ੍ਰਸਤੀ ਵਾਲੇ ਟ੍ਰਾਂਸਪੋਰਟਰ ਇਸ ਦਾ ਹਿੱਸਾ ਬਣ ਗਏ ਹਨ|
ਰੇਤ ਮਾਫੀਆਂ ਤੇ ਇਕ ਸਾਲ ਬਾਅਦ ਜਾਗੀ ਕੈਪਟਨ ਸਰਕਾਰ ਰੇਤਾ ਬਜਰੀ ਮਾਫੀਆਂ ਦੇ ਅੱਗੇ ਗੋਡੇ ਟੇਕ ਚੁੱਕੀ ਹੈ| ਸਰਕਾਰ ਨਾਜਾਇਜ਼ ਰੇਤ ਮਾਫੀਆਂ ਤੇ ਲਗਾਮ ਲਾਉਣ ਦਾ ਦਾਅਵਾ ਤਾਂ ਕਰ ਰਹੀ ਹੈ ਪਰੰਤੂ ਅਸਲੀਅਤ ਇਹ ਹੈ ਕਿ ਰੇਤ ਮਾਫੀਆਂ ਅਤੇ ਕ੍ਰੈਸ਼ਰ ਮਾਲਕਾਂ ਨੇ ਰੇਤੇ ਤੇ ਬਜਰੀ ਦੀਆਂ ਕੀਮਤਾਂ ਅਸਮਾਨੀ ਚਾੜ੍ਹ ਦਿੱਤੀਆਂ ਹਨ ਜਿਸ ਨਾਲ ਸਾਧਾਰਨ ਲੋਕਾਂ ਨੂੰ ਰੇਤਾ ਬਜਰੀ ਖਰੀਦਣ ਲਈ ਮੋਟੀ ਰਕਮ ਅਦਾ ਕਰਨੀ ਪੈ ਰਹੀ ਹੈ|
ਹਾਲ ਵਿੱਚ ਹੀ ਸ਼ਰਾਬ ਦੇ ਠੇਕਿਆਂ ਦੇ ਪਹਿਲੇ ਡਰਾਅ ਤੇ ਜੇਕਰ ਝਾਤ ਮਾਰੀਏ ਤਾਂ ਬਹੁ-ਗਿਣਤੀ ਠੇਕੇ ਅਕਾਲੀ ਅਤੇ ਕਾਂਗਰਸੀ ਮਿਲ ਕੇ ਲੈ ਚੁੱਕੇ ਹਨ| ਕੁਝ ਥਾਵਾਂ ਤੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਪੁਰਾਣੇ ਠੇਕੇਦਾਰਾਂ ਗਰੁਪਾਂ ਨੇ ਨਵੇਂ ਨਾਵਾਂ ਤੇ ਠੇਕੇ ਪ੍ਰਾਪਤ ਕਰ ਲਏ ਹਨ| ਚਿੱਟੇ ਦੀ ਵਰਤੋਂ ਤੇ ਰੋਕ ਲਾਉਣ ਦੇ ਮਾਮਲੇ ਤੇ ਕੈਪਟਨ ਲੱਗਭਗ ਹੱਥ ਖੜੇ ਕਰ ਚੁੱਕੇ ਹਨ| ਮੁੱਖ ਮੰਤਰੀ ਦਾ ਇਹ ਕਹਿਣਾ ਕਿ ਹਜ਼ਾਰਾਂ ਲੋਕਾਂ ਨੂੰ ਫੜ੍ਹ ਕੇ ਜੇਲ੍ਹਾਂ ਵਿੱਚ ਡੱਕ ਦਿੱਤਾ ਹੈ, ਦਸੋ ਹੋਰ ਮਂੈ ਕੀ ਕਰਾਂ ਕਹਿਣ ਤੋਂ ਲੱਗਦਾ ਹੈ ਕਿ ਸਰਕਾਰ ਖਾਨਾ ਪੁਰਤੀ ਕਰਕੇ ਪੱਲਾ ਝਾੜ ਚੁੱਕੀ ਹੈ|
