ਨਿੱਜੀ ਹਸਪਤਾਲਾਂ ਵਾਲਿਆਂ ਵਲੋਂ ਸਰਕਾਰ ਦੇ ਤੈਅ ਰੇਟਾਂ ਤੋਂ ਵੱਧ ਰਕਮ ਵਸੂਲ ਕੇ ਮਰੀਜਾਂ ਦੀ ਕੀਤੀ ਜਾਂਦੀ ਹੈ ਲੁੱਟ

ਨਿੱਜੀ ਹਸਪਤਾਲਾਂ ਵਾਲਿਆਂ ਵਲੋਂ ਸਰਕਾਰ ਦੇ ਤੈਅ ਰੇਟਾਂ ਤੋਂ ਵੱਧ ਰਕਮ ਵਸੂਲ ਕੇ ਮਰੀਜਾਂ ਦੀ ਕੀਤੀ ਜਾਂਦੀ ਹੈ ਲੁੱਟ
ਕੋਰੋਨਾ ਪੀੜਿਤ ਮਰੀਜਾਂ ਨੂੰ ਇਲਾਜ ਮੁਹਈਆ ਕਰਵਾਉਣ ਵਿੱਚ ਪੂਰੀ ਤਰ੍ਹਾਂ ਨਾਕਾਮ ਹੈ ਸੂਬਾ ਸਰਕਾਰ : ਬੌਬੀ ਕੰਬੋਜ
ਐਸ.ਏ.ਐਸ ਨਗਰ , 3 ਸਤੰਬਰ (ਸ.ਬ.) ਪੰਜਾਬ ਸਰਕਾਰ ਵਲੋਂ ਭਾਵੇਂ ਇਹ ਦਾਅਵੇ ਕੀਤੇ ਜਾਂਦੇ ਹਨ ਕਿ ਉਸ ਵਲੋਂ ਕੋਰੋਨਾ ਦੀ ਬਿਮਾਰੀ ਨਾਲ ਪੀੜਿਤ ਮਰੀਜਾਂ ਦੀ ਸਾਂਭ ਸੰਭਾਲ ਦੇ ਮੁਕੰਮਲ ਯਤਨ ਕੀਤੇ ਗਏ ਹਨ ਅਤੇ ਨਿੱਜੀ ਹਸਪਤਾਲਾਂ ਨੂੰ ਵੀ ਇਸ ਮੁਹਿੰਮ ਵਿੱਚ ਸ਼ਾਮਿਲ ਕੀਤਾ ਗਿਆ ਹੈ ਪਰੰਤੂ ਕੋਰੋਨਾ ਦੀ ਬਿਮਾਰੀ ਨਾਲ ਨਜਿੱਠਣ ਦੇ ਅੱਧੇ ਅਧੂਰੇ ਪ੍ਰਬੰਧ ਸਰਕਾਰ ਦੀ ਕਾਰਗੁਜਾਰੀ ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰਦੇ ਹਨ| ਜਮੀਨੀ ਹਾਲਾਤ ਇਹ ਹਨ ਕਿ ਸਰਕਾਰ ਵਲੋਂ ਪਿਛਲੇ ਛੇ ਮਹੀਨੇ ਦੌਰਾਨ ਕੋਵਿਡ ਦੀ ਬਿਮਾਰੀ ਦਾ ਸ਼ਿਕਾਰ ਹੋਣ ਵਾਲੇ ਮਰੀਜਾਂ ਦੀ ਦੇਖਭਾਲ ਲਈ ਲੋੜੀਂਦੇ ਪ੍ਰਬੰਧ ਕਰਨ ਵੱਲ ਉੱਕਾ ਹੀ ਧਿਆਨ ਨਹੀਂ ਦਿੱਤਾ ਗਿਆ ਅਤੇ ਸਰਕਾਰ ਕੋਲ ਕੋਵਿਡ ਦੇ ਲਗਾਤਾਰ ਵੱਧਦੇ ਮਰੀਜਾਂ ਦੀ ਸਾਂਭ ਸੰਭਾਲ ਦਾ ਕੋਈ ਪ੍ਰਬੰਧ ਨਹੀਂ ਹੈ| ਸਰਕਾਰੀ ਪ੍ਰਬੰਧਾਂ ਦੀ ਅਣਹੋਂਦ ਵਿੱਚ ਮਰੀਜ ਨਿੱਜੀ ਹਸਪਤਾਲ ਵੱਲ ਭੱਜਦੇ ਹਨ ਜਿੱਥੇ ਉਹਨਾਂ ਦੀ ਬਹੁਤ ਜਿਆਦਾ ਲੁੱਟ ਹੁੰਦੀ ਹੈ ਪਰੰਤੂ ਮਜਬੂਰੀ ਵਿੱਚ ਉਹਨਾਂ ਨੂੰ ਸਭ ਕੁੱਝ ਬਰਦਾਸ਼ਤ ਕਰਨਾ ਪੈਂਦਾ ਹੈ|
