ਨੈਸ਼ਨਲ ਹਾਈਵੇ ਅਥਾਰਿਟੀ ਵਲੋਂ ਜੀਰਕਪੁਰ ਪੰਚਕੂਲਾ ਸੜਕ ਪੁੱਟੇ ਜਾਣ ਕਾਰਨ ਰਾਹਗੀਰ ਅਤੇ ਦੁਕਾਨਦਾਰ ਪ੍ਰੇਸਾਨ

ਜੀਰਕਪੁਰ ,13 ਫਰਵਰੀ ( ਦੀਪਕ ਸ਼ਰਮਾ) ਜੀਰਕਪੁਰ- ਪੰਚਕੂਲਾ ਸੜਕ ਤੇ ਐਨ ਐਚ ਅਥਾਰਿਟੀ ਵੱਲੋਂ ਡ੍ਰੇਨੇਜ ਪਾਉਣ ਲਈ ਪੱਟੀ ਗਈ ਸੜਕ ਬਰਸਾਤ ਕਾਰਨ ਧਸ ਗਈ ਹੈ ਜਿਸ ਕਾਰਨ ਡ੍ਰੇਨੇਜ ਦੀ ਸਾਈਡ ਤੇ ਡੂੰਘੇ ਖੱਡੇ ਪੈ ਜਾਣ ਕਾਰਨ ਅਤੇ ਖੱਡਿਆਂ ਵਿੱਚ ਪਾਣੀ ਭਰਿਆ ਹੋਣ ਕਾਰਨ ਅੱਜ ਕਈ ਗੱਡੀਆਂ ਖੱਡਿਆਂ ਵਿੱਚ ਧਸ ਗਈਆਂ ਜਿਨ੍ਹਾਂ ਨੂੰ ਕਰੇਨ ਦੀ ਮਦਦ ਨਾਲ ਕੱਢਿਆ ਗਿਆ| ਦੁਕਾਨਦਾਰਾਂ ਗੌਰਵ ਖੱਨਾ, ਵਿਜੇ ਕੁਮਾਰ, ਜਰਨੈਲ ਸਿੰਘ, ਬਲਜਿੰਦਰ ਸਿੰਘ, ਹਰਨੇਕ ਸਿੰਘ ਆਦਿ ਨੇ ਦੋਸ਼ ਲਗਾਇਆ ਕਿ ਹਾਈਵੇ ਅਥਾਰਟੀ ਦੇ ਕਰਿੰਦਿਆਂ ਨੇ ਉਨ੍ਹਾਂ ਦੀਆਂ ਦੁਕਾਨਾਂ ਅੱਗੇ ਤਂੋ ਮਿੱਟੀ ਲਿਜਾ ਕੇ ਸੋਹੀ ਬੈਨਕਟ ਦੇ ਅੱਗੇ ਸੁੱਟ ਦਿੱਤੀ| ਉਨ੍ਹਾਂ ਦੋਸ਼ ਲਗਾਇਆ ਕਿ ਜਦੋ ਉਨ੍ਹਾਂ ਨੇ ਮਿੱਟੀ ਪਾਈ ਤਾਂ ਉਹ ਵੀ ਉਨ੍ਹਾਂ ਨੇ ਚੁੱਕ ਲਈ| ਉਨ੍ਹਾਂ ਦੱਸਿਆ ਕਿ ਹਾਈਵੇ ਅਥਾਰਟੀ ਨੇ ਅਜੇ ਸੋਹੀ ਬੈਨਕਟ ਵੱਲੋਂ ਸੜਕ ਚਲਾਈ ਹੋਈ ਹੈ ਅਤੇ ਉਸਤੋਂ ਅੱਗੇ ਬਲਟਾਣਾ ਮੋੜ ਤਂੋ ਸੜਕ ਪੱਟੀ ਹੋਈ ਹੈ ਜਿਸ ਕਾਰਨ ਉਨ੍ਹਾਂ ਨੂੰ ਵਾਪਿਸ ਜਾਣ ਲੱਗੇ ਵੀ ਸੋਹੀ ਬੈਨਕਟ ਤੋਂ ਹੋ ਕੇ ਜਾਣਾ ਪੈਂਦਾ ਹੈ ਅਤੇ ਉੱਥੇ ਟ੍ਰੈਫਿਕ ਹੋਣ ਕਾਰਨ ਹਾਦਸਾ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ| ਉਨ੍ਹਾਂ ਦੱਸਿਆ ਕਿ ਬੀਤੇ ਕੱਲ ਹੀ ਇੱਕ ਮੋਟਰ ਸਾਈਕਲ ਸਵਾਰ ਜੋ ਕਿ ਬਲਟਾਣਾ ਦਾ ਰਹਿਣ ਵਾਲਾ ਸੀ, ਵਾਪਿਸ ਜਾਣ ਲੱਗੇ ਇੱਕ ਕਾਰ ਨਾਲ ਟਕਰਾ ਕੇ ਜਖਮੀ ਹੋ ਗਿਆ| ਜਦੋਂ ਇਸ ਬਾਰੇ ਹਾਈਵੇ ਅਥਾਰਟੀ ਦੇ ਦੀਪਕ ਅਰੋੜਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੜਕ ਸ਼ਾਮ ਤੱਕ ਠੀਕ ਕਰਵਾ ਦਿੱਤੀ ਜਾਵੇਗੀ| ਪਰ ਖਬਰ ਲਿੱਖੇ ਜਾਣ ਤੱਕ ਸੜਕ ਠੀਕ ਨਹੀਂ ਕਰਵਾਈ ਗਈ ਸੀ|

Leave a Reply

Your email address will not be published. Required fields are marked *