ਨੋਟਬੰਦੀ ਲਾਗੂ ਕਰਨ ਦੇ ਫੈਸਲੇ ਨੇ ਬਣਾਇਆ ਮਾਰਸ਼ਲ ਲਾਅ ਵਰਗਾ ਮਾਹੌਲੇ

ਨੋਟਬੰਦੀ ਨੇ ਇਸ ਤਰ੍ਹਾਂ ਦੇ ਹਾਲਤ ਬਣਾ ਦਿੱਤੇ ਹਨ ਜਿਵੇਂ ਦੇਸ਼ ਵਿਚ ਮਾਰਸ.ਲ ਲਾਅ ਲੱਗ ਗਿਆ ਹੋਵੇ| 8 ਨਵੰਬਰ 2016 ਨੂੰ ਰਾਤ ਅੱਠ ਵਜੇ ਟੀ.ਵੀ.ਚੈਨਲਾਂ ਉੱਤੇ ਮੋਦੀ ਸਾਹਿਬ ਬੜੇ ਜੋਸ਼ ਅਤੇ ਉਤਸ਼ਾਹ ਵਿੱਚ ਨੋਟਬੰਦੀ ਦਾ ਐਲਾਨ ਕਰ ਰਹੇ ਸਨ| ਪਹਿਲਾਂ ਸੋਚਿਆ, ਇਹ ਵੀ ਇਕ ਜੁਮਲਾ ਹੀ ਹੋਵੇਗਾ| 2014 ਦੀਆਂ ਆਮ ਚੋਣਾਂ ਤੋਂ ਪਹਿਲਾਂ ਮੋਦੀ ਸਾਹਿਬ ਦੇ ਪ੍ਰਚਾਰ ਕਿ ਕਾਲਾ ਧਨ ਬਾਹਰੋਂ ਮੰਗਵਾ ਕੇ ਹਰ ਵਿਅਕਤੀ ਦੇ ਖਾਤੇ ਵਿਚ ਤਿੰਨ ਤਿੰਨ ਲੱਖ ਰੁਪਏ ਜਮਾਂ ਕਰਵਾਉਣ ਨੂੰ ਜਿਵੇਂ ਬੀ.ਜੇ.ਪੀ. ਦੇ ਪ੍ਰਧਾਨ ਅਮਿਤਸ਼ਾਹ ਵਲੋਂ ਚੋਣਾਂ ਜਿੱਤਣ ਮਗਰੋਂ ਚੁਣਾਵੀ ਜੁਮਲਾ ਕਿਹਾ ਗਿਆ ਸੀ| ਬੈਠੇ-ਬੈਠੇ ਹੀ ਤੁਹਾਡੇ ਪੰਜ ਸੌ ਅਤੇ ਹਜ਼ਾਰ ਰੁਪਏ ਦੇ ਨੋਟ ਰੱਦੀ ਕਿਵੇਂ ਬਣ ਸਕਦੇ ਹਨ?
ਪਰ ਜਦੋਂ ਸਵੇਰੇ ਸਾਰੇ ਅਖਬਾਰ ਦੇਖੇ ਤਾਂ ਮੋਟੇ-ਮੋਟੇ ਸਿਰਲੇਖਾਂ ਵਿੱਚ ਵਾਕਈ ਨੋਟਬੰਦੀ ਦਾ ਫੈਸਲਾ ਕੀਤੇ ਜਾਣ ਦੀ ਖ.ਬਰ ਸੀ| ਸੋਚਿਆ ਕਿ ਇਹ ਫੈਸਲਾ ਮੋਦੀ ਸਾਹਿਬ ਦੇ ਕਿਸੇ ਦੁਸ਼ਮਣ ਨੇ ਉਹਨਾਂ ਨੂੰ ਸਾਜਿਸ਼ ਅਧੀਨ ਗੁੰਮਰਾਹ ਕਰਕੇ ਕਰਵਾਇਆ ਗਿਆ ਲਗਦਾ ਹੈ| ਪਰ ਜਦੋਂ ਮੋਦੀ ਸਾਹਿਬ ਨੋਟਬੰਦੀ ਦੇ ਆਪਣੇ ਫੈਸਲੇ ਬਾਹਾਂ ਉਲਾਰ-ਉਲਾਰ ਅਤੇ ਤਾੜੀਆਂ ਮਾਰ-ਮਾਰ ਦਰੁਸਤ ਦੱਸ ਰਹੇ ਸਨ ਅਤੇ ਵਿਰੋਧੀਆਂ ਨੂੰ ਕਾਲਾ ਧੰਨ ਰੱਖਣ ਵਾਲਿਆਂ ਦੇ ਹਮਾਇਤੀ ਦੱਸ ਰਹੇ ਸਨ ਤਾਂ ਹੋਰ ਵੀ ਹੈਰਾਨੀ ਹੋ ਰਹੀ ਸੀ| 9 ਨਵੰਬਰ ਦਾ ਦਿਨ ਚੜ੍ਹਿਆ| ਮਗਰੋਂ ਸਾਰਾ ਭਾਰਤ ਹੀ ਜਿਵੇਂ ਲਾਈਨ ਵਿਚ ਲੱਗ ਗਿਆ ਹੋਵੇ| ਲੋਕ ਆਪਣੇ ਕੰਮ ਕਾਰ ਛੱਡ ਲਾਈਨਾਂ ਵਿੱਚ ਖੜੇ ਦੋ-ਦੋ ਹਜ਼ਾਰ ਨੂੰ ਤਰਸਨ ਲੱਗੇ|
ਦਸੰਬਰ ਦੇ ਸ਼ੁਰੂ ਵਿੱਚ ਤਨਖਾਹਦਾਰਾਂ ਨੂੰ ਚੌਵੀ-ਚੌਵੀ ਹਜ਼ਾਰ ਦੇਣ ਦਾ ਫੈਸਲਾ ਕੀਤਾ ਗਿਆ| ਜਦੋ ਕੋਈ ਚੌਵੀ ਹਜ਼ਾਰ ਦਾ ਚੈੱਕ ਲੈ ਕੇ ਵਾਰੀ ਸਿਰ ਚੈੱਕ ਬੈਂਕ ਅਧਿਕਾਰੀ ਅੱਗੇ ਕਰਦਾ ਤਾਂ ਅੱਗੇ ਜੁਆਬ ਮਿਲਦਾ ਕਿ ਨਹੀਂ ਜੀ ਸਿਰਫ ਦੋ ਹਸ਼ਾਰ ਮਿਲਣਗੇ| ਹੁਣ ਹੁਕਮ ਦੋ ਹਜ਼ਾਰ ਦੇ ਹੋ ਗਏ ਹਨ| ਬਜ਼ੁਰਗ ਬੰਦਾ ਖੜਾ ਥਾਂਵੇ ਹੀ ਸੁੰਨ ਹੋ ਜਾਂਦਾ| ਹੁਣ ਵਿਦਡਰਾਲ ਫਾਰਮ ਲਭਦਾ ਫਿਰਦਾ ਤਾਕਿ ਦੋ ਹਜ਼ਾਰ ਰੁਪਏ ਕਢਵਾ ਸਕੇ| ਕਿਉਂਕਿ ਚੈੱਕ ਤਾਂ ਅਗਲਾ ਘਰੋਂ ਇੱਕੋ ਭਰ ਕੇ ਲਿਆਇਆ ਸੀ|