ਪੰਜਾਬ ਸਰਕਾਰ ਵਲੋਂ ਭਾਵੇਂ ਨਿੱਜੀ ਹਸਪਤਾਲਾਂ ਵਿੱਚ ਦਾਖਿਲ ਹੋਣ ਵਾਲੇ ਕੋਵਿਡ ਦੇ ਮਰੀਜਾਂ ਦੇ ਇਲਾਜ ਲਈ ਬਾਕਾਇਦਾ ਰੇਟ ਵੀ ਤੈਅ ਕੀਤੇ ਹੋਏ ਹਨ ਜਿਨ੍ਹਾਂ ਵਿੱਚ ਬੈਡ, ਆਈਸੀਯੂ ਇਲਾਜ ਅਤੇ ਹਸਪਤਾਲ ਵਿੱਚ ਭਰਤੀ ਹੋਣ ਦਾ ਰੇਟ ਵੀ ਸ਼ਾਮਲ ਹੈ ਅਤੇ ਨਿੱਜੀ ਹਸਪਤਾਲਾਂ ਲਈ ਮਰੀਜ ਦੀ ਹਾਲਤ ਅਤੇ ਲੋੜੀਂਦੇ ਇਲਾਜ ਅਨੁਸਾਰ 8000 ਤੋਂ ਲੈ ਕੇ 18000 ਰਪਏ ਦੀ ਰਕਮ ਤੈਅ ਕੀਤੀ ਗਈ ਹੈ, ਜਿਸ ਵਿੱਚ ਪੀ ਪੀ ਈ ਕਿੱਟ ਦੀ ਕੀਮਤ ਵੀ ਸ਼ਾਮਲ ਹੈ| ਪਰੰਤੂ ਨਿੱਜੀ ਹਸਪਤਾਲਾਂ ਵਾਲੇ ਸਰਕਾਰ ਦੇ ਇਹਨਾਂ ਹੁਕਮਾਂ ਦੀ ਬਿਲਕੁਲ ਵੀ ਪਰਵਾਹ ਨਹੀਂ ਕਰਦੇ ਅਤੇ ਮਨਮਰਜੀ ਦੇ ਚਾਰਜ ਵਸੂਲਦੇ ਹਨ|
ਸਾਬਕਾ ਕੌਂਸਲਰ ਅਤੇ ਭਾਜਪਾ ਕਿਸਾਨ ਸੰਘ ਦੇ ਸੂਬਾ ਪ੍ਰਧਾਨ ਸ੍ਰੀ ਬੌਬੀ ਕੰਬੋਜ ਨੇ ਕਿਹਾ ਕਿ ਨਿੱਜੀ ਹਸਪਤਾਲਾਂ ਵਾਲੇ ਆਮ ਲੋਕਾਂ ਦੀ ਖੁੱਲੀ ਲੁੱਟ ਕਰ ਰਹੇ ਹਨ ਉਹਨਾਂ ਕਿਹਾ ਕਿ ਮੁਹਾਲੀ ਸ਼ਹਿਰ ਪੰਜਾਬ ਦੇ ਸਿਹਤ ਮੰਤਰੀ ਦਾ ਨਿੱਜੀ ਹਲਕਾ ਵੀ ਹੈ ਪਰੰਤੂ ਇਸਦੇ ਬਾਵਜੂਦ ਸ਼ਹਿਰ ਵਿੱਚ ਸਥਿਤ ਨਿੱਜੀ ਹਸਪਤਾਲਾਂ ਵਾਲੇ ਮਰੀਜਾਂ ਤੋਂ ਜਿਹੜੀ ਰਕਮ ਵਸੂਲ ਰਹੇ ਹਨ ਉਹ ਸਰਕਾਰ ਵਲੋਂ ਤੈਅ ਸ਼ੁਦਾ ਦਰਾਂ ਤੋਂ ਕਈ ਗੁਨਾਂ ਵੱਧ ਹਨ ਪਰੰਤੂ ਇਸਦੇ ਬਾਵਜੂਦ ਕਿਤੇ ਕੋਈ ਸੁਣਵਾਈ ਨਹੀਂ ਹੁੰਦੀ|
