ਨੋਟਬੰਦੀ ਦੀ ਮਾਰ ਵਪਾਰ ਅਤੇ ਉਦਯੋਗਾਂ ਨੂੰ ਹੋਇਆ ਨੁਕਸਾਨ, ਕੰਮ ਠੱਪ ਹੋਣ ਕਾਰਨ ਕਾਮੇ ਵੀ ਹੋ ਰਹੇ ਹਨ ਬੇਰੁਜਗਾਰ

ਐਸ.ਏ.ਐਸ.ਨਗਰ, 30 ਦਸੰਬਰ (ਸ.ਬ) ਬੀਤੀ ਅੱਠ ਨਵੰਬਰ ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਕੀਤੇ ਗਏ ਨੋਟਬੰਦੀ ਦੇ ਐਲਾਨ ਤੋਂ ਬਾਅਦ ਤੋਂ ਹੁਣ ਤਕ ਭਾਵੇਂ ਕੇਂਦਰ ਸਰਕਾਰ ਦੇ ਮੰਤਰੀਆਂ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਨੋਟਬੰਦੀ ਦਾ ਦੇਸ਼ ਦੀ ਅਰਥਵਿਵਸਥਾ ਤੇ ਕੋਈ ਮਾੜਾ ਅਸਰ ਨਹੀਂ ਹੈ ਪਰੰਤੂ ਜਮੀਨੀ ਹਾਲਾਤ ਇਹ ਹਨ ਕਿ ਨੋਟਬੰਦੀ ਦੀ ਇਸ ਮਾਰ ਨੇ ਬਾਜਾਰ ਤੇ  ਬਹੁਤ ਬੁਰਾ ਅਸਰ ਪਾਇਆ ਹੈ ਅਤੇ ਲੋਕਾਂ ਦਾ ਕਾਰੋਬਾਰ ਬੁਰੀ ਤਰ੍ਹਾਂ ਠੱਪ ਹੋ ਕੇ ਰਹਿ ਗਿਆ ਹੈ|
ਨੋਟਬੰਦੀ ਦੇ ਐਲਾਨ ਨੂੰ 50 ਦਿਨ ਹੋ ਚੁੱਕੇ ਹਨ ਅਤੇ ਕੇਂਦਰ ਸਰਕਾਰ ਦਾ ਦਾਅਵਾ ਸੀ ਕਿ 50 ਦਿਨਾਂ ਵਿੱਚ ਹਾਲਾਤ ਪੂਰੀ ਤਰ੍ਹਾਂ ਨਾਰਮਲ ਹੋ ਜਾਣਗੇ ਪਰੰਤੂ ਬਾਜ਼ਾਰ ਦੇ ਜੋ ਹਾਲਾਤ ਹਨ ਉਹਨਾਂ ਨੂੰ ਵੇਖ ਕੇ ਅਜਿਹਾ ਲੱਗਦਾ ਹੈ ਕਿ ਘੱਟੋਂ-ਘੱਟ ਤਿੰਨ ਚਾਰ ਮਹੀਨੇ ਤੱਕ ਬਾਜਾਰ ਦੀ ਹਾਲਾਤ ਸੁਧਰਨ ਦੀ ਕੋਈ ਉਮੀਦ ਨਹੀਂ ਹੈ|
ਸ਼ਹਿਰ ਦੇ ਵੱਖ ਵੱਖ ਵਪਾਰੀਆਂ ਨਾਲ ਗੱਲ ਕਰੀਏ ਤਾਂ ਜਿਆਦਾਤਰ ਦਾ ਇਹ ਕਹਿਣਾ ਹੈ ਕਿ ਉਹਨਾ ਦਾ ਕਾਰੋਬਾਰ ਅੱਧੇ ਤੋਂ ਵੀ ਘੱਟ ਗਿਆ ਹੈ ਅਤੇ ਜਿਹੜੇ ਗ੍ਰਾਹਕ ਆਉਂਦੇ ਵੀ ਹਨ ਉਹ ਵੀ ਸਾਮਾਨ ਖਰੀਦਣ ਵਿੱਚ ਪੂਰੀ ਕੰਜੂਸੀ ਵਰਤ ਰਹੇ ਹਨ ਜਿਸ ਕਾਰਨ ਜਿੱਥੇ ਉਹਨਾਂ ਦਾ ਮੁਨਾਫਾ ਘੱਟ ਗਿਆ ਹੈ ਉੱਥੇ ਵਿਕਰੀ ਘੱਟ ਹੋਣ ਕਾਰਨ ਆਮ ਦੁਕਾਨਦਾਰਾਂ ਲਈ ਖਰਚੇ ਕੱਢਣੇ ਵੀ ਔਖੇ ਹੋ ਗਏ ਹਨ| ਦੁਕਾਨਦਾਰਾਂ ਵੱਲੋਂ ਆਪਣੇ ਖਰਚੇ ਘੱਟ ਕਰਨ ਲਈ ਆਪਣੇ ਕਰਮਚਾਰੀਆਂ ਦੀ ਛਾਂਟੀ ਕੀਤੀ ਜਾ ਰਹੀ ਹੈ ਜਿਸ ਕਾਰਣ ਬੇਰੁਜਗਾਰੀ ਵੱਧ ਰਹੀ ਹੈ|
ਉਦਯੋਗਾਂ ਤੇ ਵੀ ਨੋਟਬੰਦੀ ਦਾ ਮਾਰ ਕਾਫੀ ਜਿਆਦਾ ਪਈ ਹੈ ਅਤੇ ਉਦਯੋਗਾਂ ਦੇ ਆਰਡਰ ਘੱਟ ਹੋ ਜਾਣ ਕਾਰਨ ਉਹਨਾਂ ਦਾ ਉਤਪਾਦਨ ਘੱਟ ਹੋ ਗਿਆ ਹੈ| ਨੋਟਬੰਦੀ ਤੋਂ ਪਹਿਲਾਂ 2 ਅਤੇ 3 ਸ਼ਿਫਟਾਂ ਤੱਕ ਵਿੱਚ ਕੰਮ ਚਲਾਉਣ ਵਾਲੇ ਉਦਯੋਗ ਹੁਣ ਇੱਕ ਸ਼ਿਫਟ ਨਾਲ ਹੀ ਕੰਮ ਚਲਾ ਰਹੇ ਹਨ| ਊਦਯੋਗਾਂ ਵਿੱਚ ਉਤਪਾਦਨ ਘੱਟਣ ਦਾ ਅਸਰ ਉਦਯੋਗਿਕ ਕਾਮਿਆਂ ਦੇ ਰੁਜਗਾਰ ਤੇ ਪਿਆ ਹੈ ਜਿਹੜੇ ਫੈਕਟ੍ਰੀਆਂ ਵਿੱਚ ਕੰਮ ਨਾ ਮਿਲਣ ਕਾਰਣ ਵਿਹਲੇ ਹੋ ਗਏ ਹਨ|
ਨੋਟਬੰਦੀ ਦੀ ਇਸ ਕਾਰਵਾਈ ਨਾਲ ਸਭ ਤੋਂ ਵੱਧ ਮਾਰ ਪ੍ਰਾਪਰਟੀ ਬਾਜ਼ਾਰ ਤੇ ਪਈ ਹੈ ਜਿਸ ਕਾਰਨ ਜਿੱਥੇ ਨਵੇਂ ਹੋਣ ਵਾਲੇ ਸੌਦਿਆਂ ਦੇ ਪੂਰੀ ਤਰ੍ਹਾਂ ਰੋਕ ਲਗਣ ਕਾਰਨ ਪ੍ਰਾਪਰਟੀ ਦੀ ਕੀਮਤ ਵਿੱਚ 30 ਤੋਂ 40 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਉਥੇ ਇਸ ਕਾਰਣ ਪ੍ਰਾਪਰਟੀ ਡੀਲਰ ਵੀ ਪੂਰੀ ਤਰ੍ਹਾਂ ਵਿਹਲੇ ਹੋ ਗਏ ਹਨ|
