ਨੀਦਰਲੈਂਡ ਵਿੱਚ ਜਨਤਕ ਥਾਵਾਂ ਤੇ ਬੁਰਕਾ ਤੇ ਨਕਾਬ ਪਾਉਣ ਤੇ ਪਾਬੰਦੀ

ਹੇਗ , 29 ਜੂਨ (ਸ.ਬ.) ਫਰਾਂਸ ਅਤੇ ਬੈਲਜੀਅਮ ਦੇ ਬਾਅਦ ਹੁਣ ਇਕ ਯੂਰਪੀ ਦੇਸ਼ ਨੀਦਰਲੈਂਡ ਨੇ ਦੇਸ਼ ਵਿਚ ਬੁਰਕੇ ਤੇ ਪਾਬੰਦੀ ਲਗਾ ਦਿੱਤੀ ਹੈ| ਬੀਤੇ ਦਿਨੀਂ ਨੀਦਰਲੈਂਡ ਦੀ ਸੰਸਦ ਦੇ ਉਪਰੀ ਸਦਨ ਨੇ ਜਨਤਕ ਥਾਵਾਂ ਤੇ ਚਿਹਰਾ ਢਕਣ ਵਾਲੇ ਕੱਪੜਿਆਂ ਤੇ ਪਾਬੰਦੀ ਲਗਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ| ਫਰਾਂਸ ਅਤੇ ਬੈਲਜੀਅਮ ਦੀ ਤਰ੍ਹਾਂ ਨੀਦਰਲੈਂਡ ਵਿਚ ਬੁਰਕਾ ਅਤੇ ਨਕਾਬ ਤੇ ਸਾਰੀਆਂ ਥਾਵਾਂ ਤੇ ਪਾਬੰਦੀ ਨਹੀਂ ਲਗਾਈ ਗਈ| ਇਨ੍ਹਾਂ ਨੂੰ ਜਨਤਕ ਆਵਾਜਾਈ, ਸਿੱਖਿਆ ਸੰਸਥਾਵਾਂ, ਸਰਕਾਰੀ ਭਵਨ ਅਤੇ ਸਿਹਤ ਸੰਸਥਾਵਾਂ ਜਿਵੇਂ ਹਸਪਤਾਲ ਤੱਕ ਹੀ ਸੀਮਤ ਰੱਖਿਆ ਗਿਆ ਹੈ| ਗਲੀਆਂ ਵਿਚ ਔਰਤਾਂ ਬੁਰਕਾ ਅਤੇ ਨਕਾਬ ਦੀ ਵਰਤੋਂ ਕਰ ਸਕਦੀਆਂ ਹਨ| ਹਾਲਾਂਕਿ ਉਥੇ ਵੀ ਪੁਲੀਸ ਪਛਾਣ ਲਈ ਚਿਹਰੇ ਤੋਂ ਬੁਰਕਾ ਅਤੇ ਨਕਾਬ ਹਟਵਾ ਸਕਦੀ ਹੈ|
ਇਹ ਕਦਮ ਫਰਾਂਸ, ਬੈਲਜੀਅਮ, ਡੈਨਮਾਰਕ, ਆਸਟ੍ਰੀਆ ਅਤੇ ਬੁਲਗਾਰੀਆ ਪਹਿਲਾਂ ਹੀ ਉਠਾ ਚੁੱਕੇ ਹਨ| ਇਨ੍ਹਾਂ ਦੇਸ਼ਾਂ ਵਿਚ ਜਨਤਕ ਥਾਵਾਂ ਤੇ ਚਿਹਰਾ ਢਕਣ ਤੇ ਪਾਬੰਦੀ ਹੈ| ਇਸ ਦੇ ਇਲਾਵਾ ਸਪੇਨ ਅਤੇ ਇਟਲੀ ਦੇ ਕੁਝ ਹਿੱਸਿਆਂ ਵਿਚ ਵੀ ਚਿਹਰਾ ਢਕਣ ਤੇ ਪਾਬੰਦੀ ਹੈ| ਉਥੇ ਜਰਮਨੀ ਵਿਚ ਜੱਜ, ਸਿਵਲ ਕਰਮਚਾਰੀ ਅਤੇ ਫੌਜੀ ਲੋੜ ਪੈਣ ਤੇ ਬੁਰਕਾ ਹਟਵਾ ਸਕਦੇ ਹਨ| ਸਦਨ ਨੇ ਮੰਗਲਵਾਰ ਨੂੰ ਵੋਟਿੰਗ ਮਗਰੋਂ ਆਪਣੇ ਦੇਸ਼ ਵਿਚ ਬੁਰਕਾ ਅਤੇ ਨਕਾਬ ਜਿਹੀਆਂ ਚੀਜ਼ਾਂ ਤੇ ਪਾਬੰਦੀ ਲਗਾਉਣ ਦਾ ਫੈਸਲਾ ਦਿੱਤਾ| ਹਾਲਾਂਕਿ ਪਾਬੰਦੀ ਵਾਲੀਆਂ ਚੀਜ਼ਾਂ ਵਿਚ ਹਿਜ਼ਾਬ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ| ਜਿਸ ਨਾਲ ਸਿਰਫ ਵਾਲ ਢਕੇ ਜਾਂਦੇ ਹਨ| ਇੱਥੋਂ ਦੀਆਂ ਸਥਾਨਕ ਪਾਰਟੀਆਂ ਨੇ ਇਸ ਫੈਸਲੇ ਨੂੰ ਇਕ ਇਤਿਹਾਸਿਕ ਕਦਮ ਦੱਸਿਆ ਹੈ|

Leave a Reply

Your email address will not be published. Required fields are marked *