ਉਹਨਾਂ ਕਿਹਾ ਕਿ ਬੀਤੇ ਦਿਨੀਂ ਸੈਕਟਰ 68 ਦੇ ਵਸਨੀਕ ਇੱਕ 38 ਸਾਲ ਦੇ ਨੌਜਵਾਨ (ਜਿਹੜਾ ਗਮਾਡਾ ਮੁਹਾਲੀ ਦਾ ਮੁਲਾਜਮ ਸੀ) ਨੂੰ ਖਾਂਸੀ ਦੀ ਸ਼ਿਕਾਇਤ ਹੋਣ ਤੇ ਉਹ ਖੁਦ ਗੱਡੀ ਚਲਾ ਕੇ ਸੈਕਟਰ 69 ਵਿੱਚ ਸਥਿਤ ਗ੍ਰੇਸ਼ੀਅਨ ਹਸਪਤਾਲ ਵਿੱਚ ਦਾਖਿਲ ਹੋਇਆ ਸੀ ਜਿੱਥੇ ਅਗਲੇ ਦਿਨ ਸਾਹ ਦੀ ਤਕਲੀਫ ਹੋਣ ਤੇ ਉਸਨੂੰ ਆਕਸੀਜਨ ਲਗਾਈ ਗਈ ਸੀ| ਇਸ ਸੰਬੰਧੀ ਉਸ ਵਲੋਂ ਹਸਪਤਾਲ ਤੋਂ ਆਪਣੇ ਫੋਨ ਤੇ ਆਪਣੀ ਫੋਟੋ ਵੀ ਖਿੱਚ ਕੇ ਭੇਜੀ ਸੀ| ਬਾਅਦ ਵਿੱਚ ਹਸਪਤਾਲ ਵਾਲਿਆਂ ਨੇ ਉਸਦਾ ਫੋਨ ਆਪਣੇ ਕਬਜੇ ਵਿੱਚ ਲੈ ਲਿਆ ਅਤੇ ਸੋਮਵਾਰ ਦੀ ਰਾਤ ਨੂੰ ਹਸਪਤਾਲ ਵਲੋਂ ਉਸਦੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਕਿ ਉਸਦੀ ਮੌਤ ਹੋ ਗਈ ਹੈ| ਉਹਨਾਂ ਦੱਸਿਆ ਕਿ ਜਦੋਂ ਉਹਨਾਂ ਨੂੰ ਇਹ ਗੱਲ ਪਤਾ ਲੱਗੀ ਤਾਂ ਉਹ ਵੀਰਪਾਲ ਸਿੰਘ ਸੈਣੀ ਦੀ ਭੈਣ ਨਾਲ ਗਰੇਸ਼ੀਅਨ ਹਸਪਤਾਲ ਗਏ ਜਿੱਥੇ 2 ਘੰਟੇ ਖੱਜਲਖੁਆਰੀ ਤੋਂ ਬਾਅਦ ਹਸਪਤਾਲ ਦੇ ਸਟਾਫ ਨੇ ਫੋਨ ਤੇ ਡਾ ਮਨੀਸ਼ ਨਾਲ ਗੱਲ ਕਰਵਾਈ ਜਿਹਨਾਂ ਦੱਸਿਆ ਕਿ ਮਰੀਜ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ ਤੇ ਮੰਗਲਵਾਰ ਨੂੰ ਹਸਪਤਾਲ ਵਲੋਂ ਐਸ ਐਮ ਓ ਨੂੰ ਮੇਲ ਕਰਕੇ ਬਾਡੀ ਰਿਲੀਜ ਕਰਵਾਉਣ ਦੇ ਹੁਕਮ ਮਿਲਣ ਤੋਂ ਬਾਅਦ ਟੀਮ ਨਾਲ ਜਾ ਕੇ ਸੰਸਕਾਰ ਕਰਵਾਏਗੀ ਅਤੇ ਉਹਨਾਂ ਨੂੰ ਇਹ ਕਹਿ ਕੇ ਵਾਪਸ ਭੇਜ ਦਿੱਤਾ ਗਿਆ ਕਿ ਇਸ ਬਾਰੇ ਹਸਪਤਾਲ ਵਲੋਂ ਉਹਨਾਂ ਨੂੰ ਫੋਨ ਤੇ ਜਾਣਕਾਰੀ ਦਿੱਤੀ ਜਾਵੇਗੀ|
