ਨੇਪਾਲ ਦੇ ਵਿਕਾਸ ਵਿੱਚ ਸਹਿਯੋਗ ਕਰੇਗਾ ਚੀਨ, 14 ਹੋਰ ਸਮਝੌਤਿਆਂ ਤੇ ਕੀਤੇ ਹਸਤਾਖਰ

ਬੀਜਿੰਗ, 22 ਜੂਨ (ਸ.ਬ.) ਚੀਨ ਅਤੇ ਨੇਪਾਲ ਨੇ ਬੀਤੇ ਦਿਨੀਂ 14 ਹੋਰ ਸਮਝੌਤਿਆਂ ਤੇ ਦਸਤਖਤ ਕੀਤੇ ਹਨ| ਇਨ੍ਹਾਂ ਵਿਚ ਨੇਪਾਲ ਵਿਚ ਰੇਲਵੇ ਨੈਟਵਰਕ ਤਿਆਰ ਕਰਨ ਦਾ ਸਮਝੌਤਾ ਮੁੱਖ ਹੈ| ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਇਨ੍ਹੀਂ ਦਿਨੀਂ 5 ਦਿਨਾਂ ਲਈ ਚੀਨ ਦੀ ਯਾਤਰਾ ਤੇ ਹਨ| ਉਨ੍ਹਾਂ ਨੇ ਬੁੱਧਵਾਰ ਨੂੰ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ ਸੀ, ਜਿੱਥੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਉਨ੍ਹਾਂ ਨੂੰ ਨੇਪਾਲ ਦੇ ਵਿਕਾਸ ਵਿਚ ਪੂਰੇ ਸਹਿਯੋਗ ਦਾ ਭਰੋਸਾ ਦਿੱਤਾ| ਦੋਵਾਂ ਦੇਸ਼ਾਂ ਵਿਚਕਾਰ ਹੋਏ ਸਮਝੌਤਿਆਂ ਦੇ ਬਾਰੇ ਵਿਚ ਚੀਨੀ ਮੀਡੀਆ ਨੇ ਵਿਸਥਾਰ ਜਾਣਕਾਰੀ ਨਹੀਂ ਦਿੱਤੀ ਹੈ ਪਰ ਨੇਪਾਲ ਦੀ ਇਕ ਅਖਬਾਰ ਦੀ ਖਬਰ ਵਿਚ ਦੱਸਿਆ ਗਿਆ ਕਿ ਦੋਵਾਂ ਦੇਸ਼ਾਂ ਵਿਚਕਾਰ 10 ਸਮਝੌਤਿਆਂ ਤੇ ਦਸਤਖਤ ਹੋਏ ਹਨ ਅਤੇ 4 ਐਮ.ਓ.ਯੂ. ਤੇ ਦਸਤਖਤ ਹੋਏ ਹਨ| ਇਸ ਤੋਂ ਇਲਾਵਾ ਦੋਵਾਂ ਦੇਸ਼ਾਂ ਨੇ ਊਰਜਾ ਸਹਿਯੋਗ ਤੇ ਵੀ ਦਸਤਖਤ ਕੀਤੇ ਹਨ| ਇਸ ਦੇ ਨਾਲ ਹੀ ਨੇਪਾਲ ਆਪਣੇ ਹਿੱਤ ਲਈ ਤਿੱਬਤ ਦੇ ਹਾਈਵੇਅ ਦਾ ਇਸਤੇਮਾਲ ਕਰ ਸਕੇਗਾ| ਦੋਵਾਂ ਦੇਸ਼ਾਂ ਵਿਚਕਾਰ ਆਰਥਿਕ ਅਤੇ ਤਕਨੀਕੀ ਸਹਿਯੋਗ ਦੇ ਵਾਧੂ ਮਨੁੱਖੀ ਸਰੋਤ ਵਿਕਾਸ ਲਈ ਵੀ ਸਮਝੌਤਾ ਹੋਇਆ ਹੈ| ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦੋਵਾਂ ਦੇਸ਼ਾਂ ਵਿਚਕਾਰ 2.4 ਅਰਬ ਡਾਲਰ (16,276 ਕਰੋੜ ਰੁਪਏ) ਦੇ 8 ਸਮਝੌਤਿਆਂ ਤੇ ਦਸਤਖਤ ਹੋਏ ਸਨ| ਇਨ੍ਹਾਂ ਵਿਚੋਂ ਕਈ ਸਮਝੌਤੇ ਬੁਨਿਆਦੀ ਸੁਵਿਧਾਵਾਂ ਦੇ ਵਿਕਾਸ ਦੇ ਹਨ| ਇਨ੍ਹਾਂ ਸਮਝੌਤਿਆਂ ਵਿਚ ਮਹੱਤਵਪੂਰਨ ਗੱਲ ਇਹ ਹੈ ਕਿ ਤਿੱਬਤ ਅਤੇ ਨੇਪਾਲ ਨੂੰ ਰੇਲਮਾਰਗ ਨਾਲ ਜੋੜਿਆ ਜਾਵੇਗਾ| ਇਸ ਨਾਲ ਨੇਪਾਲ ਦੇ ਵਪਾਰ ਵਿਚ ਕਾਫੀ ਵਾਧਾ ਹੋਣ ਦੀ ਸੰਭਾਵਨਾ ਹੈ| ਰਾਸ਼ਟਰਪਤੀ ਸ਼ੀ ਨੇ ਪੀ. ਐਮ. ਓਲੀ ਨਾਲ ਵਾਰਤਾ ਵਿਚ ਤਿੱਬਤ ਨੂੰ ਕਾਠਮੰਡੂ ਨਾਲ ਜੋੜਨ ਦਾ ਭਰੋਸਾ ਦਿੱਤਾ ਹੈ| ਇਨ੍ਹਾਂ ਸਮਝੌਤਿਆਂ ਜ਼ਰੀਏ ਚੀਨ ਨੇਪਾਲ ਨੂੰ ਵੱਡੇ ਰੇਲਵੇ ਅਤੇ ਰੋਡ ਨੈਟਵਰਕ ਨਾਲ ਸੰਪੂਰਨ ਬਣਾਏਗਾ| ਦੱਸਿਆ ਜਾ ਰਿਹਾ ਹੈ ਕਿ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਬੀਤੇ ਦਿਨੀਂ ਨੇਪਾਲ ਨੂੰ ਵਨ ਬੈਲਟ-ਵਨ ਰੋਡ ਪ੍ਰਾਜੈਕਟ ਦਾ ਹਿੱਸਾ ਬਣਾਉਣ ਦੀ ਘੋਸ਼ਣਾ ਵੀ ਕੀਤੀ ਸੀ|

Leave a Reply

Your email address will not be published. Required fields are marked *