ਪੰਜਾਹ ਦਿਨ ਹੋ ਗਏ ਹਨ ਨੋਟਬੰਦੀ ਦੇ ਫੈਸਲੇ ਨੂੰ| ਸਾਰੇ ਦੇਸ਼ ਨੂੰ ਜਿਵੇਂ ਸੁਸਰੀ ਸੁੰਘ ਗਈ ਹੋਵੇ| ਜਿਵੇਂ ਦੇਸ਼ ਵਿੱਚ ਕੋਈ ਸਾੜਸਤੀ ਆ ਗਈ ਹੋਵੇ| ਜਿਵੇਂ ਹੀ 26 ਮਈ 2014 ਨੂੰ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਵਜੋਂ ਸੁੰਹ ਚੁੱਕੀ ਹੈ ਕੋਈ ਨਾ ਕੋਈ ਚੰਨ ਚੜ੍ਹਿਆ ਹੀ ਰਹਿੰਦਾ ਹੈ| ਕਦੇ ਪ੍ਰਧਾਨ ਮੰਤਰੀ ਸਿੱਧਾ ਅਫਗਾਨਿਸਤਾਨ ਤੋਂ ਪਾਕਿਸਤਾਨ ਨਵਾਜ਼ ਸਰੀਫ ਦੀ ਦੋਹਤੀ ਦੇ ਵਿਆਹ ਉੱਤੇ ਚਲੇ ਜਾਂਦੇ ਹਨ| ਕਦੇ ਨਵਾਜ਼ ਸ਼ਰੀਫ ਨੂੰ ਆਪਣਾ ਮਿੱਤਰ ਦੱਸਦਾ ਹੈ, ਕਦੇ ਪੱਕਾ ਦੁਸ਼ਮਣ| ਮੋਦੀ ਸਾਹਿਬ ਦੇ ਕਹਿਣ ਅਨੁਸਾਰ ਕਦੇ ਪਾਕਿਸਤਾਨ ਨੂੰ ਦੁਸ਼ਮਣ ਮੰਨੀਏ ਕਦੇ ਮਿੱਤਰ| ਕਦੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਾ ਮਸਲਾ ਉਭਾਰ ਕੇ ਵਿਦਿਆਰਥੀਆਂ ਨੂੰ ਦੇਸ਼ਧਰੋਹੀ ਗਰਦਾਨਿਆ ਜਾਂਦਾ ਹੈ| ਉਹਨਾਂ ਦੀ ਸ਼ਰੇਆਮ ਕੁੱਟ ਮਾਰ, ਧੂਹ ਘੜੀਸ ਕੀਤੀ ਜਾਂਦੀ ਹੈ| ਕਦੇ ਗਊ ਦਾ ਮਾਸ ਰੱਖਣ ਕਰਕੇ ਮੁਸਲਮਾਨਾਂ ਦਾ ਕਤਲ| ਕਦੇ ਸਾਹਿਤ ਅਕਾਦਮੀ ਦਿੱਲੀ ਦਾ ਸਨਮਾਨ ਵਾਪਿਸ ਕਰਨ ਵਾਲੇ ਲੇਖਕਾਂ, ਸਇੰਸਦਾਨਾਂ ਨੂੰ ਦੇਸ਼ਧਰੋਹੀ ਦੱਸਿਆ ਜਾਂਦਾ ਹੈ| ਜੇ ਕੋਈ ਮੋਦੀ ਸਰਕਾਰ ਦੇ ਵਿਰੁੱਧ ਬੋਲੇ, ਉਹ ਦੇਸ਼ ਦਾ ਗੱਦਾਰ ਅਤੇ ਰਾਸ਼ਟਰ ਧਰੋਹੀ ਗਰਦਾਨਿਆ ਜਾਂਦਾ ਹੈ| ਇਹਨਾਂ ਗੱਲਾਂ ਤੋ ਜਾਪਣ ਲੱਗਾ ਕਿ ਦੇਸ਼ ਵਿੱਚ ਜਿਵੇਂ ਅਣ ਐਲਾਨੀ ਐਮਰਜੈਂਸੀ ਲੱਗ ਗਈ ਹੋਵੇ| ਅਣ-ਐਲਾਨਿਆ ਮਾਰਸ਼ਲ ਲਾਅ ਲੱਗ ਗਿਆ ਹੋਵੇ|