ਉਹਨਾਂ ਕਿਹਾ ਕਿ ਅਗਲੇ ਦਿਨ ਉਹ ਮ੍ਰਿਤਕ ਦੀ ਭੈਣ ਅਤੇ ਰਿਸ਼ਤੇਦਾਰਾਂ ਨਾਲ ਹਸਪਤਾਲ ਗਏ ਅਤੇ ਅੰਤਮ ਸਸਕਾਰ ਲਈ ਮ੍ਰਿਤਕ ਸ਼ਰੀਰ ਦੇਣ ਦੀ ਮੰਗ ਕੀਤੀ ਤਾਂ ਉਹਨਾਂ ਨੂੰ ਕਿਹਾ ਗਿਆ ਕਿ ਪਹਿਲਾਂ ਹਸਪਤਾਲ ਦਾ ਬਿਲ (1 ਲੱਖ 13 ਹਜਾਰ ਰੁਪਏ) ਕਲੀਅਰ ਕਰਵਾਉਣ ਤੇ ਹੀ ਬਾਡੀ ਰਿਲੀਜ ਹੋਵੇਗੀ| ਰਿਸ਼ਤੇਦਾਰਾਂ ਨੇ ਹਸਪਤਾਲ ਦੇ ਪ੍ਰਬੰਧਕਾਂ ਨੂੰ ਦੱਸਿਆ ਕਿ ਮਰੀਜ ਦੀ ਕੈਸ਼ਲੈਸ਼ ਇਸ਼ੋਰੈਂਸ ਸੀ ਜਿਸਦੀ ਕਾਪੀ ਹਸਪਤਾਲ ਵਾਲਿਆਂ ਨੂੰ ਦਿੱਤੀ ਗਈ ਸੀ ਅਤੇ 50 ਹਜਾਰ ਰੁਪਏ ਐਡਵਾਂਸ ਵੀ ਦਿੱਤਾ ਸੀ ਜਿਸਤੇ ਹਸਪਤਾਲ ਦੇ ਡਾਕਟਰ ਨੇ ਕਿਹਾ ਕਿ ਬੀਮੇ ਦਾ ਕਲੇਮ ਪਰਿਵਾਰ ਬਾਅਦ ਵਿੱਚ ਖੁਦ ਲੈ ਲਵੇ ਅਤੇ ਹਸਪਤਾਲ ਦਾ ਬਿਲ ਪਹਿਲਾਂ ਜਮ੍ਹਾਂ ਕਰਵਾਉਣਾ ਪਵੇਗਾ| ਉਹਨਾਂ ਦੱਸਿਆ ਕਿ ਹਸਪਤਾਲ ਵਾਲਿਆਂ ਦੇ ਇਸ ਗੈਰ ਮਨੁੱਖੀ ਰਵਈਏ ਦੀ ਸ਼ਿਕਾਇਤ ਲੈ ਕੇ ਉਹ ਡੀ ਸੀ ਮੁਹਾਲੀ ਕੋਲ ਵੀ ਗਏ ਜਿੱਥੇ ਡੀ ਸੀ ਵਲੋਂ ਏ ਡੀ ਸੀ ਨੂੰ ਮਿਲਣ ਲਈ ਕਹਿ ਦਿੱਤਾ ਗਿਆ ਅਤੇ ਇਕ ਘੰਟੇ ਦੇ ਇੰਤਜਾਰ ਤੋਂ ਬਾਅਦ ਏ ਡੀ ਸੀ ਨੇ ਅੱਧੀ ਅਧੂਰੀ ਗੱਲ ਸੁਣ ਕੇ ਉਹਨਾਂ ਨੂੰ ਸਟੈਨੋ ਨੂੰ ਵੇਰਵਾ ਲਿਖਵਾਉਣ ਲਈ ਕਹਿ ਕੇ ਵਾਪਸ ਭੇਜ ਦਿੱਤਾ|
ਉਹਨਾਂ ਦੱਸਿਆ ਕਿ ਮਜਬੂਰ ਹੋ ਕੇ ਪਰਿਵਾਰ ਵਲੋਂ ਹਸਪਤਾਲ ਵਿੱਚ 63 ਹਜਾਰ ਰੁਪਏ ਹੋਰ ਜਮਾਂ ਕਰਵਾ ਦਿੱਤੇ ਗਏ ਅਤੇ ਫਿਰ ਇੱਕ ਘੰਟੇ ਦੀ ਖੱਜਲਖੁਆਰੀ ਤੋਂ ਬਾਅਦ ਹਸਪਤਾਲ ਵਾਲਿਆਂ ਨੇ ਕਿਹਾ ਕਿ ਉਹ ਜਿਲ੍ਹਾ ਪ੍ਰਸ਼ਾਸ਼ਨ ਨਾਲ ਗੱਲ ਕਰਕੇ ਗੱਡੀ ਦਾ ਪ੍ਰਬੰਧ ਕਰਨ ਕਿਉਂਕਿ ਹਸਪਤਾਲ ਦੀ ਐਂਬੂਲੈਂਸ ਮਰੀਜਾਂ ਦੇ ਸਸਕਾਰ ਲਈ ਨਹੀਂ ਭੇਜੀ ਜਾਂਦੀ| ਦੂਜੇ ਪਾਸੇ ਸਿਵਲ ਹਸਪਤਾਲ ਦੇ ਕਰਮਚਾਰੀ ਨੇ ਕਿਹਾ ਕਿ ਗੱਡੀ ਗਰੇਸ਼ੀਅਨ ਹਸਪਤਾਲ ਦੀ ਆਵੇਗੀ ਪਰੰਤੂ ਗ੍ਰੇਸ਼ੀਅਨ ਹਸਪਤਾਲ ਦੇ ਡਾਕਟਰ ਨੇ ਕਿਹਾ ਕਿ ਹਸਪਤਾਲ ਦੀਆਂ ਗੱਡੀਆਂ ਮੁਰਦਿਆਂ ਨੂੰ ਢੋਣ ਲਈ ਨਹੀਂ ਹਨ ਅਤੇ ਜਿਲ੍ਹਾ ਪ੍ਰਸ਼ਾਸ਼ਨ ਹੀ ਗੱਡੀ ਭੇਜੇਗਾ| ਉਹਨਾਂ ਕਿਹਾ ਕਿ ਬਾਅਦ ਵਿੱਚ ਸਿਵਲ ਹਸਪਤਾਲ ਵਲੋਂ ਭੇਜੀ ਐਂਬੂਲੈਂਸ ਵਿੱਚ ਉਹ ਮ੍ਰਿਤਕ ਸ਼ਰੀਰ ਨੂੰ ਸ਼ਮਸ਼ਾਨ ਘਾਟ ਲੈ ਕੇ ਗਏ ਜਿੱਥੇ ਸਸਕਾਰ ਕਰਨ ਵਾਲੇ ਸਟਾਫ (ਪੰਡਤ) ਨੇ ਵੀ ਪਰਿਵਾਰ ਨੂੰ ਦੋ ਪੀ ਪੀ ਈ ਕਿਟਾਂ ਲਿਆਉਣ ਲਈ ਕਿਹਾ ਅਤੇ ਕਿਹਾ ਕਿ ਪਰਿਵਾਰ ਦੇ ਦੋ ਵਿਅਕਤੀ ਮ੍ਰਿਤਕ ਸ਼ਰੀਰ ਨੂੰ ਅੰਦਰ ਲਿਜਾਣਗੇ| ਉਹਨਾਂ ਦੱਸਿਆ ਕਿ ਉਹਨਾਂ ਨੇ ਨਗਰ ਨਿਗਮ ਦੇ ਜੇ ਈ (ਜੋ ਸ਼ਮਸ਼ਾਨ ਘਾਟ ਦਾ ਇੰਚਾਰਜ ਹੈ) ਨਾਲ ਗੱਲ ਕੀਤੀ ਜਿਸਤੋਂ ਬਾਅਦ ਕਿਤੇ ਮ੍ਰਿਤਕ ਦਾ ਅੰਤਮ ਸਸਕਾਰ ਕੀਤਾ ਜਾ ਸਕਿਆ|
