ਨੋਟਬੰਦੀ ਦਾ ਅਸਰ ਅਜੇ ਵੀ ਜਾਰੀ

ਪਿਛਲੇ ਇੱਕ ਸਾਲ ਦੇ ਦੌਰਾਨ ਨੋਟਬੰਦੀ ਅਤੇ ਜੀਐਸਟੀ ਵਰਗੇ ਜੋ ਵੱਡੇ ਫੈਸਲੇ ਹੋਏ, ਉਨ੍ਹਾਂ ਦਾ ਸਿੱਧਾ ਅਸਰ ਲੋਕਾਂ ਦੇ ਆਰਥਿਕ ਲੈਣ-ਦੇਣ ਤੇ ਦਿਸਿਆ| ਬਾਜ਼ਾਰ ਵਿੱਚ ਆਮ ਖਪਤਕਾਰ ਵਸਤੂਆਂ ਸਮੇਤ ਤਮਾਮ ਖੇਤਰਾਂ ਵਿੱਚ ਖਰੀਦ-ਵਿਕਰੀ ਦੇ ਮਾਮਲੇ ਵਿੱਚ ਵੱਡੀ ਗਿਰਾਵਟ ਨੂੰ ਲੈ ਕੇ ਚਿੰਤਾ ਜਾਹਿਰ ਕੀਤੀ ਗਈ ਪਰ ਸਭ ਤੋਂ ਵੱਡੇ ਨੁਕਸਾਨ ਵਾਲੇ ਖੇਤਰਾਂ ਵਿੱਚ ਰਿਅਲ ਐਸਟੇਟ ਦੇ ਕਾਰੋਬਾਰ ਨੂੰ ਵੇਖਿਆ ਗਿਆ, ਜਿਸ ਵਿੱਚ ਖਾਸ ਤੌਰ ਤੇ ਵੱਡੇ ਸ਼ਹਿਰਾਂ ਵਿੱਚ ਨਵੇਂ ਬਣੇ ਮਕਾਨਾਂ ਦੀ ਖਰੀਦ-ਵਿਕਰੀ ਵਿੱਚ ਕਾਫ਼ੀ ਕਮੀ ਦਰਜ ਕੀਤੀ ਗਈ| ਹੁਣ ਇੱਕ ਤਾਜ਼ਾ ਰਿਪੋਰਟ ਦੇ ਮੁਤਾਬਕ ਜੁਲਾਈ ਤੋਂ ਸਤੰਬਰ ਦੀ ਤੀਮਾਹੀ ਦੇ ਦੌਰਾਨ ਦੇਸ਼ ਦੇ ਨੌਂ ਪ੍ਰਮੁੱਖ ਸ਼ਹਿਰਾਂ ਵਿੱਚ ਮਕਾਨਾਂ ਦੀ ਵਿਕਰੀ ਵਿੱਚ ਅਠਾਰਾਂ ਫ਼ੀਸਦੀ ਦੀ ਕਮੀ ਆਈ| ਜਾਹਿਰ ਹੈ, ਜਿਵੇਂ ਕਿ ਪਿਛਲੇ ਕੁੱਝ ਸਮੇਂ ਤੋਂ ਕਈ ਅਨੁਮਾਨਾਂ ਵਿੱਚ ਕਿਹਾ ਜਾ ਰਿਹਾ ਸੀ, ਜਾਇਦਾਦ ਬਾਜ਼ਾਰ ਵਿੱਚ ਘਰਾਂ ਦੀ ਮੰਗ ਵਿੱਚ ਕਾਫ਼ੀ ਸੁਸਤੀ ਇਸ ਗਿਰਾਵਟ ਦੀ ਮੁੱਖ ਵਜ੍ਹਾ ਹੈ| ਇਹ ਅਸਰ ਦੇਸ਼ ਦੇ ਜਿਆਦਾਤਰ ਸ਼ਹਿਰਾਂ ਵਿੱਚ ਦਰਜ ਕੀਤਾ ਗਿਆ ਪਰ ਖਾਸ ਤੌਰ ਤੇ ਸੱਤ ਸ਼ਹਿਰਾਂ ਪੂਨੇ, ਨੋਏਡਾ, ਬੰਗਲੂਰ, ਚੇਨਈ, ਹੈਦਰਾਬਾਦ, ਕੋਲਕਾਤਾ ਅਤੇ ਅਹਿਮਦਾਬਾਦ ਵਿੱਚ ਘਰਾਂ ਦੀ ਵਿਕਰੀ ਅਤੇ ਨਵੀਂ ਪੇਸ਼ਕਸ਼, ਦੋਵੇਂ ਪੱਧਰਾਂ ਵਿੱਚ ਵੱਡੀ ਗਿਰਾਵਟ ਆਈ|
