ਨੇਪਾਲ ਤੋਂ ਤਸਕਰੀ ਕਰ ਕੇ ਲਿਆਂਦਾ ਗਿਆ 6 ਕਰੋੜ ਦਾ ਗਾਂਜਾ ਮੱਧ ਪ੍ਰਦੇਸ਼ ਵਿੱਚ ਬਰਾਮਦ, 7 ਗ੍ਰਿਫ਼ਤਾਰ

ਇੰਦੌਰ, 8 ਅਕਤੂਬਰ (ਸ.ਬ.) ਮਾਲੀਆ ਖੁਫੀਆ ਡਾਇਰੈਕਟੋਰੇਟ (ਡੀ.ਆਰ.ਆਈ.) ਨੇ ਨੇਪਾਲ ਤੋਂ ਤਸਕਰੀ ਰਾਹੀਂ ਲਿਆਂਦੀ ਗਈ 117 ਕਿਲੋਗ੍ਰਾਮ ਹਸ਼ੀਸ਼ (ਗਾਂਜਾ) ਬਰਾਮਦ ਕਰਦੇ ਹੋਏ ਮੱਧ ਪ੍ਰਦੇਸ਼ ਦੇ ਨਰਸਿੰਘਪੁਰ ਜ਼ਿਲ੍ਹੇ ਤੋਂ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ| ਨਸ਼ੀਲੇ ਪਦਾਰਥਾਂ ਦੇ ਕਾਲੇ ਬਜ਼ਾਰ ਵਿੱਚ ਇਸ ਖੇਪ ਦੀ ਕੀਮਤ 6 ਕਰੋੜ ਰੁਪਏ ਦੱਸੀ ਜਾ ਰਹੀ ਹੈ| ਡੀ.ਆਰ.ਆਈ. ਨੇ ਜਾਰੀ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ| ਬਿਆਨ ਵਿੱਚ ਦੱਸਿਆ ਗਿਆ ਹੈ ਕਿ ਮੁਖਬਿਰ ਦੀ ਸੂਚਨਾ ਤੇ ਸਥਾਨਕ ਪੁਲੀਸ ਦੀ ਮਦਦ ਨਾਲ ਚਲਾਈ ਗਈ ਮੁਹਿੰਮ ਦੌਰਾਨ ਨਰਸਿੰਘਪੁਰ ਜ਼ਿਲ੍ਹੇ ਵਿੱਚ ਇਕ ਰਾਜਮਾਰਗ ਤੇ 2 ਕਾਰਾਂ ਨੂੰ ਰੋਕਿਆ ਗਿਆ| ਤਲਾਸ਼ੀ ਕੀਤੇ ਜਾਣ ਤੇ ਇਨ੍ਹਾਂ ਵਿੱਚੋਂ ਕੁੱਲ 117 ਕਿਲੋਗ੍ਰਾਮ ਗਾਂਜਾ ਮਿਲਿਆ| ਬਿਆਨ ਅਨੁਸਾਰ ਸ਼ਾਤਰ ਤਸਕਰਾਂ ਨੇ ਦੋਹਾਂ ਕਾਰਾਂ ਦੇ ਅੰਦਰ ਗਾਂਜਾ ਲੁਕਾਉਣ ਲਈ ਖਾਸ ਜਗ੍ਹਾ ਬਣਾਈ ਸੀ|
ਇਹ ਕਾਰਾਂ ਉੱਤਰ ਪ੍ਰਦੇਸ਼ ਅਤੇ ਤਾਮਿਲਨਾਡੂ ਵਿੱਚ ਰਜਿਸਟਰਡ ਹਨ| ਬਿਆਨ ਵਿੱਚ ਦੱਸਿਆ ਗਿਆ ਕਿ ਨਸ਼ੀਲੇ ਪਦਾਰਥ ਦੀ ਬਰਾਮਦ ਖੇਪ ਨੇਪਾਲ ਤੋਂ ਤਸਕਰੀ ਰਾਹੀਂ ਭਾਰਤ ਲਿਆਂਦੀ ਗਈ ਸੀ| ਇਸ ਤੋਂ ਬਾਅਦ ਇਸ ਨੂੰ ਉੱਤਰ ਪ੍ਰਦੇਸ਼ ਤੋਂ ਮੱਧ ਪ੍ਰਦੇਸ਼ ਦੇ ਰਸਤੇ ਚੇਨਈ ਲਿਆਂਦਾ ਜਾ ਰਿਹਾ ਸੀ| ਬਿਆਨ ਅਨੁਸਾਰ ਗਾਂਜੇ ਦੀ ਕੌਮਾਂਤਰੀ ਤਸਕਰੀ ਦੇ ਮਾਮਲੇ ਵਿੱਚ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ| ਉਨ੍ਹਾਂ ਵਿਰੁੱਧ ਐਨ.ਡੀ.ਪੀ.ਐਸ. ਐਕਟ ਦੇ ਅਧੀਨ ਸ਼ਿਕਾਇਤ ਦਰਜ ਕੀਤੀ ਗਈ ਹੈ| ਮਾਮਲੇ ਦੀ ਜਾਂਚ ਜਾਰੀ ਹੈ|

Leave a Reply

Your email address will not be published. Required fields are marked *