ਨੈਸ਼ਨਲ ਗ੍ਰੀਨ ਟ੍ਰਿਬਿਉਨਲ ਪਹੁੰਚਿਆ ਨੇਚਰ ਪਾਰਕ ਵਿਚਲੇ ਦਰਖਤ ਵੱਢਣ ਦਾ ਮਾਮਲਾ

ਨੈਸ਼ਨਲ ਗ੍ਰੀਨ ਟ੍ਰਿਬਿਉਨਲ ਪਹੁੰਚਿਆ ਨੇਚਰ ਪਾਰਕ ਵਿਚਲੇ ਦਰਖਤ ਵੱਢਣ ਦਾ ਮਾਮਲਾ
ਗਮਾਡਾ ਨੇ ਦਰਖਤ ਵੱਢ ਕੇ ਵਾਤਾਵਰਨ ਦਾ ਘਾਣ ਕੀਤਾ : ਆਰ ਐਸ. ਬੈਦਵਾਨ
ਭੁਪਿੰਦਰ ਸਿੰਘ
ਐਸ. ਏ. ਐਸ. ਨਗਰ, 4 ਜੁਲਾਈ

ਗਮਾਡਾ ਵਲੋਂ ਫੇਜ਼-8 ਵਿੱਚ  ਗੁਰਦੁਆਰਾ ਅੰਬ ਸਾਹਿਬ ਦੇ ਪਿਛਲੇਪਾਸੇ (ਨੇਚਰ ਪਾਰਕ ਦੇ ਨਾਲ) 100 ਫੁਟੀ ਸੜਕ ਬਣਾਉਣ ਲਈ ਪਿਛਲੇ ਦਿਨੀਂ ਨੇਚਰ ਪਾਰਕ ਵਿੱਚ ਵੱਡੀ ਗਿਣਤੀ ਦਰਖਤਾਂ ਦੀ ਕਟਾਈ ਦਾ ਮਾਮਲਾ ਨੈਸ਼ਨਲ ਗ੍ਰੀਨ ਟ੍ਰਿਬਿਉਨਲ ਵਿੱਚ ਪਹੁੰਚ ਗਿਆ ਹੈ| ਫੇਜ਼-7 ਦੇ ਵਸਨੀਕ ਅਤੇ ਇਨਵਾਇਰਮੈਂਟ ਪ੍ਰੋਟੈਕਸ਼ਨ ਸੁਸਾਇਟੀ ਦੇ ਸਕੱਤਰ ਸ੍ਰ. ਆਰ ਐਸ ਬੈਦਵਾਨ ਨੇ ਇਸ ਸਬੰਧੀ ਨੈਸ਼ਨਲ ਗ੍ਰੀਨ ਟ੍ਰਿਬਿਉਨਲ ਦੇ ਚੇਅਰਮੈਨ ਨੂੰ ਪੱਤਰ ਲਿਖ ਕੇ ਦਰਖਤਾਂ ਦੀ ਕਟਾਈ ਕਰਕੇ ਵਾਤਾਵਰਨ ਦੇ ਘਾਣ ਦੀ ਕਾਰਵਾਈ ਨੂੰ ਅੰਜਾਮ ਦੇਣ ਵਾਲੇ ਗਮਾਡਾ ਦੇ ਸਬੰਧਿਤ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ|
ਜਿਕਰਯੋਗ ਹੈ ਕਿ ਗਮਾਡਾ ਵਲੋਂ ਬੀਤੇ ਦਿਨੀਂ ਫੇਜ਼-8 ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਮ੍ਹਣੇ ਵਾਲੀ ਥਾਂ ਵਿੱਚ ਉਸਾਰੇ ਜਾ ਰਹੇ ਇੱਕ ਮਲਟੀ ਸਟੈਰੀ ਮਾਲ ਦੇ ਪਿਛਲੇ ਪਾਸੇ 100 ਫੁਟੀ ਸੜਕ ਬਣਾਉਣ ਦਾ ਫੈਸਲਾ ਕੀਤਾ ਸੀ| ਇਹ ਸੜਕ ਫੇਜ਼-8 ਵਿੱਚ ਪੁਰਾਣੀ ਵਾਈ ਪੀ ਐਸ ਸੜਕ ਤੋਂ ਲੈ ਕੇ ਫੇਜ਼-8 ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪਿਛੋਂ ਲੰਘਦੀ ਸੜਕ ਤਕ ਬਣਨੀ ਹੈ ਅਤੇ ਇਸ ਸੜਕ ਦੀ ਉਸਾਰੀ ਲਈ ਗਮਾਡਾ ਵਲੋਂ ਨੇਚਰ ਪਾਰਕ ਵਿੱਚ ਦਰਜਨਾਂ ਦੀ ਗਿਣਤੀ ਵਿੱਚ ਦਰਖਤ ਵੱਢ ਦਿੱਤੇ ਹਨ ਜਿਹੜੇ ਹਾਲੇ ਵੀ ਉਥੇ ਹੀ ਪਏ ਹਨ| ਇਸ ਬਾਰੇ ਇਹ ਵੀ ਚਰਚਾ ਹੈ ਕਿ ਗਮਾਡਾ ਵਲੋਂ ਇਸ  ਇੱਥੇ ਉਸਾਰੇ ਜਾ ਰਹੇ ਇਸ ਮਾਲ ਨੂੰ ਫਾਇਦਾ ਦੇਣ ਲਈ ਹੀ ਇਹ ਸੜਕ ਬਣਾਉਣ ਦਾ ਫੈਸਲਾ ਕੀਤਾ ਹੈ ਅਤੇ ਅਜਿਹਾ ਕਰਕੇ ਇਹਨਾਂ ਦਰੱਖਤਾਂ ਤੇ ਕੁਹਾੜਾ ਚਲਾਇਆ ਗਿਆ ਹੈ|
