ਨੌਜਵਾਨਾਂ ਨੂੰ ਉਹਨਾਂ ਦੀ ਯੋਗਤਾ ਅਨੁਸਾਰ ਰੁਜਗਾਰ ਮਿਲੇ ਬਿਨਾ ਨਹੀਂ ਰੁਕ ਸਕਦਾ ਪ੍ਰਵਾਸ ਦਾ ਵੱਧਦਾ ਰੁਝਾਨ

ਇਰਾਕ ਵਿੱਚ 39 ਭਾਰਤੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਨੇ ਇਕ ਵਾਰ ਫਿਰ ਭਾਰਤ ਤੋਂ ਦੂਜੇ ਦੇਸ਼ਾਂ ਵਿਚ ਹੋ ਰਹੇ ਪਰਵਾਸ ਦਾ ਮਾਮਲਾ ਉਜਾਗਰ ਕਰ ਦਿੱਤਾ ਹੈ| ਭਾਰਤ ਦੇ ਹਰ ਸੂਬੇ ਵਿਚ ਹੀ ਇਹ ਹਾਲ ਹੈ ਕਿ ਉਥੋਂ ਦੇ ਵਸਨੀਕ ਹੁਣ ਇੱਥੇ ਕੰਮ ਧੰਦਾ ਕਰਨ ਦੀ ਥਾਂ ਵਿਦੇਸ਼ ਜਾਣਾ ਚਾਹੁੰਦੇ ਹਨ ਅਤੇ ਇਸ ਲਈ ਯਤਨ ਵੀ ਕਰਦੇ ਹਨ| ਇਹਨਾਂ ਵਿੱਚ ਸਭ ਤੋਂ ਜਿਆਦਾ ਗਿਣਤੀ ਪੰਜਾਬੀਆਂ ਦੀ ਹੁੰਦੀ ਹੈ| ਅੱਜ ਹਾਲਾਤ ਇਹ ਹਨ ਕਿ ਜਵਾਨ ਹੋਣ ਵਾਲਾ ਹਰ ਮੁੰਡਾ ਜਾਂ ਕੁੜੀ ਵਿਦੇਸ਼ ਜਾ ਕੇ ਪੜਾਈ ਕਰਨ ਅਤੇ ਉੱਕੇ ਹੀ ਜਾ ਵਸਣ ਦਾ ਖਾਹਿਸ਼ਮੰਦ ਦਿਖਦਾ ਹੈ ਅਤੇ ਇਹ ਬੱਚੇ ਆਪਣੇ ਮਾਪਿਆਂ ਕੋਲ ਉਹਨਾਂ ਨੂੰ ਪੜ੍ਹਾਈ ਲਈ ਵਿਦੇਸ਼ ਭੇਜਣ ਦੀ ਜਿੱਦ ਕਰਦੇ ਹਨ| ਵੱਡੀ ਗਿਣਤੀ ਮਾਪੇ ਆਪਣੇ ਬੱਚਿਆਂ ਦੀ ਜਿੱਦ ਪੂਰੀ ਕਰਨ ਲਈ ਕਈ ਵਾਰ ਕਰਜਾ ਲੈ ਕੇ ਵੀ ਉਹਨਾਂ ਦੇ ਵਿਦੇਸ਼ ਜਾਣ ਦਾ ਪ੍ਰਬੰਧ ਕਰਦੇ ਹਨ|
ਸਾਡੇ ਨੌਜਵਾਨਾਂ (ਅਤੇ ਵਿਦਿਆਰਥੀਆਂ) ਦੇ ਵਿਦੇਸ਼ ਜਾ ਕੇ ਰਹਿਣ ਦੀ ਭਾਵਨਾ ਲਈ ਸਾਡੀਆਂ ਸਰਕਾਰਾਂ ਦੀ ਨਾਕਾਮੀ ਸਭ ਤੋਂ ਵੱਧ ਜਿੰਮੇਵਾਰ ਹੈ| ਸਮੇਂ ਦੀਆਂ ਸਰਕਾਰਾਂ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਵਿਚ ਨਾਕਾਮ ਹਨ ਅਤੇ ਪਹਿਲਾਂ ਤੋਂ ਨੌਕਰੀ ਕਰ ਰਹੇ ਠੇਕਾ ਮੁਲਾਜ਼ਮਾਂ ਦੀਆਂ ਨੌਕਰੀਆਂ ਵੀ ਖਤਮ ਹੋ ਰਹੀਆਂ ਹਨ| ਇਹ ਬੇਰੁਜ਼ਗਾਰ ਆਪਣੇ ਦੇਸ਼ ਨਾਲੋਂ ਆਪਣਾ ਮੋਹ ਭੰਗ ਹੋਇਆ ਸਮਝਦੇ ਹਨ ਅਤੇ ਫਿਰ ਵਿਦੇਸ਼ ਜਾ ਕੇ ਹੀ ਮਿਹਨਤ ਕਰਨ ਨੂੰ ਸਹੀ ਸਮਝਦੇ ਹਨ| ਵਿਦੇਸ਼ ਜਾਣ ਲਈ ਕਈ ਨੌਜਵਾਨ ਤਾਂ 25-25 ਲੱਖ ਰੁਪਏ ਏਜੰਟਾਂ ਨੂੰ ਦਿੰਦੇ ਹਨ ਅਤੇ ਇਹਨਾਂ ਵਿੱਚੋਂ ਕਈ ਨੌਜਵਾਨ ਤਾਂ ਉਸ ਦੇਸ਼ ਤਕ ਪਹੁੰਚਦੇ ਤਕ ਨਹੀ ਹਨ ਜਿੱਥੇ ਭੇਜਣ ਦਾ ਏਜੰਟਾਂ ਨੇ ਉਹਨਾਂ ਨਾਲ ਵਾਇਦਾ ਕੀਤਾ ਹੁੰਦਾ ਹੈ| ਸਾਡੇ ਨੌਜਵਾਨ ਅਣਜਾਣੇ ਦੇਸ਼ਾਂ ਦੀਆਂ ਜੇਲ੍ਹਾਂ ਵਿਚ ਰੁਲਦੇ ਰਹਿੰਦੇ ਹਨ| ਇਹਨਾਂ ਨੌਜਵਾਨਾ ਦੀ ਆਪਣੀ ਜ਼ਿੰਦਗੀ ਤਾਂ ਖਰਾਬ ਹੁੰਦੀ ਹੀ ਹੈ, ਸਗੋਂ ਇਹਨਾਂ ਦੇ ਪਰਿਵਾਰ ਵੀ ਰੁਲ ਜਾਂਦੇ ਹਨ|
ਅਸਲੀਅਤ ਇਹ ਹੈ ਕਿ ਜਾਇਜ ਤਰੀਕੇ ਨਾਲ ਵਿਦੇਸ਼ ਜਾਣ ਦੇ ਅਮਲ ਦੇ ਨਾਲ ਨਾਲ ਗੈਰਕਾਨੂੰਨੀ ਤਰੀਕੇ ਨਾਲ ਵਿਦੇਸ਼ ਜਾਣ ਦਾ ਧੰਦਾ ਬਹੁਤ ਜਿਆਦਾ ਵਧਿਆ ਹੈ| ਇਕ ਅੰਦਾਜੇ ਅਨੁਸਾਰ ਲਾਇਸੰਸ ਸ਼ੁਦਾ ਟ੍ਰੈਵਲ Jੈਜੰਟਾਂ ਨਾਲੋਂ ਗੈਰਾਕਾਨੂੰਨੀ ਏਜੰਟਾਂ ਦੀ ਗਿਣਤੀ ਕਈ ਗੁਨਾ ਵੱਧ ਹੈ| ਇਹ ਏਜੰਟ ਲੋਕਾਂ ਨੂੰ ਆਪਣੇ ਭਰਮ ਜਾਲ ਵਿਚ ਫਸਾ ਕੇ ਉਹਨਾਂ ਨੂੰ ਵਿਦੇਸ਼ ਭੇਜਣ ਦੇ ਨਾਮ ਉਪਰ ਉਹਨਾਂ ਨਾਲ ਧੋਖਾ ਕਰਦੇ ਹਨ| ਵੱਡੀ ਗਿਣਤੀ ਏਜੰਟਾਂ ਉਪਰ ਇਹ ਵੀ ਦੋਸ਼ ਲੱਗਦੇ ਹਨ ਕਿ ਉਹਨਾਂ ਨੇ ਅਨੇਕਾਂ ਨੌਜਵਾਨਾਂ ਤੋਂ ਵਿਦੇਸ਼ ਭੇਜਣ ਦੇ ਨਾਮ ਉਪਰ ਲੱਖਾਂ ਰੁਪਏ ਤਾਂ ਲੈ ਲਏ ਪਰ ਨਾ ਤਾਂ ਉਹਨਾਂ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਹਨਾਂ ਦੇ ਪੈਸੇ ਵਾਪਸ ਕੀਤੇ| ਅਜਿਹੇ ਕੁਝ ਲਾਲਚੀ ਏਜੰਟਾਂ ਦੇ ਗਲਤ ਕੰਮਾਂ ਕਾਰਨ ਸਹੀ ਤਰੀਕੇ ਨਾਲ ਕੰਮ ਕਰ ਰਹੇ ਟ੍ਰੈਵਲ ਏਜੰਟ ਵੀ ਬਦਨਾਮ ਹੋ ਜਾਂਦੇ ਹਨ| ਭਾਵੇਂ ਕਿ ਸਰਕਾਰ ਨੇ ਟ੍ਰੇਵਲ ਏਜੰਟਾਂ ਦੀ ਰਜਿਸਟ੍ਰੇਸ਼ਨ ਜਰੂਰੀ ਕੀਤੀ ਹੋਈ ਹੈ ਪਰ ਫਿਰ ਵੀ ਵੱਡੀ ਗਿਣਤੀ ਟ੍ਰੈਵਲ ਏਜੰਟ ਸ਼ਰੇਆਮ ਬਿਨਾ ਕੋਈ ਰਜਿਸਟ੍ਰੇਸ਼ਨ ਕਰਵਾਏ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਦੇ ਆ ਰਹੇ ਹਨ|
ਸਾਡੇ ਨੌਜਵਾਨ ਇਸ ਲਈ ਵੀ ਵਿਦੇਸ਼ ਜਾਣ ਦੀ ਖਾਹਿਸ਼ ਪਾਲਦੇ ਹਨ ਕਿਉਂਕਿ ਉਹਨਾਂ ਨੂੰ ਆਪਣੇ ਦੇਸ਼ ਵਿੱਚ ਉਹਨਾਂ ਦੀ ਯੋਗਤਾ ਅਨੁਸਾਰ ਨਾ ਤਾਂ ਕੰਮ ਮਿਲਦਾ ਹੈ ਅਤੇ ਨਾ ਹੀ ਤਨਖਾਹ| ਜਿਹਨਾਂ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਮਿਲ ਜਾਂਦੀ ਹੈ, ਉਹਨਾਂ ਨੂੰ ਛੱਡ ਦਿਤਾ ਜਾਵੇ ਤਾਂ ਵੱਡੀ ਗਿਣਤੀ ਉੱਚ ਸਿੱਖਿਆ ਪ੍ਰਾਪਤ ਅਤੇ ਤਜਰਬੇਕਾਰ ਨੌਜਵਾਨ ਪ੍ਰਾਈਵੇਟ ਅਦਾਰਿਆਂ ਵਿਚ ਕੰਮ ਕਰਨ ਲਈ ਮਜਬੂਰ ਹਨ ਜਿੱਥੇ ਉਹਨਾਂ ਨੂੰ ਘੱਟ ਤਨਖਾਹ ਅਤੇ ਘੱਟ ਸਹੂਲਤਾਂ ਦੇ ਕੇ ਵੱਧ ਕੰਮ ਕਰਵਾਇਆ ਜਾਂਦਾ ਹੈ|
