ਨੋਟਬੰਦੀ ਕਾਰਨ ਹੋਈਆਂ ਮੌਤਾਂ ਦੀ ਜਿੰਮੇਵਾਰੀ ਤੈਅ ਹੋਵੇ

ਮੋਦੀ ਸਰਕਾਰ ਵਲੋਂ ਭਾਰਤ ਵਿੱਚ ਲਾਗੂ ਕੀਤੀ ਗਈ ਨੋਟਬੰਦੀ ਨੂੰ ਇਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਅਤੇ ਉਸ ਦਿਨ ਤੋਂ ਲੈ ਕੇ ਅੱਜ ਤਕ ਦੇਸ਼ ਦੀ ਜਨਤਾ ਬੈਂਕਾਂ ਅੱਗੇ ਲਾਈਨਾਂ ਵਿੱਚ ਹੀ ਖੜ੍ਹੀ ਦਿਸਦੀ ਹੈ| ਇਹਨਾਂ ਲਾਈਨਾਂ ਵਿੱਚ ਖੜੇ-ਖੜੇ ਹੀ ਸੌ ਦੇ ਕਰੀਬ ਵਿਅਕਤੀ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ| ਇਸ ਤੋਂ ਇਲਾਵਾ ਸੈਂਕੜੇ  ਲੋਕ ਬਿਮਾਰ ਹੋ ਕੇ ਹਸਪਤਾਲਾਂ ਵਿੱਚ ਆਪਣਾ ਇਲਾਜ ਕਰਵਾ ਰਹੇ ਹਨ ਪਰ ਉਹਨਾਂ ਕੋਲ ਨਵੇਂ ਨੋਟ ਨਾ ਹੋਣ ਕਾਰਨ ਉਹਨਾਂ ਨੂੰ ਇਲਾਜ ਕਰਵਾਉਣ ਵਿੱਚ ਹੀ ਮੁਸ਼ਕਿਲ ਆ ਰਹੀ ਹੈ|  ਸਭ ਤੋਂ ਮਾੜੀ ਹਾਲਤ ਤਾਂ ਉਹਨਾਂ ਦਾ ਹੋਈ ਹੈ ਜਿਹਨਾਂ ਦੇ ਘਰਾਂ ਵਿੱਚ ਇਹਨਾਂ ਦਿਨਾਂ ਦੌਰਾਨ  ਮੌਤਾਂ ਹੋਈਆਂ| ਲੋਕਾਂ ਕੋਲ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਮ੍ਰਿਤਕ ਦੇਹਾਂ ਦਾ ਅੰਤਿਮ ਸੰਸਕਾਰ ਕਰਨ ਲਈ ਵੀ ਨਵੇਂ ਨੋਟ ਨਹੀਂ ਸਨ ਜਿਸ ਕਰਕੇ ਬਹੁਤ ਮੁਸ਼ਕਿਲ ਨਾਲ ਇਹਨਾਂ ਮ੍ਰਿਤਕ ਲੋਕਾਂ ਦਾ ਸਸਕਾਰ ਕੀਤਾ ਗਿਆ|
ਸਵਾਲ ਇਹ ਪੈਦਾ ਹੁੰਦਾ ਹੈ ਕਿ ਮੋਦੀ ਸਰਕਾਰ ਦੇ ਨੋਟਬੰਦੀ ਦੇ ਫੈਸਲੇ ਕਾਰਨ ਹੋਈਆਂ ਇਕ ਸੌ ਦੇ ਕਰੀਬ ਮੌਤਾਂ ਲਈ ਆਖਿਰ ਕੌਣ ਜਿੰਮੇਵਾਰ ਹੈ ਅਤੇ ਕੀ ਇਹਨਾਂ ਮੌਤਾਂ ਦੀ ਜਿੰਮੇਵਾਰੀ ਤੈਅ ਕੀਤੀ  ਜਾਵੇਗੀ| ਨੋਟਬੰਦੀ ਦਾ ਹਾਲ ਤਾਂ ਇਹ ਹੈ ਕਿ ਹਰ ਪਾਸੇ ਹੀ ਹਾਹਾਕਾਰ ਮਚੀ ਹੋਈ ਹੈ| ਲੋਕ ਰਾਤ ਨੂੰ ਹੀ ਬੈਂਕਾਂ ਅੱਗੇ ਆ ਕੇ ਬੈਠ ਜਾਂਦੇ ਹਨ ਤੇ ਜਦੋਂ ਸਵੇਰੇ ਬੈਂਕ ਖੁਲ੍ਹਣ ਤੇ ਉਹਨਾਂ ਦੀ ਵਾਰੀ ਆਉਂਦੀ ਹੈ ਤਾਂ ਬੈਂਕ ਵਾਲੇ ਉਹਨਾਂ ਨੂੰ ਜਾਂ ਤਾਂ ਕੈਸ਼ ਨਾ ਹੋਣ ਦੀ ਗੱਲ ਕਹਿ ਕੇ ਖਾਲੀ ਮੋੜ ਦਿੰਦੇ ਹਨ ਜਾਂ ਫਿਰ ਉਹਨਾਂ ਨੂੰ ਪ੍ਰਤੀ ਵਿਅਕਤੀ ਸਿਰਫ ਦੋ-ਦੋ ਹਜਾਰ ਰੁਪਏ ਹੀ ਦਿੱਤੇ ਜਾਂਦੇ ਹਨ| ਨੋਟਬੰਦੀ ਦੇ ਇਸ ਅਮਲ ਕਾਰਨ ਕਿਸਾਨਾਂ, ਵਪਾਰੀਆਂ, ਦੁਕਾਨਦਾਰਾਂ, ਉਦਯੋਗਪਤੀਆਂ, ਮਜਦੂਰਾਂ, ਸਰਕਾਰੀ ਅਤੇ ਨਿੱਜੀ ਕੰਪਨੀਆਂ ਦੇ ਕਰਮਚਾਰੀਆਂ ਵਿੱਚ ਹਾਹਾਕਾਰ ਮਚੀ ਹੋਈ ਹੈ| ਇਹਨਾਂ ਵਰਗਾਂ ਨਾਲ ਸਬੰਧਿਤ ਲੋਕਾਂ ਦਾ ਕਹਿਣਾ ਹੈ ਕਿ ਨੋਟਬੰਦੀ ਕਾਰਨ ਉਹਨਾਂ ਨੂੰ ਨਵੇਂ ਨੋਟ ਮਿਲ ਨਹੀਂ ਰਹੇ, ਜਿਸ ਕਾਰਨ ਉਹਨਾਂ ਦਾ ਜਰੂਰੀ ਵਿੱਤੀ ਲੈਣ-ਦੇਣ ਰੁਕ ਗਿਆ ਹੈ ਅਤੇ ਉਹਨਾਂ ਦਾ ਪੂਰਾ ਕੰਮ ਠੱਪ ਹੋ ਕੇ ਰਹਿ ਗਿਆ ਹੈ|
ਬੀਤੇ ਦਿਨੀਂ ਅੰਮ੍ਰਿਤਸਰ ਦੇ ਉਦਯੋਗਪਤੀਆਂ ਵਲੋਂ ਨੋਟਬੰਦੀ ਤੋਂ ਦੁਖੀ ਹੋ ਕੇ ਆਪਣੇ ਉਦਯੋਗਾਂ ਅਤੇ ਫੈਕਟਰੀਆਂ ਦੀਆਂ ਚਾਬੀਆਂ ਡਿਪਟੀ ਕਮਿਸ਼ਨਰ ਨੂੰ ਦੇ ਦਿੱਤੀਆਂ ਗਈਆਂ ਸਨ| ਉਦਯੋਗਪਤੀ ਮੰਗ ਕਰ ਰਹੇ ਹਨ ਕਿ ਨੋਟਬੰਦੀ ਦਾ ਫੈਸਲਾ ਵਾਪਸ ਲਿਆ              ਜਾਵੇ| ਇਹਨਾਂ ਵਪਾਰੀਆਂ ਤੇ ਉਦਯੋਗਪਤੀਆਂ ਦਾ ਕਹਿਣਾ ਸੀ ਕਿ ਨੋਟਬੰਦੀ ਕਾਰਨ ਉਹਨਾਂ ਦੇ ਸਾਰੇ ਕੰਮ ਕਾਜ ਹੀ ਠੱਪ ਹੋ ਕੇ ਰਹਿ ਗਏ ਹਨ ਅਤੇ ਉਹਨਾਂ ਦਾ ਦਿਵਾਲਾ ਹੀ ਨਿਕਲ ਗਿਆ ਹੈ| ਨੋਟਬੰਦੀ ਕਾਰਨ ਸਭ ਤੋਂ ਮਾੜਾ ਹਾਲ ਆਮ ਲੋਕਾਂ ਦਾ ਹੋਇਆ ਹੈ ਜਿਹਨਾਂ ਨੂੰ ਸਾਰਾ ਸਾਰਾ ਦਿਨ ਬੈਂਕਾਂ ਦੀਆ ਲਾਈਨਾਂ ਵਿੱਚ ਖੜ੍ਹਣ ਦੇ ਬਾਵਜੂਦ ਪੈਸੇ ਨਹੀਂ ਮਿਲ ਰਹੇ| ਖੁਸ਼ੀ ਦੇ ਸਮਾਗਮ ਤਾਂ ਲੋਕਾਂ ਨੇ ਨੋਟਬੰਦੀ ਕਾਰਨ ਅੱਗੇ ਪਾ ਦਿੱਤੇ ਹਨ ਪਰ ਗਮੀ ਦੇ ਸਮਾਗਮ ਤਾਂ ਨਿਸਚਿਤ ਤਰੀਕ ਉਪਰ ਕਰਨੇ ਜਰੂਰੀ ਹੁੰਦੇ ਹਨ ਪਰੰਤੂ ਨਕਦੀ ਦੀ ਕਮੀ ਕਾਰੇ ਸਾਰੇ ਹੀ ਵਰਗਾਂ ਦੇ ਲੋਕਾਂ ਦਾ ਬੁਰਾ ਹਾਲ ਹੈ|