ਨੋਟਬੰਦੀ ਪਹਿਲਾਂ ਵੀ ਹੁੰਦੀ ਰਹੀ ਹੈ| ਪਰ ਐਨਾ ਰਫੜ ਪਿਆ ਕਦੇ ਨਹੀਂ ਸੁਣਿਆ| ਐਤਕੀ ਤਾਂ ਜਿਵੇਂ ਦੇਸ਼ ਹਿੱਲ ਹੀ ਗਿਆ ਹੈ|
ਦੇਸ਼ ਵਿੱਚ ਚਾਰੇ ਪਾਸੇ ਹਾਹਾਕਾਰ ਮੱਚੀ ਹੋਈ ਹੈ| ਬੇਰੁਜ਼ਗਾਰ ਹੋਰ ਬੇਰੁਜ਼ਗਾਰ ਹੋ ਗਏ ਹਨ| ਨੌਜ਼ਵਾਨ ਹੋਰ ਪ੍ਰੇਸ਼ਾਨ ਹੋ ਗਏ ਹਨ| ਜੁਰਮ ਵੱਧ ਰਹੇ ਹਨ| ਕੁਰਪਸ਼ਨ ਪਹਿਲਾਂ ਨਾਲੋਂ ਵੱਧ ਗਈ ਹੈ| ਛੋਟੇ-ਛੋਟੇ ਬੱਚਿਆਂ ਨੇ ਵੀ ਹੇਰਾ ਫੇਰੀ ਸਿੱਖ ਲਈ ਹੈ| ਅਖੇ ਦੋ ਹਜ਼ਾਰ ਦੇ ਨੋਟ ਦੇ ਬਦਲੇ ਸਤਾਰਾਂ ਅਠਾਰਾਂ ਸੋ ਮਿਲ ਰਹੇ ਹਨ| ਹੇਠਲੇ ਪੱਧਰ ਤੇ ਵੀ ਕਮਿਸ਼ਨ ਦਾ ਧੰਦਾ ਚਲ ਪਿਆ ਹੈ| ਜ਼ਮੀਨੀ ਪੱਧਰ ਤੇ ਜ਼ੁਰਮ ਵੱਧ ਰਹੇ ਹਨ| ਇਹ ਹਨ ਨੋਟਬੰਦੀ ਦੇ ਨਤੀਜੇ ਅਤੇ ਬੈਂਕਾਂ ਵਿਚੋਂ ਆਪਣੇ ਪੈਸੇ ਵੀ ਨਾ ਕਢਵਾ ਸਕਣ ਦੇ ਨਤੀਜੇ|
ਇਹ ਸੰਸਾਰ ਵਿੱਚ ਕਿਤੇ ਨਹੀਂ ਸੁਣਿਆ ਕਿ ਤੁਸੀਂ ਆਪਣੇ ਬੈਂਕ ਵਿੱਚ ਪਏ ਪੈਸੇ ਨਹੀਂ ਕਢਵਾ ਸਕਦੇ| ਕੀ ਹੁਣ ਕੋਈ ਆਪਣਾ ਬੈਂਕ ਵਿੱਚੋਂ ਅਕਾਊਂਟ ਬੰਦ ਕਰਕੇ ਪੈਸੇ ਨਹੀਂ ਲਏ ਜਾ ਸਕਦੇ? ਬੈਂਕ ਵਿੱਚ ਨਕਦ ਪੈਸੇ ਕਢਵਾਉਣ ਦਾ ਰਾਸ਼ਨਿੰਗ ਕਿਉਂ? ਸਠਵਿਆਂ ਸਤਰਵਿਆਂ ਵਿੱਚ ਕਣਕ ਦਾ ਆਟਾ ਵੀ ਰਾਸ਼ਨ ਕਾਰਡਾਂ ਤੇ ਮਿਲਦਾ ਸੀ| ਉਹ ਵੀ ਮੈਕਸੀਕਨ| ਲਾਲ ਰੰਗ ਦਾ ਆਟਾ| ਚੀਨੀ ਤੇ ਮਿੱਟੀ ਦਾ ਤੇਲ ਤਾਂ ਭਲਾਂ ਹੁਣ ਤੱਕ ਵੀ ਲੋਕ ਰਾਸ਼ਨ ਕਾਰਡਾਂ ਤੇ ਲੈਂਦੇ ਰਹੇ ਹਨ| ਸੱਤਰ ਸਾਲਾਂ ਤੋਂ ਗਰੀਬਾਂ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਸੁਣ ਰਹੇ ਹਾਂ|   ਇੰਦਰਾ ਗਾਂਧੀ ਦਾ ਗਰੀਬੀ ਹਟਾਓ ਦਾ ਨਾਅਰਾ ਬੜਾ ਮਕਬੂਲ ਹੋਇਆ ਸੀ| ਲਾਲੂ ਤਾਂ ਸਿੱਧਾ ਹੀ ਗਰੀਬਾਂ ਦੀ ਰੈਲੀ ਕਰਦਾ ਰਿਹਾ ਹੈ| ਜ਼ਮੀਨਾਂ ਜਾਇਦਾਦਾਂ ਵਾਲੇ ਧਨ ਕੁਬੇਰ ਸਿਆਸੀ ਆਗੂਆਂ ਨੂੰ ਗਰੀਬਾਂ ਨੂੰ ਸਾਈਕਲ ਵੰਡਣ, ਕੰਬਲ ਵੰਡਣ, ਸੂਟ ਵੰਡਣ, ਦਾਲਾਂ ਵੰਡਣ ਦਾ ਪੁੰਨ ਕਰਨ ਵੇਲੇ ਕਿੰਨਾ ਲੁਤਫ ਆਉਂਦਾ ਹੋਵੇਗਾ| ਇਹ ਉਹੀ ਜਾਣਦੇ ਹਨ| ਗਰੀਬ ਹੱਥ ਅੱਡਦੇ ਰਹਿਣ ਅਤੇ ਇਹ ਦੇਸ਼ ਦੇ ਚੌਧਰੀ ਦਾਨਵੀਰ ਹੋਣ ਦਾ ਆਨੰਦ ਮਾਣਦੇ ਰਹਿਣ| ਸਿਆਸੀ ਪਾਰਟੀਆਂ ਕੋਲ ਵੀਹ ਹਜ਼ਾਰ ਤੱਕ ਪੁਰਾਣੇ ਨੋਟ ਫੰਡ ਦੇ ਤੌਰ ਉਤੇ ਜਮ੍ਹਾਂ ਕਰਵਾਏ ਜਾ ਸਕਦੇ ਹਨ| ਜਿਹਨਾਂ ਦੀ ਸਰੋਤਾਂ ਬਾਰੇ ਕੋਈ ਪੁੱਛ ਪੜਤਾਲ ਨਹੀਂ ਕੀਤੀ ਜਾਵੇਗੀ| ਸ਼ਾਬਾਸ਼ ਬਹੁਤ ਚੰਗਾ ਫੈਸਲਾ ਹੈ| ਸਿਆਸੀ ਪਾਰਟੀਆਂ ਸਾਡੇ ਦੇਸ਼ ਦੇ ਲੋਕਾਂ ਤੋਂ ਉੱਤੇ ਹਨ| ਲੋਕ ਵਿਚਾਰੇ ਕੀ ਹਨ| ਇਹ ਤਾਂ ਸਿਰਫ ਵੋਟਾਂ ਹਨ| ਵੋਟਾਂ ਦਾ ਕੀ ਹੈ| ਇਹ ਤਾਂ ਧੰਨ ਦੋਲਤ ਦੇ ਕੇ ਜਾਂ ਡਰਾ ਧਮਕਾ ਕੇ ਦਬਕੇ-ਸ਼ਬਕੇ ਨਾਲ ਲਈਆਂ ਜਾ ਸਕਦੀਆਂ ਹਨ|