ਇਸ ਤੋਂ ਬਿਨਾ ਮੁਲਾਜਮਾਂ ਨੂੰ ਪੇ-ਕਮਿਸ਼ਨ ਦੇਣ, ਬੁਢਾਪਾ ਪੈਨਸ਼ਨਾਂ, ਹਰ ਘਰ ਇਕ ਨੌਕਰੀ ਦੇਣ ਅਤੇ ਸਮਾਰਟ ਫੋਨ ਆਦਿ ਦੇਣ ਦਾ ਵਾਅਦੇ ਵੀ ਹਵਾ ਹੋ ਚੁੱਕੇ ਹਨ | ਮੁਲਾਜ਼ਮਾਂ ਦੀ ਹਾਲਤ ਤਾਂ ਹੁਣ ਤਰਸਯੋਗ ਬਣ ਗਈ ਹੈ| ਬਾਦਲਾਂ ਦੇ ਵੇਲੇ ਦੇ ਡੀ. ਏ. ਦਾ ਬਕਾਇਆ ਤਾਂ ਕੀ ਦੇਣਾ ਸੀ ਉਲਟਾ ਤਿੰਨ ਡੀ. ਏ ਦੀਆਂ ਹੋਰ ਕਿਸ਼ਤਾਂ ਰੋਕ ਲਈਆਂ ਹਨ ਇਸ ਦੇ ਨਾਲ ਇਨਕਮ ਟੈਕਸ ਸਲੈਬ ਵਿੱਚ ਰਾਹਤ ਦੀ ਮੰਗ ਕਰਨ ਵਾਲੇ ਮੁਲਾਜ਼ਮ ਹੁਣ ਉਲਟਾ 2400 ਰੁਪਏ ਸਾਲਾਨਾ ਸਰਕਾਰ ਦੀ ਝੋਲੀ ਪਾਉਣਗੇ| ਪੰਜਾਬ ਦੇ ਖਜਾਨੇ ਦੀ ਆਰਥਿਕ ਹਾਲਤ ਸੁਧਾਰਨ ਦੇ ਦਾਅਵੇ ਕਰਨ ਵਾਲੀ ਕੈਪਟਨ ਸਰਕਾਰ ਦਾ ਕਰਜਾ ਹੋਰ ਵੱਧ ਗਿਆ ਹੈ| ਕਿਸਾਨਾਂ ਦੇ 90 ਹਜ਼ਾਰ ਕਰੋੜ ਤੋਂ ਵੱਧ ਕਰਜੇ ਮੁਆਫ ਕਰਨ ਦਾ ਵਾਅਦਾ ਕਰਨ ਵਾਲੀ ਕਾਂਗਰਸ 5 ਹਜ਼ਾਰ ਕਰੋੜ ਖਰਚ ਕੇ ਹੀ ਥੱਕ ਚੁੱਕੀ ਹੈ ਅਤੇ ਕਿਸ਼ਤਾਂ ਵਿੱਚ ਥੋੜ੍ਹਾ ਥੋੜ੍ਹਾ ਕਰਜਾ ਮੁਆਫ ਕਰਨ ਦੇ ਲਾਰੇ ਲਾ ਕੇ ਡੰਗ ਟਪਾਉਣ ਵੱਲ ਵੱਧ ਰਹੀ ਹੈ| ਅਕਾਲੀਆਂ ਵੇਲੇ ਵੀ ਲੋਕਾਂ ਨੂੰ ਰਾਹਤ ਨਹੀਂ ਮਿਲੀ ਅਤੇ ਕਾਂਗਰਸ ਸਰਕਾਰ ਵੀ ਲੋਕਾਂ ਨੂੰ ਰਾਹਤ ਦੇਣ ਵਿੱਚ ਨਾਕਾਮ ਸਾਬਿਤ ਹੋਈ ਹੈ| ਪੰਜਾਬ ਦੇ ਐਮ ਐਲ ਏ ਤੇ ਮੰਤਰੀ ਖੁਸ਼ਕਿਸਮਤ ਹਨ ਕਿਉਂਕਿ ਆਰਥਿਕ ਸੰਕਟ ਦਾ ਅਸਰ ਨਹੀਂ ਪਿਆ ਅਤੇ ਨਾ ਹੀ ਕਾਂਗਰਸ ਅਤੇ ਅਕਾਲੀ ਭਵਿੱਖ ਵਿੱਚ ਵੀ ਪੈਣ ਦੇਣਗੇ| ਹੁਣ ਲੋਕਾਂ ਨੂੰ 2019 ਦੀਆਂ ਲੋਕ ਸਭਾ ਚੋਣਾਂ ਦੀ ਉਡੀਕ ਹੈ ਅਤੇ ਵੇਖਣਾ ਇਹ ਹੈ ਕਿ ਜਨਤਾ ਇਹਨਾਂ ਚੋਣਾਂ ਸਮੇਂ ਕੀ ਰੁੱਖ ਅਖਤਿਆਰ ਕਰਦੀ ਹੈ|
ਬਗਵੰਤ ਸਿੰਘ ਬੇਦੀ

Leave a Reply

Your email address will not be published. Required fields are marked *