ਇਸ ਸਬੰਧੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਚੇਅਰਮੈਨ ਨੇ ਲਿਖੇ ਆਪਣੇ ਪੱਤਰ ਵਿੱਚ ਸ੍ਰ. ਆਰ ਐਸ ਬੈਦਵਾਨ ਨੇ ਲਿਖਿਆ ਹੈ ਕਿ ਫੇਜ਼ 8 ਵਿੱਚ ਸਥਿਤ ਨੇਚਰ ਪਾਰਕ ਦੇ ਇੱਕ ਤਿਹਾਈ ਹਿੱਸੇ ਵਿੱਚ ਲੱਗੇ ਦਰੱਖਤਾਂ ਨੂੰ ਗਮਾਡਾ ਅਧਿਕਾਰੀਆਂ ਦੇ ਹੁਕਮਾਂ ਤਹਿਤ ਕੱਟ ਦਿੱਤਾ ਗਿਆ ਹੈ| ਇਹਨਾਂ ਵਿੱਚੋਂ ਵੱਡੇ ਦਰੱਖਤਾਂ ਨੂੰ ਮਸ਼ੀਨਾਂ ਦੀ ਮਦਦ ਨਾਲ ਜੜੋਂ ਪੁੱਟਿਆ ਗਿਆ ਹੈ| ਉਹਨਾਂ ਲਿਖਿਆ ਹੈ ਕਿ ਇਹ ਨੇਚਰ ਪਾਰਕ  ਸ਼ਹਿਰ ਦੀ ਬਿਹਤਰੀਨ ਥਾਂ ਹੈ ਅਤੇ ਇੱਥੇ ਵੱਖ ਵੱਖ ਔਸ਼ਧੀ ਗੁਣਾਂ ਵਾਲੇ ਦਰੱਖਤ ਲਗੇ ਹੋਏ ਹਨ|  ਉਹਨਾਂ ਲਿਖਿਆ ਹੈ ਕਿ ਜਿਹੜੇ ਦਰੱਖਤ ਕੱਟੇ ਗਏ ਹਨ| ਉਹਨਾਂ ਵਿੱਚ ਪਿੱਪਲ, ਗੁਲਾਰ, ਪਿਲਖਣ, ਜਮੋਆ, ਜਾਮੁਣ, ਖਜੂਰ, ਸਫੈਦਾ, ਸ਼ਹਿਤੂਤ, ਪੰਤਰਜੀਵ ਅਤੇ ਹੋਰ ਕਈ ਦਰੱਖਤ ਸ਼ਾਮਿਲ ਹਨ ਅਤੇ ਕਈ ਬਾਂਸਾਂ ਦੇ ਵੱਡੇ ਝੁੰਡ ਵੀ ਸਨ| ਇਹਨਾਂ ਨੂੰ ਜੜ੍ਹੋਂ ਪੁੱਟ ਦਿਤਾ ਗਿਆ ਹੈ|
ਉਹਨਾਂ ਲਿਖਿਆ ਹੈ ਕਿ ਇਹ ਹਰਾ ਭਰਾ ਇਲਾਕਾ ਕਈ ਪੰਛੀਆਂ ਦੀ ਰਿਹਾਇਸ਼ ਵੀ ਸੀ, ਜਿਹਨਾਂ ਵਿੱਚ ਮੋਰ, ਕੋਇਲ, ਫਲਾਈ ਕੇਚਰ, ਬ੍ਰੇਨ ਫੀਵਰ ਬਰਡ ਅਤੇ ਹੋਰ ਕਈ ਪੰਛੀ ਇਹਨਾਂ ਦਰੱਖਤਾਂ ਤੇ ਰਹਿੰਦੇ ਸੀ ਅਤੇ ਇਹ ਦਰੱਖਤ ਕੱਟੇ ਜਾਣ ਨਾਲ ਇਹਨਾਂ ਦਾ ਵੀ ਉਜਾੜਾ ਹੋ ਗਿਆ ਹੈ| ਸ੍ਰ. ਬੈਦਵਾਨ ਨੇ ਮੰਗ ਕੀਤੀ ਹੈ ਨੇਚਰ ਪਾਰਕ ਵਿੱਚ ਦਰੱਖਤਾਂ ਦੀ ਕਟਾਈ ਕਰਕੇ ਸ਼ਹਿਰ ਦੇ ਵਾਤਾਵਰਨ ਦੇ ਸੰਤੁਲਨ ਨੂੰ ਖਰਾਬ ਕਰਨ ਵਾਲੇ ਜਿੰਮੇਵਾਰ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ|
ਸ੍ਰ. ਬੈਦਵਾਨ ਨੇ ਕਿਹਾ ਕਿ ਵਿਕਾਸ ਦੇ ਨਾਮ ਤੇ ਇਸ ਤਰੀਕੇ ਨਾਲ ਦਰੱਖਤਾਂ ਦਾ ਘਾਟ ਕੀਤਾ ਗਿਆ ਹੈ ਅਤੇ ਵਾਤਾਵਰਨ ਨਾਲ ਖਿਲਵਾੜ ਕੀਤਾ ਗਿਆ ਹੈ ਉਸਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਤੇ ਇਸ ਲਈ ਉਹਨਾਂ ਵੱਲੋਂ ਇਸ ਸਬੰਧੀ ਕਾਨੂੰਨੀ ਲੜਾਈ ਲੜਨ ਦਾ ਫੈਸਲਾ ਕੀਤਾ ਗਿਆ ਹੈ|

Leave a Reply

Your email address will not be published. Required fields are marked *