ਮੋਦੀ ਸਾਹਿਬ ਨੇ ਆਪਣੇ ਵਜ਼ੀਰਾਂ, ਐਮ.ਪੀਜ., ਐਮ.ਐਲ.ਏਜ. ਨੂੰ ਹੁਕਮ ਕੀਤਾ ਹੈ ਕਿ ਉਹ ਹੇਠਲੇ ਪੱਧਰ ਤੇ ਲੋਕਾਂ ਨਾਲ ਰਾਬਤਾ ਕਰਕੇ ਵੇਖਣ ਕਿ ਅਸਲ ਹਾਲਤ ਕੀ ਹੈ? ਵਾਹ ਬਈ ਵਾਹ ਮੋਦੀ ਸਾਹਿਬ| ਹੁਣ ਮੋਦੀ ਸਾਹਿਬ ਨੂੰ ਲੋਕਾਂ ਦੇ ਹਾਲਾਤ ਦਾ ਵੀ ਨਹੀਂ ਪਤਾ| ਮੋਦੀ ਸਾਹਿਬ ਹੁਣ ਤਾਂ ਚਾਏ ਵਾਲਾ ਵਰਗੇ ਵੀ ਕਰੋੜਾਂ ਵਿਚ ਖੇਡਦੇ ਹਨ| ਸੂਰਤ ਦਾ ਭੁਜੀਆ ਵਾਲਾ, ਚਾਏ ਵਾਲਾ ਹੁਣ ਆਪਣਾ ਇਕ ਮੰਦਰ ਬਣਾ ਕੇ ਸੋਨੇ-ਚਾਂਦੀ ਅਤੇ ਨਵੇਂ ਨੋਟਾਂ ਦੇ ਕਮਿਸ਼ਨ ਦਾ ਧੰਦਾ ਕਰਦਾ ਹੈ| ਸੋ ਮੋਦੀ ਸਾਹਿਬ ਹੁਣ ਚਾਏ ਵਾਲਾ ਉਹ ਚਾਏ ਵਾਲਾ ਨਹੀਂ ਰਿਹਾ, ਜਿਹੜਾ ਤੁਰਦੀ ਗੱਡੀ ਵੇਲੇ ਵੀ ਨਾਲ ਨਾਲ ਦੌੜ ਕੇ ਕਸੋਰਿਆਂ ਵਿਚ ਸਵਾਰੀਆਂ ਨੂੰ ਚਾਹ ਫੜਾਉਂਦਾ ਸੀ|
ਸਾਡੇ ਦੇਸ਼ ਦੇ ਸਾਰੇ ਟੀ.ਵੀ. ਚੈਨਲਾਂ ਜਿਨ੍ਹਾਂ ਪਹਿਲਾਂ 2014 ਦੀਆਂ ਪਾਰਲੀਮੈਂਟ ਦੀਆਂ ਚੋਣਾ ਵੇਲੇ ਮੋਦੀ ਸਾਹਿਬ ਨੂੰ ਖੂਬ ਉਭਾਰ ਕੇ ਦੇਸ਼ ਦਾ ਨਾਇਕ ਬਣਾ ਕੇ ਜਿਤਾਇਆ ਸੀ, ਉਹੀ ਚੈਨਲ ਹੁਣ ਪੂਰੇ ਭਾਰਤ ਵਿੱਚ ਲੋਕਾਂ ਦੀਆਂ ਲਾਈਨਾਂ ਦਿਖਾ ਰਿਹਾ ਹੈ| ਮੌਤਾਂ, ਲੜਾਈਆਂ ਝਗੜੇ, ਬੈਂਕ ਨੂੰ ਤਾਲੇ, ਬੈਂਕਾਂ ਤੇ ਪਥਰਾਓ, ਭੰਨ ਤੋੜ ਕਰਨ ਦੇ ਦ੍ਰਿਸ਼ ਮੋਦੀ ਸਾਹਿਬ ਕਦੇ ਸ਼ਾਮ ਨੂੰ ਵਿਹਲ ਕੱਢ ਕੇ ਦੇਖ ਲਿਆ ਕਰੋ|