ਸ੍ਰੀ. ਕੰਬੋਜ ਨੇ ਦੱਸਿਆ ਕਿ ਅੰਤਮ ਸਸਕਾਰ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਹਸਪਤਾਲ ਵਾਲਿਆਂ ਤੋਂ ਮ੍ਰਿਤਕ ਦਾ ਸਾਮਾਨ (ਜਿਸ ਵਿੱਚ ਉਸਦੀਆਂ ਸੋਨੇ ਦੀਆਂ ਦੋ ਅੰਗੂਠੀਆਂ ਅਤੇ ਇੱਕ ਮੋਬਾਈਲ ਫੋਨ ਸ਼ਾਮਿਲ ਸੀ) ਮੰਗਿਆ ਗਿਆ ਤਾਂ ਉਹਨਾਂ ਨੂੰ ਫਿਰ ਦੋ ਘੰਟੇ ਤਕ ਬਿਠਾ ਕੇ ਰੱਖਿਆ ਗਿਆ ਅਤੇ ਬਾਅਦ ਵਿੱਚ ਅੰਗੂਠੀਆਂ ਤਾਂ ਦੇ ਦਿੱਤੀਆਂ ਗਈਆਂ ਪਰੰਤੂ ਮੋਬਾਈਲ ਫੋਨ ਵਾਪਸ ਨਹੀਂ ਦਿੱਤਾ ਗਿਆ, ਜਿਸਦੀ ਪਰਿਵਾਰ ਵਲੋਂ ਥਾਣਾ ਫੇਜ਼ 8 ਵਿੱਚ ਰਿਪੋਰਟ ਲਿਖਵਾਈ ਗਈ ਹੈ|

ਫੇਲ੍ਹ ਹੋ ਚੁੱਕਿਆ ਹੈ ਸਰਕਾਰੀ ਤੰਤਰ : ਕੰਬੋਜ
ਸ੍ਰੀ ਕੰਬੋਜ ਨੇ ਸਵਾਲ ਕੀਤਾ ਕਿ ਕੀ ਨਿੱਜੀ ਹਸਪਤਾਲਾਂ ਵਲੋਂ ਮਰੀਜਾਂ ਦੀ ਲੁੱਟ ਦੀ ਇਹ ਕਾਰਵਾਈ ਸਰਕਾਰ ਤੋਂ ਲੁਕੀ ਰਹਿ ਸਕਦੀ ਹੈ| ਉਹਨਾਂ ਕਿਹਾ ਹਾਲਾਤ ਇਹ ਹਨ ਕਿ ਸਰਕਾਰੀ ਤੰਤਰ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕਿਆ ਹੈ ਅਤੇ ਹਰੇਕ ਮਹਿਕਮਾ ਆਪਣੀ ਜਿੰਮੇਵਾਰੀ ਦੂਜੇ ਤੇ ਸੁੱਟ ਕੇ ਹੱਥ ਝਾੜਣ ਦੀ ਕੋਸ਼ਿਸ਼ ਕਰਦਾ ਦਿਖ ਰਿਹਾ ਹੈ| ਉਹਨਾਂ ਕਿਹਾ ਕਿ ਜੇਕਰ ਸਰਕਾਰ ਕੁੱਝ ਕਰਨ ਦੀ ਸਮਰਥ ਹੀ ਨਹੀਂ ਹੈ ਤਾਂ ਫਿਰ ਸਰਕਾਰ ਵਲੋਂ ਆਮ ਲੋਕਾਂ ਤੇ ਬਿਨਾ ਵਜ੍ਹਾ ਪਾਬੰਦੀਆਂ ਕਿਉਂ ਥੋਪੀਆਂ ਜਾ ਰਹੀਆਂ ਹਨ| ਉਹਨਾਂ ਕਿਹਾ ਕਿ ਸਰਕਾਰ ਦੀ ਨਾਕਮੀ ਕਾਰਨ ਆਮ ਲੋਕਾਂ ਨੂੰ ਨਿੱਜੀ ਹਸਤਾਲਾਂ ਦੀ ਖੁੱਲੀ ਲੁੱਟ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ ਅਤੇ ਸਰਕਾਰ ਤਮਾਸ਼ਾ ਵੇਖ ਰਹੀ ਹੈ|