ਨੋਟਬੰਦੀ ਦੀ ਇਸ ਮਾਰ ਕਾਰਣ ਨਵੇਂ ਸਾਲ ਦੀਆਂ ਡਾਇਰੀਆਂ ਅਤੇ ਕੈਲਂਡਰ ਆਦਿ ਛਾਪਣ ਵਾਲੇ ਵੀ ਪੂਰੀ ਤਰ੍ਹਾਂ ਵਿਹਲੇ ਹੋ ਗਏ ਹਨ| ਕਾਰੋਬਾਰ ਵਿੱਚ ਛਾਈ ਮੰਦੀ ਕਾਰਣ ਦੁਕਾਨਦਾਰ ਅਤੇ ਉਦਯੋਗਪਤੀ ਡਾਇਰੀਆਂ ਅਤੇ ਕੈਲਂਡਰ ਦੇ ਆਰਡਰ ਨਹੀਂ ਦੇ ਰਹੇ ਜਿਸ ਕਾਰਨ ਇਹ ਸਾਮਾਨ ਬਣਾਉਣ ਅਤੇ ਵੇਚਣ ਵਾਲੇ ਵਿਅਕਤੀ ਪੂਰੀ ਤਰ੍ਹਾਂ ਵਿਹਲੇ ਹੋ ਗਏ ਹਨ|
ਨੋਟਬੰਦੀ ਦੀ ਮਾਰ ਕ੍ਰਿਸਮਸ ਅਤੇ ਨਵੇਂ ਸਾਲ ਮੌਕੇ ਲੋਕਾਂ ਵੱਲੋਂ ਕੀਤੀ ਜਾਣ ਵਾਲੀ ਖਰੀਦਦਾਰੀ ਵੀ ਬਹੁਤ ਘੱਟ ਹੋਈ ਹੈ ਅਤੇ ਹੁਣੇ ਕਾਰੋਬਾਰ ਦੇ ਠੀਕ ਹੋਣ ਦੀ ਕੋਈ ਆਸ ਨਹੀਂ ਦਿਖ ਰਹੀ ਹੈ|
ਆਮ ਲੋਕਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਨੋਟਬੰਦੀ ਦਾ ਫੈਸਲਾ ਕਰਕੇ ਉਹਨਾਂ ਦੇ ਵਪਾਰ ਅਤੇ ਹੋਰ ਕੰਮ ਧੰਦੇ ਤਬਾਹ ਕਰ ਦਿੱਤੇ ਹਨ| ਲੋਕ ਇਲਜਾਮ ਲਗਾ ਰਹੇ ਹਨ ਕਿ ਨੋਟਬੰਦੀ ਦਾ ਕਾਲੇ ਧਨ ਵਾਲਿਆਂ ਉਪਰ ਤਾਂ ਕੋਈ ਅਸਰ ਨਹੀਂ ਹੋਇਆ ਪਰ ਇਸਦੀ ਸਭ ਤੋਂ ਵੱਧ ਮਾਰ ਆਮ ਲੋਕਾਂ ਨੂੰ ਪੈ ਰਹੀ  ਹੈ, ਆਮ ਲੋਕ ਰਾਤ ਨੂੰ ਹੀ ਬੈਂਕਾਂ ਅੱਗੇ ਡੇਰੇ ਲਗਾ ਕੇ ਬੈਠ ਜਾਂਦੇ ਹਨ ਪਰ ਸਵੇਰੇ ਬੈਂਕ ਖੁਲਣ ਮਗਰੋਂ ਬੈਂਕ ਕਰਮਚਾਰੀ ਕੈਸ਼ ਨਾ ਹੋਣ ਦਾ ਫੱਟਾ ਲਾ ਦਿੰਦੇ ਹਨ, ਜਿਸ ਕਰਕੇ ਆਮ ਜਨਤਾ ਵਿਚ ਹਾਹਾਕਾਰ ਮੱਚੀ ਹੋਈ ਹੈ| ਕਈ ਬੈਂਕਾਂ ਵਿੱਚ ਤਾਂ ਦਸ ਦਸ ਦਿਨ ਬਾਅਦ ਕੈਸ਼ ਆ ਰਿਹਾ ਹੈ ਜਿਸ ਕਾਰਨ ਆਮ ਲੋਕ ਪ੍ਰੇਸ਼ਾਨ ਹੋ ਰਹੇ ਹਨ|

Leave a Reply

Your email address will not be published. Required fields are marked *