ਕਈ ਵਾਰ ਡਿਗਰੀ ਹੋਲਡਰ ਨੌਜਵਾਨਾਂ ਨੂੰ ਦਸਵੀਂ ਪਾਸ ਵਿਅਕਤੀਆਂ ਦੇ ਅਧੀਨ ਕੰਮ ਕਰਨ ਨੂੰ ਮਜਬੂਰ ਹੋਣਾ ਪੈਂਦਾ ਹੈ ਜਿਸ ਨੂੰ ਇਹ ਨੌਜਵਾਨ ਆਪਣੀ ਹੇਠੀ ਸਮਝਦੇ ਹਨ| ਇਹਨਾਂ ਵਿਚੋਂ ਵੱਡੀ ਗਿਣਤੀ ਨੌਜਵਾਨ ਇਹ ਸੋਚਦੇ ਹਨ ਕਿ ਇਸ ਦੇਸ਼ ਵਿਚ ਉਹਨਾਂ ਦੀ ਯੋਗਤਾ ਅਤੇ ਤਜਰਬੇ ਦਾ ਸਹੀ ਮੁੱਲ ਨਹੀਂ ਪੈ ਰਿਹਾ ਇਸ ਲਈ ਉਹ ਵਿਦੇਸ਼ ਜਾ ਕੇ ਵਸਣ ਦੀ ਸੋਚਦੇ ਹਨ| ਸਾਡੇ ਨੌਜਵਾਨਾ ਨੂੰ ਲੱਗਦਾ ਹੈ ਕਿ ਵਿਦੇਸ਼ ਵਿੱਚ ਉਹਨਾਂ ਦੀ ਯੋਗਤਾ ਅਤੇ ਤਜਰਬੇ ਦਾ ਸਹੀ ਮੁੱਲ ਪੈ ਜਾਏਗਾ ਅਤੇ ਇਸ ਕਾਰਨ ਉਹਨਾਂ ਵਿਚ ਵਿਦੇਸ਼ ਜਾਣ ਦੀ ਚਾਹਤ ਹੋਰ ਵੀ ਜੋਰ ਫੜਦੀ ਹੈ|
ਦੂਜੇ ਦੇਸ਼ਾਂ ਨੂੰ ਹੋ ਰਹੇ ਇਸ ਪਰਵਾਸ ਵਾਸਤੇ ਸਾਡੇ ਨੌਜਵਾਨਾਂ ਦੇ ਵਿਦੇਸ਼ ਜਾ ਕੇ ਵਸਣ ਦੀ ਲਾਲਸਾ ਤਾਂ ਜਿੰਮੇਵਾਰ ਹੈ ਹੀ ਇਸ ਵਾਸਤੇ ਸਾਡੀਆਂ ਸਰਕਾਰਾਂ ਵੀ ਬਹੁਤ ਹੱਦ ਤੱਕ ਜਿੰਮੇਵਾਰ ਹਨ| ਚਾਹੀਦਾ ਤਾਂ ਇਹ ਹੈ ਕਿ ਨੌਜਵਾਨਾਂ ਲਈ ਦੇਸ਼ ਵਿਚ ਹੀ ਰੁਜਗਾਰ ਦੇ ਵੱਧ ਤੋਂ ਵੱਧ ਮੌਕੇ ਮੁਹਈਆਂ ਕਰਵਾਏ ਜਾਣ ਅਤੇ ਉਹਨਾਂ ਨੂੰ ਉਹਨਾਂ ਦੀ ਯੋਗਤਾ ਅਤੇ ਤਜਰਬੇ ਅਨੁਸਾਰ ਤਨਖਾਹ ਅਤੇ ਅਹੁਦਾ ਦਿੱਤਾ ਜਾਵੇ| ਜੇਕਰ ਦੇਸ਼ ਵਿੱਚ ਹੀ ਨੌਜਵਾਨਾਂ ਦੀ ਸਮਰਥਾ ਦਾ ਸਹੀ ਮੁੱਲ ਪਾਇਆ ਜਾਵੇ ਤਾਂ ਦੂਜੇ ਦੇਸ਼ਾਂ ਵੱਲ ਹੁੰਦੇ ਪਰਵਾਸ ਨੂੰ ਰੋਕਿਆ ਜਾ ਸਕਦਾ ਹੈ ਵਰਨਾ ਨਾ ਤਾਂ ਇਸ ਪਰਵਾਸ ਤੇ ਕਾਬੂ ਕੀਤਾ ਜਾ ਸਕੇਗਾ ਅਤੇ ਨਾ ਹੀ ਇਰਾਕ ਵਰਗੀਆਂ ਘਟਨਾਵਾਂ ਤੇ ਰੋਕ ਲਗਾਈ ਜਾ ਸਕੇਗੀ|

Leave a Reply

Your email address will not be published. Required fields are marked *