ਸਖਤ ਕਾਰਵਾਈ ਦਾ ਸਾਮ੍ਹਣਾ ਕਰਨ ਲਈ ਤਿਆਰ ਰਹਿਣ ਮਰੀਜਾਂ ਦੀ ਲੁੱਟ ਕਰਨ ਵਾਲੇ ਹਸਪਤਾਲ : ਸਿੱਧੂ
ਨਿੱਜੀ ਹਸਪਤਾਲਾਂ ਵਿੱਚ ਦਾਖਿਲ ਹੋਣ ਵਾਲੇ ਕੋਵਿਡ ਦੇ ਮਰੀਜਾਂ ਤੋਂ ਸਰਕਾਰ ਵਲੋਂ ਤੈਅ ਦਰਾਂ ਤੋਂ ਵੱਧ ਰਕਮੀ ਦੀ ਵਸੂਲੀ ਕਰਕੇ ਮਰੀਜਾਂ ਦੀ ਲੁੱਟ ਕਰਨ ਵਾਲੇ ਨਿੱਜੀ ਹਸਪਤਾਲਾਂ ਨੂੰ ਚਿਤਾਵਨੀ ਦਿੰਦਿਆਂ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਨੇ ਨਿੱਜੀ ਹਸਪਤਾਲਾਂ ਵਾਲਿਆਂ ਨੂੰ ਕੋਵਿਡ ਦੇ ਮਰੀਜਾਂ ਦੀ ਲੁੱਟ ਦੀ ਕਾਰਵਾਈ ਤੋਂ ਬਾਜ ਆਉਣ ਦੀ ਚਿਤਾਵਨੀ ਦਿੱਤੀ ਹੈ| ਇਸ ਸੰਬੰਧੀ ਸੰਪਰਕ ਕਰਨ ਤੇ ਉਹਨਾਂ ਕਿਹਾ ਕਿ ਇਸ ਸੰਬੰਧੀ ਸਰਕਾਰ ਨੂੰ ਸ਼ਿਕਾਇਤਾਂ ਮਿਲ ਰਹੀਆਂ ਹਨ ਅਤੇ ਅਜਿਹੀ ਕਾਰਵਾਈ ਕਰਨ ਵਾਲੇ ਨਿੱਜੀ ਹਸਪਤਾਲਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਲਈ ਸਰਕਾਰ ਵਲੋਂ ਛੇਤੀ ਹੀ ਨੋਟਿਫਿਕਸ਼ਨ ਜਾਰੀ ਕੀਤਾ ਜਾ ਰਿਹਾ ਹੈ| ਉਹਨਾਂ ਕਿਹਾ ਕਿ ਇਹ ਸਮਾਂ ਪੈਸੇ ਕਮਾਉਣ ਦਾ ਨਹੀਂ ਬਲਕਿ ਸੇਵਾ ਕਰਨ ਦਾ ਹੈ ਅਤੇ ਨਿੱਜੀ ਹਸਪਤਾਲਾਂ ਵਾਲਿਆਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਉਹਨਾਂ ਵਲੋਂ ਸਰਕਾਰ ਦੀਆਂ ਹਿਦਾਇਤਾਂ ਤੋਂ ਵੱਧ ਰਕਮ ਦੀ ਵਸੂਲੀ ਕਰਨ ਤੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ|

