ਨੌਜਵਾਨਾਂ ਨੂੰ ਆਪਣੀ ਵੋਟ ਬਣਾਉਣ ਲਈ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ : ਜਸਬੀਰ ਸਿੰਘ

ਨੌਜਵਾਨਾਂ ਨੂੰ ਆਪਣੀ ਵੋਟ ਬਣਾਉਣ ਲਈ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ : ਜਸਬੀਰ ਸਿੰਘ
1 ਜਨਵਰੀ 2017 ਨੂੰ 18 ਸਾਲ ਦੀ ਉਮਰ ਪੂਰੀ ਕਰ ਚੁੱਕਾ ਕੋਈ ਵੀ ਵਿਅਕਤੀ ਬਣਾ ਸਕਦਾ ਹੈ ਆਪਣੀ ਵੋਟ
ਸਹਾਇਕ ਕਮਿਸ਼ਨਰ (ਜ) ਨੇ ਸਬ ਡਵੀਜ਼ਨ ਮੁਹਾਲੀ ਦੇ ਸਕੂਲਾਂ/ਕਾਲਜਾਂ ਦੇ ਪ੍ਰਿੰਸੀਪਲਾਂ ਨਾਲ ਕੀਤੀ ਮੀਟਿੰਗ
ਐਸ.ਏ.ਐਸ ਨਗਰ, 26 ਅਕਤੂਬਰ : ਨੌਜਵਾਨ ਵੋਟਰ ਕਾਰਡ  ਨੂੰ ਸਿਰਫ ਮਾਮੂਲੀ ਵੋਟ  ਹੀ ਨਾ ਸਮਝਣ ਸਗੋਂ ਵੋਟਰ ਕਾਰਡ ਦੀ ਡੋਮੀਸਾਈਲ ਸਰਟੀਫਿਕੇਟ, ਜਾਤੀ ਸਰਟੀਫਿਕੇਟ , ਡਰਾਈਵਿੰਗ ਲਾਈਸੈਂਸ ਅਤੇ ਬੈਂਕ ਖਾਤੇ ਆਦਿ ਖੁਲਵਾਉਣ ਲਈ ਵੀ  ਲੋੜ ਪੈਂਦੀ ਹੈ | ਇਸ ਕਰਕੇ ਪ੍ਰਿੰਸੀਪਲਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪੋ -ਆਪਣੇ ਸਕੂਲਾਂ/ ਕਾਲਜਾਂ ਵਿਚ ਪੜ੍ਹਦੇ ਨੌਜਵਾਨਾਂ ਨੂੰ ਵੋਟ ਬਣਾਉਣ ਪ੍ਰਤੀ ਵੱਧ ਤੋਂ ਵੱਧ ਜਾਗਰੂਕ ਕਰਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਹਾਇਕ ਕਮਿਸ਼ਨਰ (ਜਨਰਲ) ਸ੍ਰੀ ਜਸਬੀਰ ਸਿੰਘ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਸਬ ਡਵੀਜ਼ਨ ਮੁਹਾਲੀ ਨਾਲ ਸਬੰਧਤ ਵੱਖ -ਵੱਖ ਸਰਕਾਰੀ , ਗੈਰਸਰਕਾਰੀ ਅਤੇ ਮਾਨਤਾ ਪ੍ਰਾਪਤ ਸਕੂਲਾਂ /ਕਾਲਜਾਂ ਦੇ ਪ੍ਰਿੰਸੀਪਲਾਂ ਦੀ ਸੱਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ| ਉਨ੍ਹਾਂ ਨੇ ਸਕੂਲਾਂ/ਕਾਲਜਾਂ ਦੇ ਮੁਖੀਆਂ ਨੂੰ ਅਪੀਲ ਵੀ ਕੀਤੀ ਕਿ ਉਹ ਸਵੇਰ ਦੀ ਸਭਾ ਦੌਰਾਨ ਨੌਜਵਾਨਾਂ ਨੂੰ ਵੋਟਰ ਕਾਰਡ ਬਣਾਉਣ ਬਾਰੇ ਜਾਗਰੂਕ ਕਰਨ ਅਤੇ  ਵੋਟ ਦੀ ਮਹੱਤਤਾ ਬਾਰੇ ਸਕੂਲਾਂ ਕਾਲਜਾਂ ਵਿਚ ਸਲੋਗਨ ਆਦਿ ਲਿਖਵਾਏ ਜਾਣ |