ਹਾਲਾਂਕਿ ਦੇਸ਼ ਦੀ ਆਰਥਿਕ ਰਾਜਧਾਨੀ ਦੇ ਤੌਰ ਤੇ ਮਸ਼ਹੂਰ ਮੁੰਬਈ  ਤੋਂ ਇਲਾਵਾ ਗੁਰੂਗ੍ਰਾਮ ਵਿੱਚ ਇਸ ਮੰਗ ਅਤੇ ਸਪਲਾਈ, ਦੋਵਾਂ ਵਿੱਚ ਵਾਧਾ ਹੋਇਆ ਪਰ ਉਸਨੂੰ ਜਿਕਰਯੋਗ ਨਹੀਂ ਕਿਹਾ ਜਾ ਸਕਦਾ| ਦਰਅਸਲ, ਨਵੇਂ ਰੀਅਲ ਐਸਟੇਟ ਕਾਨੂੰਨ ਅਤੇ ਜੀਐਸਟੀ ਦੀ ਨਵੀਂ ਵਿਵਸਥਾ ਤੋਂ ਬਾਅਦ ਦੂਜੀ ਤੀਮਾਹੀ ਵਿੱਚ ਜਿੱਥੇ ਘੱਟ ਗਿਣਤੀ ਵਿੱਚ ਨਵੇਂ ਮਕਾਨ ਖਰੀਦਦਾਰੀ ਲਈ ਉਪਲੱਬਧ ਹੋਏ, ਉਥੇ ਹੀ ਵਿਕਰੀ ਵੀ ਕਾਫ਼ੀ ਘੱਟ ਹੋਈ ਪਰ ਇੱਕ ਤਰ੍ਹਾਂ ਨਾਲ ਅਘੋਸ਼ਿਤ ਮੰਦੀ ਦੀ ਮਾਰ ਦੇ ਵਿਚਾਲੇ ਤਿਉਹਾਰੀ ਮੌਸਮ ਲਈ ਛੂਟ ਅਤੇ ਰਿਆਇਤਾਂ ਦੀ ਪੇਸ਼ਕਸ਼ ਤੋਂ ਬਾਅਦ ਹਾਲਾਤ ਵਿੱਚ ਕੁੱਝ ਸੁਧਾਰ ਹੋਏ ਅਤੇ ਸਤੰਬਰ ਮਹੀਨੇ ਵਿੱਚ ਘਰਾਂ ਦੀ ਵਿਕਰੀ ਥੋੜ੍ਹੀ ਵਧੀ| ਹੋ ਸਕਦਾ ਹੈ ਕਿ ਵਾਧੇ ਦੇ ਇਸ ਅੰਕੜੇ ਨੂੰ ਉਤਸ਼ਾਹ ਵਧਾਉਣ ਲਈ ਪੇਸ਼ ਕੀਤਾ ਜਾਵੇ ਪਰ ਪਿਛਲੇ ਕਰੀਬ ਇੱਕ ਸਾਲ ਤੋਂ ਲਗਾਤਾਰ ਇਸ ਖੇਤਰ ਵਿੱਚ ਜਿਸ ਤਰ੍ਹਾਂ ਦੀ ਮੰਦੀ ਵੇਖੀ ਜਾ ਰਹੀ ਹੈ, ਉਸ ਵਿੱਚ ਕੁੱਝ ਖਾਸ ਹਲਾਤਾਂ ਵਿੱਚ ਹੋਏ ਮਾਮੂਲੀ ਸਕਾਰਾਤਮਕ ਫੇਰਬਦਲ ਨੂੰ ਦੇਸ਼ ਦੀ ਸਮੁੱਚੀ ਅਰਥਵਿਵਸਥਾ ਦੇ ਲਿਹਾਜ਼ ਨਾਲ ਸੰਤੋਸ਼ਜਨਕ ਨਹੀਂ ਕਿਹਾ ਜਾ ਸਕਦਾ ਹੈ|
ਜਿਕਰਯੋਗ ਹੈ ਕਿ ਹਾਲਾਤ ਵਿੱਚ ਸੁਧਾਰ ਦੀ ਜੋ ਤਸਵੀਰ ਸਾਹਮਣੇ ਆਈ ਵੀ ਹੈ, ਉਹ ਪੱਚੀ ਲੱਖ ਤੋਂ ਘੱਟ ਕੀਮਤ ਦੇ ਘਰਾਂ ਦੀ ਖਰੀਦਦਾਰੀ  ਦੇ ਮਾਮਲੇ ਵਿੱਚ ਹੈ| ਉਸਦੀ ਵਜ੍ਹਾ ਵੀ ਇਹ ਹੈ ਕਿ ਇਸ ਸ਼੍ਰੇਣੀ ਵਿੱਚ ਸਰਕਾਰ ਵਲੋਂ ਕੁੱਝ ਸੁਵਿਧਾਵਾਂ ਦਿੱਤੀਆਂ ਗਈਆਂ ਅਤੇ ਸਸਤੇ ਦਰਾਂ ਉੱਤੇ ਕਰਜ ਉਪਲੱਬਧ ਕਰਵਾਇਆ ਗਿਆ ਪਰ ਅਰਥਵਿਵਸਥਾ ਦੀ ਬੁਨਿਆਦ ਜਿਨ੍ਹਾਂ ਕਾਰਕਾਂ ਉੱਤੇ ਖੜੀ ਹੁੰਦੀ ਹੈ, ਉਨ੍ਹਾਂ ਵਿੱਚ ਇਸ ਆਵਾਸ ਵਰਗ ਦੇ ਬਾਜ਼ਾਰ ਦੇ ਅੰਕੜੇ ਬਹੁਤ ਮਦਦਗਾਰ ਸਾਬਤ ਨਹੀਂ ਹੋ ਸਕਦੇ| ਇਸਦੇ ਮੁਕਾਬਲੇ ਹਾਲ ਵਿੱਚ ਕੁੱਝ ਅਜਿਹੇ ਮਾਮਲੇ ਵੀ ਸਾਹਮਣੇ ਆਏ ਜਿਨ੍ਹਾਂ ਵਿੱਚ ਕਈ ਆਵਾਸ ਪਰਿਯੋਜਨਾਵਾਂ ਵਿੱਚ ਕਾਫ਼ੀ ਦੇਰੀ ਹੋ ਰਹੀ ਹੈ| ਇਸ ਵਿੱਚ ਪਹਿਲਾਂ ਹੀ ਰਕਮ ਦਾ ਪੂਰਾ ਜਾਂ ਕਾਫ਼ੀ ਹਿੱਸਾ ਚੁਕਾ ਦੇਣ ਅਤੇ ਲੰਬੇ ਸਮੇਂ ਦੇ ਇੰਤਜਾਰ ਦੇ ਬਾਵਜੂਦ ਘਰ ਹਾਸਲ ਕਰਨ ਵਿੱਚ ਨਾਕਾਮ ਲੋਕ ਹੁਣ ਅਦਾਲਤ ਦੀ ਸ਼ਰਨ ਲੈਣ ਲੱਗੇ ਹਨ| ਇਹ ਕਿਸੇ ਤੋਂ ਲੁਕਿਆ ਨਹੀਂ ਹੈ ਕਿ ਨੋਟਬੰਦੀ ਦਾ ਫੈਸਲਾ ਲਾਗੂ ਹੋਣ ਤੋਂ ਬਾਅਦ ਜਾਇਦਾਦ ਬਾਜ਼ਾਰ ਦੀ ਰਫ਼ਤਾਰ ਕਾਫ਼ੀ ਹੌਲੀ ਬਣੀ ਹੋਈ ਹੈ ਅਤੇ ਰੀਅਲ ਐਸਟੇਟ ਖੇਤਰ ਸੰਕਟਪੂਰਣ ਦੌਰ ਵਿਚੋਂ ਗੁਜਰ ਰਿਹਾ ਹੈ|
ਕ੍ਰਿਸ਼ਨਾ ਮੂਰਤੀ

Leave a Reply

Your email address will not be published. Required fields are marked *