ਹਸਪਤਾਲ ਨੇ ਮਰੀਜ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ : ਡਾ. ਵਿਨੈ
ਇਸ ਸੰਬੰਧੀ ਸੰਪਰਕ ਕਰਨ ਤੇ ਗ੍ਰੇਸ਼ੀਅਨ ਹਸਪਤਾਲ ਦੇ ਡਾਕਟਰ ਵਿਨੈ ਕੁਮਾਰ ਨੇ ਕਿਹਾ ਕਿ ਹਸਪਤਾਲ ਵਲੋਂ ਮਰੀਜਾਂ ਦੇ ਇਲਾਜ ਲਈ ਹਰ ਸੰਭਵ ਕਾਰਵਾਈ ਕੀਤੀ ਜਾਂਦੀ ਹੈ| ਮ੍ਰਿਤਕ ਸਰੀਰ ਨੂੰ ਲਿਜਾਣ ਲਈ ਐਂਬੂਲੈਂਸ ਬਾਰੇ ਉਹਨਾਂ ਕਿਹਾ ਕਿ ਮ੍ਰਿਤਕ ਸ਼ਰੀਰ ਦੇ ਅੰਤਮ ਸਸਕਾਰ ਦਾ ਪ੍ਰਬੰਧ ਕਰਨ ਦੀ ਜਿੰਮੇਵਾਰੀ ਜਿਲ੍ਹਾ ਪ੍ਰਸ਼ਾਸ਼ਨ ਦੀ ਹੈ ਅਤੇ ਉਹਨਾਂ ਨੇ ਮਰੀਜ ਦੇ ਪਰਿਵਾਰ ਨੂੰ ਇਹ ਗੱਲ ਦੱਸੀ ਸੀ| ਹਸਪਤਾਲ ਵਲੋਂ ਸਰਕਾਰ ਦੇ ਤੈਅ ਰੇਟਾਂ ਤੋਂ ਵੱਧ ਬਿਲ ਬਣਾਉਣ ਅਤੇ ਕੈਸ਼ਲੈਸ ਬੀਮਾ ਹੋਣ ਦੇ ਬਾਵਜੂਦ ਪੂਰੀ ਰਕਮ ਵਸੂਲਣ ਬਾਰੇ ਉਹਨਾਂ ਕਿਹਾ ਕਿ ਇਸ ਬਾਰੇ ਉਹ ਕੁੱਝ ਨਹੀਂ ਕਹਿ ਸਕਦੇ ਅਤੇ ਇਸ ਬਾਰੇ ਬਿਲ ਡੈਸਕ ਨਾਲ ਗੱਲ ਕੀਤੀ ਜਾਵੇ| ਮਰੀਜ ਦੇ ਸਮਾਨ ਬਾਰੇ ਉਹਨਾਂ ਕਿਹਾ ਕਿ ਹਸਪਤਾਲ ਵਲੋਂ ਮਰੀਜ ਨੂੰ ਮੋਬਾਈਲ ਫੋਨ ਰੱਖਣ ਦੀ ਇਜਾਜਤ ਨਹੀਂ ਹੈ ਅਤੇ ਜੇਕਰ ਇਸਦੇ ਬਾਵਜੂਦ ਮਰੀਜ ਆਪਣੇ ਨਾਲ ਮੋਬਾਈਲ ਫੋਨ ਲਿਆਇਆ ਸੀ ਤਾਂ ਇਸਦਾ ਜਿੰਮੇਵਾਰ ਉਹ ਖੁਦ ਹੈ| ਉਹਨਾਂ ਕਿਹਾ ਕਿ ਜੇਕਰ ਮੋਬਾਈਲ ਫੋਨ ਹਸਪਤਾਲ ਤੋਂ ਚੋਰੀ ਹੋਇਆ ਹੈ ਤਾਂ ਉਹ ਪਰਿਵਾਰ ਨੂੰ ਸੀ ਸੀ ਟੀ ਵੀ ਫੁਟੇਜ ਵਿਖਾਉਣ ਲਈ ਵੀ ਤਿਆਰ ਹਨ|

Leave a Reply

Your email address will not be published. Required fields are marked *