ਸਹਾਇਕ ਕਮਿਸ਼ਨਰ (ਜਨਰਲ) ਨੇ ਕਿਹਾ ਕਿ ਜਿਸ ਵਿਦਿਆਰਥੀ ਦੀ ਉਮਰ 1 ਜਨਵਰੀ 2017 ਨੂੰ 18 ਸਾਲ ਦੀ ਪੂਰੀ  ਹੁੰਦੀ ਹੋਵੇ ਉਸ ਦੀ ਵੋਟ ਹਰ ਹਾਲਤ ਵਿਚ ਬਣਾਉਣੀ ਯਕੀਨੀ ਬਣਾਈ ਜਾਵੇ ਅਤੇ ਫਾਰਮ ਨੰਬਰ 6 ਭਰ ਕੇ ਨਵੀਂ ਵੋਟ ਬਣਾਈ ਜਾ ਸਕਦੀ ਹੈ| ਉਨ੍ਹਾਂ ਕਿਹਾ ਕਿ ਹਰੇਕ ਪ੍ਰਿੰਸੀਪਲ ਆਪੋ-ਆਪਣੇ ਸਕੂਲ / ਕਾਲਜ ਅਤੇ ਯੂਨਵਰਸਿਟੀ  ਵਿਚ ਪੜ੍ਹਦੇ ਵਿਦਿਆਰਥੀ ਜਿਨ੍ਹਾਂ ਦੀ ਉਮਰ 1.1.2017 ਨੂੰ 18 ਸਾਲ ਜਾਂ ਇਸ ਤੋਂ ਵੱਧ ਹੋਵੇ ਦੀਆਂ ਵੋਟਾਂ ਬਣਾਉਣ ਲਈ 28 ਅਕਤੂਬਰ 2016 ਤੱਕ ਲੋੜੀਂਦੇ ਫਾਰਮ ਭਰਕੇ ਸਬੰਧਤ ਬੀ.ਐਲ.ਓ ਜਾਂ ਚੋਣਕਾਰ ਰਜਿਸਟ੍ਰੇਸ਼ਨ ਅਫਸਰ -ਕਮ-ਉਪ ਮੰਡਲ ਮੈਜਿਸਟ੍ਰੇਟ ਦੇ ਦਫਤਰ ਜਮ੍ਹਾਂ ਕਰਵਾਉਣ ਨੂੰ ਯਕੀਨੀ ਬਣਾਉਣ| ਸਹਾਇਕ ਕਮਿਸ਼ਨਰ (ਜ) ਨੇ ਇਸ ਮੌਕੇ ਮੀਟਿੰਗ ਵਿਚ ਕੁਝ ਸਕੂਲਾਂ/ਕਾਲਜਾਂ ਦੇ ਪ੍ਰਿੰਸੀਪਲਾਂ ਦੀ ਗੈਰ-ਹਾਜ਼ਰ ਦਾ ਗੰਭੀਰ ਨੋਟਿਸ ਵੀ ਲਿਆ|
ਸ੍ਰੀ ਸਿੰਘ ਨੇ ਦੱਸਿਆ ਕਿ ਜੇਕਰ ਕਿਸੇ ਵੀ ਵਿਅਕਤੀ ਨੇ ਆਪਣੀ ਵੋਟ ਦੇ ਸਟੇਟਸ ਬਾਰੇ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਉਹ ਚੋਣ ਕਮਿਸ਼ਨ ਦੀ ਵੈਬਸਾਈਟ ‘ਤੇ  ਚੈਕ ਕਰ ਸਕਦਾ ਹੈ  ਅਤੇ ਫਾਰਮ ਨੰਬਰ 6 ਭਰਨ ਅਤੇ ਨਵੀਂ ਵੋਟ ਬਣਾਉਣ ਲਈ ਟੋਲ ਫਰੀ ਨੰਬਰ 1950 ਤੋਂ ਵੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ| ਉਨ੍ਹਾਂ ਨੇ ਖਾਸ ਕਰਕੇ ਜਿਹੜੇ ਨੌਜਵਾਨ 18/19 ਸਾਲ ਦੇ ਹੋ ਗਏ ਹਨ ਅਤੇ ਵੋਟ ਬਣਾਉਣ ਤੋਂ ਰਹਿ ਗਏ ਹਨ ਨੂੰ ਅਪੀਲ ਕੀਤੀ ਕਿ ਉਹ ਫਾਰਮ ਨੰਬਰ 6 ਭਰਕੇ ਆਪਣੀ ਵੋਟ ਜਰੂਰ ਬਣਾਉਣ| ਮੀਟਿੰਗ ਵਿਚ ਵੱਖ ਵੱਖ ਸਕੂਲਾਂ/ਕਾਲਜਾਂ ਦੇ ਪ੍ਰਿੰਸੀਪਲਾਂ ਸਮੇਤ ਸ੍ਰੀ ਓਮ ਪ੍ਰਕਾਸ਼, ਸ੍ਰੀ ਅਮਨਦੀਪ ਸਿੰਘ, ਸ੍ਰੀ ਜਤਿੰਦਰ ਕੁਮਾਰ ਵੀ ਮੌਜੂਦ ਸਨ|

Leave a Reply

Your email address will not be published. Required fields are marked *