ਭਾਰਤ ਦੇ ਲੋਕ ਪਹਿਲਾਂ ਨਾਲੋਂ ਕਿਤੇ ਵੱਧ ਇਸ ਨੋਟਬੰਦੀ ਨੇ ਜਾਗ੍ਰਤ ਕਰ ਦਿੱਤੇ ਹਨ| ਸਿਆਸੀ ਤੌਰ ਉੱਤੇ ਵੀ ਅਤੇ ਆਰਥਿਕ ਤੌਰ ਉੱਤੇ ਵੀ| ਸਾਧਾਰਨ ਲੋਕ ਦੋਸਤ-ਦੁਸ਼ਮਣ ਦੀ ਪਹਿਚਾਨ ਕਰ ਰਹੇ ਹਨ| ਮੋਦੀ ਅਤੇ ਰਾਹੁਲ ਦੀ ਕਿਸਾਨ ਹਿੱਤਾਂ ਦੇ ਪੱਜ ਮੁਲਾਕਾਤ ਦਰਸ਼ਾਉਂਦੀ ਹੈ ਕਿ ਸੱਭ ਇਕ ਹਨ| ਕਿਸਾਨਾਂ ਦਾ ਕਿਸੇ ਨੂੰ ਕੋਈ ਦਰਦ ਨਹੀਂ| ਇਹੋ ਮੋਦੀ ਜਿਹੜਾ ਕਿਸਾਨ-ਕਿਸਾਨ ਕਰਦਾ ਨਹੀਂ ਸੀ ਥੱਕਦਾ| ਇਹੋ ਹੁਣ ਬਾਹਰੋਂ ਕਣਕ ਮੰਗਵਾਉਣ ਲਈ ਟੈਕਸ ਹਟਾ ਰਿਹਾ ਹੈ| ਬਾਹਰੋਂ ਕਣਕ ਕਿਉਂ ਮੰਗਵਾਈ ਜਾ ਰਹੀ ਹੈ ਜਦੋਂ ਸਾਡੇ ਹੀ ਅੰਬਾਰਾਂ ਦੇ ਅੰਬਾਰ ਲੱਗ ਰਹੇ ਹਨ ਅਤੇ ਸਟੋਰਾਂ ਵਿੱਚ ਗਲ ਸੜ੍ਹ ਰਹੀ ਹੈ| ਖੁਲ੍ਹੇ ਅਸਮਾਨ ਵਿੱਚ ਰੁਲ ਰਹੀ ਹੈ| ਜਿਹੜਾ ਰਾਹੁਲ ਗਾਂਧੀ ਕਹਿੰਦਾ ਨਹੀਂ ਥਕਦਾ ਕਿ ਜੇ ਉਸ ਨੂੰ ਪਾਰਲੀਮੈਂਟ ਵਿਚ ਬੋਲਣ ਦਿੱਤਾ ਗਿਆ ਤਾਂ ਮੋਦੀਦੀ ਜਾਤੀ ਕੁਰੱਪਸ਼ਨ ਨੰਗੀ ਕਰਨ ਨਾਲ ਦੇਸ਼ ਵਿੱਚ ਭੂਚਾਲ ਆ ਜਾਵੇਗਾ| ਉਹ ਚੁਪ-ਚਾਪ ਬੈਠਾ ਕਿਸਾਨਾਂ ਦੀ ਗੱਲ ਕਰ ਆਇਆ| ਨੋਟਬੰਦੀ ਬਾਰੇ ਮੂੰਹ ਨੂੰ ਛਿਕਲੀ ਕਿਊਂ ਲੱਗ ਗਈ ਸੀ| ਅਸਲ ਵਿੱਚ ਇਹ ਸਾਰੀਆਂ ਲੋਕ-ਦੋਖੀ ਪਾਰਟੀਆਂ ਦੇ ਚਿਹਰੇ ਇਸ ਨੋਟਬੰਦੀ ਨੇ ਨੰਗੇ ਕਰ ਦਿੱਤੇ ਹਨ| ਕੋਈ ਵਜ਼ੀਰ, ਕੋਈ ਪਾਰਲੀਮੈਂਟ ਮੈਂਬਰ, ਅਸੈਂਬਲੀ ਮੈਂਬਰ, ਮੁੱਖ ਮੰਤਰੀ, ਅਡਾਨੀ ਅੰਬਾਨੀ ਅਫਸਰ ਭਲਾ ਲਾਈਨ ਵਿੱਚ ਲੱਗ ਕੇ ਕੈਸ਼ ਕਿਉਂ ਨਹੀਂ ਲੈਂਦੇ? ਇਹਨਾਂ ਦਾ ਨਗਦ ਪੈਸਿਆਂ ਬਿਨਾਂ ਕਿਵੇਂ ਸਰਦਾ ਹੈ? ਅੱਜ ਸਾਡੇ ਦੇਸ਼ ਨੂੰ ਕਿਊਬਾ ਦੇ ਫੀਦਲ ਕਾਸਤਰੋ ਵਰਗੇ ਆਗੂਆਂ ਦੀ ਲੋੜ ਹੈ ਜਿਹੜਾ ਆਪਣੇ ਸੀਮਤ ਸਾਧਨਾਂ ਨਾਲ ਵੀ ਅਮਰੀਕੀ ਸਾਮਰਾਜ ਅੱਗੇ ਨਹੀਂ ਸੀ ਝੁਕਿਆ| ਅਣਖ ਨਾਲ ਜੀਵਿਆ| ਅਮਰੀਕਾ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਵਿਚਰਿਆ| ਕਿਊਬਾ ਨੂੰ ਚੰਗੇ ਦੇਸ਼ ਵਜੋਂ ਵਿਕਸਤ ਕੀਤਾ| ਆਪਣੇ ਦੇਸ ਦੇ ਲੋਕਾਂ ਨੂੰ ਖੁਸ਼ਹਾਲ ਕੀਤਾ|
ਸੰਸਾਰ ਭਰ ਦੀ ਆਰਥਕਤਾ ਨੂੰ ਅਮਰੀਕਾ ਦਾ ਪ੍ਰਾਈਵੇਟ ਫੈਡਰਲ ਰਿਜ਼ਰਵ ਬੈਂਕ ਕੰਟਰੋਲ ਕਰਦਾ ਹੈ| ਇਸ ਬੈਂਕ ਦੀ ਅਮਰੀਕਾ ਸਰਕਾਰ ਵੀ ਕਰਜ਼ਦਾਰ ਹੈ| ਸੰਸਾਰ ਦਾ ਅਰਥਚਾਰਾ ਇਸੇ ਬੈਂਕ ਨਾਲ ਜੁੜਿਆ ਹੋਇਆ ਹੈ| ਇਹੋ ਸਾਰੇ ਸੰਸਾਰ ਦੀ ਆਰਥਿਕਤਾ ਨੂੰ ਆਪਣੇ ਆਲੇ ਦੁਆਲੇ ਨਚਾ ਰਿਹਾ ਹੈ| ਯੁਰਪੀਨ ਦੇਸ਼ ਅਤੇ ਬ੍ਰਿਕਸ ਕੋਸ਼ਿਸ਼ ਕਰਦੇ ਹਨ ਕਿ ਉਹ ਇਸ ਦੇ ਚੁੰਗਲ ਵਿਚੋਂ ਨਿਕਲਣ| ਸੰਸਾਰ ਦੀ ਸਾਰੀ ਸਿਆਸਤ ਅਸਲ ਇਸੇ ਪੈਸੇ ਧੇਲੇ ਦੀ ਆਰਥਿਤਾ ਨਾਲ ਜੁੜੀ ਹੋਈ ਹੈ| ਇਸ ਦੇ ਜਫੇ ਵਿਚੋਂ ਨਿਕਲਕੇ ਕਿਊਬਾ ਵਾਂਗ ਸਵੈ-ਨਿਰਭਰ ਹੋਣ ਨੂੰ ਤਰਜੀਹ ਦੇਣੀ ਚਾਹੀਦੀ ਹੈ|
ਰਿਪੁਦਮਨ ਸਿੰਘ ਰੂਪ
ਮੋਬ: 9876768960

Leave a Reply

Your email address will not be published. Required fields are marked *