ਕੁਝ ਵਿਦਵਾਨ ਕਹਿੰਦੇ ਹਨ ਕਿ ਮੋਦੀ ਸਰਕਾਰ ਨੇ ਨੋਟਬੰਦੀ ਕਰਕੇ ਫਰਾਂਸ ਵਾਲੀ ਗਲਤੀ ਕੀਤੀ ਹੈ| ਫਰਾਂਸ ਨੇ ਇੱਕ ਸਦੀ ਪਹਿਲਾਂ ਨੋਟਬੰਦੀ ਕੀਤੀ ਸੀ ਜਿਸ ਕਾਰਨ ਉੱਥੇ ਹਾਹਾਕਾਰ ਮੱਚ ਗਈ ਸੀ ਉਥੇ ਉਸ ਸਮੇਂ ਹਾਲਾਤ ਖਾਨਾਜੰਗੀ ਵਾਲੇ ਬਣ ਗਏ ਸਨ ਤੇ ਨੋਟਬੰਦੀ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀ ਵੱਡੀ ਸਰਕਾਰੀ ਕੰਪਨੀ ਦਿਵਾਲੀਆ ਹੋ ਗਈ ਸੀ| ਜਿਸ ਤਰੀਕੇ ਨਾਲ ਦੇਸ਼ ਵਿੱਚ ਨੋਟਬੰਦੀ ਦੇ ਪੀੜਿਤਾ ਦੀਆਂ ਤਕਲੀਫਾਂ ਲਗਾਤਾਰ ਵੱਧ ਰਹੀਆਂ ਹਨ ਉਸ ਨਾਲ ਤਾਂ ਅਜਿਹਾ ਲੱਗਦਾ ਹੈ ਕਿ ਅਜਿਹੀ ਹੀ ਕੁਝ ਹੁਣ ਭਾਰਤ ਵਿੱਚ ਵੀ ਵਾਪਰਨ ਵਾਲਾ ਹੈ|
ਦੇਸ਼ ਵਿੱਚ ਨੋਟਬੰਦੀ ਦੇ ਸਿਤਮ ਦੀ ਮਾਰ ਹੇਠ ਆਈ ਜਨਤਾ ਦੀ ਇਸ ਤਕਲੀਫ ਲਈ ਸਿੱਧੇ ਤੌਰ ਤੇ ਪ੍ਰਧਾਨਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ਨੂੰ ਹੀ ਜੰਮੇਵਾਰ ਠਹਿਰਾਇਆ ਜਾ ਸਕਦਾ ਹੈ ਅਤੇ ਨੋਟਬੰਦੀ ਤੋਂ ਪਰੇਸ਼ਾਨ ਹੋ ਕੇ ਬੈਂਕਾਂ ਦੀਆਂ ਲਾਈਨਾਂ ਵਿੱਚ ਲੱਗੇ ਲੋਕਾਂ ਦੀਆਂ ਹੋਈਆਂ ਮੌਤਾਂ ਲਈ ਵੀ ਸਰਕਾਰ ਹੀ ਜਿੰਮੇਵਾਰ ਹੈ| ਇਹਨਾਂ ਮ੍ਰਿਤਕ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਨਸਾਫ ਦਿਵਾਉਣ ਲਈ ਜਰੂਰੀ ਹੈ ਕਿ ਨੋਟਬੰਦੀ ਕਾਰਨ ਮਾਰੇ ਗਏ ਲੋਕਾਂ ਦੀ ਮੌਤ ਲਈ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕੀਤਾ ਜਾਵੇ ਅਤੇ ਇਹਨਾਂ ਮੌਤਾਂ ਦੀ ਜਿੰਮੇਵਾਰੀ ਤੈਅ ਕਰਨ ਲਈ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ| ਸਰਕਾਰ ਇਹਨਾਂ ਮੌਤਾਂ ਦੀ ਜਿੰਮੇਵਾਰੀ ਤੋਂ ਕਿਸੇ ਵੀ ਸੂਰਤ ਵਿੱਚ ਨਹੀਂ ਭੱਜ ਸਕਦੀ ਅਤੇ ਇਸ ਸੰਬੰਧੀ ਸਰਕਾਰ ਦੀ ਜਿੰਮੇਵਾਰੀ ਤੈਅ ਹੋਣੀ ਹੀ ਚਾਹੀਦੀ ਹੈ|

Leave a Reply

Your email address will not be published. Required fields are marked *