ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਉਹਨਾਂ ਦੇ ਬੁਨਿਆਦੀ ਮਸਲਿਆਂ ਦਾ ਹਲ ਕੀਤਾ ਜਾਣਾ ਜਰੂਰੀ

ਪੰਜਾਬ ਦੇ ਗਭਰੂ ਜਵਾਨਾਂ ਦਾ ਜੋਸ਼, ਹਿੰਮਤ ਅਤੇ ਹੌਂਸਲਾ ਪੂਰੀ ਦੁਨੀਆਂ ਵਿੱਚ ਸਰਾਹਿਆ ਜਾਂਦਾ ਹੈ ਅਤੇ ਪੰਜਾਬੀ ਨੌਜਵਾਨਾਂ ਦੇ ਜੁੱਸੇ ਦਾ ਦਮ ਪੂਰੀ ਦੁਨੀਆ ਭਰਦੀ ਹੈ| ਇਤਿਹਾਸ ਗਵਾਹ ਹੈ ਕਿ ਸਾਡੇ ਨੌਜਵਾਨਾਂ ਨੇ ਦੇਸ਼ ਅਤੇ ਸਮਾਜ ਨੂੰ ਦਰਪੇਸ਼ ਖਤਰਿਆਂ ਦਾ ਨਾ ਸਿਰਫ ਅੱਗੇ ਹੋ ਕੇ ਟਾਕਰਾ ਕੀਤਾ ਹੈ ਬਲਕਿ ਉਹਨਾਂ ਨੇ ਹਰ ਮੁਸੀਬਤ ਨੂੰ ਆਪਣੇ ਸੀਨੇ ਤੇ ਹੰਢਾਉਂਦਿਆਂ ਦੇਸ਼ ਸਮਾਜ ਦੀ ਰਾਖੀ ਕੀਤੀ ਹੈ| ਸਾਡੇ ਨੌਜਵਾਨ ਹਮੇਸ਼ਾ ਦੇਸ਼ ਅਤੇ ਦੁਨੀਆ ਲਈ ਮਿਸਾਲ ਬਣਦੇ ਰਹੇ ਹਨ ਅਤੇ ਦੇਸ਼ ਦੀ ਆਜਾਦੀ ਦੀ ਲੜਾਈ ਹੋਵੇ ਜਾਂ ਵਿਦੇਸ਼ੀ ਧਾੜਵੀਆਂ ਦੇ ਹਮਲੇ, ਪੰਜਾਬ ਦੇ ਜਵਾਨਾਂ ਨੇ ਕਿਸੇ ਵੀ ਖਤਰੇ ਦੀ ਪਰਵਾਹ ਨਾ ਕਰਦਿਆਂ ਹਰ ਜੁਲਮ ਦਾ ਟਾਕਰਾ ਕਰਕੇ ਉਸਦੇ ਖਿਲਾਫ ਆਵਾਜ ਬੁਲੰਦ ਕੀਤੀ ਹੈ|
ਪਰੰਤੂ ਇਹ ਸਭ ਬੀਤੇ ਸਮੇਂ ਦੀ ਗੱਲ ਹੋ ਗਈ ਹੈ| ਮੌਜੂਦਾ ਹਾਲਾਤ ਇਹ ਹਨ ਕਿ ਪੰਜਾਬ ਦੇ ਮਜਬੂਤ ਜੁੱਸੇ ਵਾਲੇ ਨੌਜਵਾਨ ਇਸ ਵੇਲੇ ਨਸ਼ਿਆਂ ਦੀ ਮਾਰ ਹੇਠ ਹਨ| ਸ਼ਰਾਬ ਦੇ ਨਸ਼ੇ ਦਾ ਚਲਨ ਤਾਂ ਪੰਜਾਬ ਵਿੱਚ ਪਿਛਲੇ ਲੰਬੇ ਸਮੇਂ ਤੋਂ ਚਲਦਾ ਆ ਰਿਹਾ ਹੈ ਪਰੰਤੂ ਮੌਜੂਦਾ ਸਮੇਂ ਦੌਰਾਨ ਸਾਡੇ ਨੌਜਵਾਨ ਕਈ ਹੋਰ ਨਸ਼ਿਆਂ ਵਿੱਚ ਜਕੜੇ ਗਏ ਹਨ| ਅਫੀਮ, ਪੋਸਤ, ਚਰਸ, ਡੋਡੇ, ਕੈਪਸੂਲ, ਪੀਣ ਵਾਲੀਆਂ ਕਈ ਤਰ੍ਹਾਂ ਦੀਆਂ ਦਵਾਈਆਂ, ਸਮੈਕ, ਹੀਰੋਈਨ, ਟੀਕੇ ਅਤੇ ਪਤਾ ਨਹੀਂ ਕਿੰਨੇ ਤਰ੍ਹਾਂ ਦੇ ਨਸ਼ੀਲੇ ਪਦਾਰਥ ਹਨ ਜਿਹੜੇ ਇਹਨਾਂ ਨਸ਼ੇੜੀਆਂ ਵਲੋਂ ਆਪਣੀ ਨਸ਼ੇ ਦੀ ਖੁਰਾਕ ਨੂੰ ਪੂਰਾ ਕਰਨ ਲਈ ਵਰਤੋਂ ਵਿੱਚ ਲਿਆਂਦੇ ਜਾਂਦੇ ਹਨ ਅਤੇ ਸਾਡੀ ਨੌਜਵਾਨ ਪੀੜ੍ਹੀ ਇਹਨਾਂ ਨਸ਼ਿਆਂ ਵਿੱਚ ਬੁਰੀ ਤਰ੍ਹਾਂ ਜਕੜੀ ਗਈ ਹੈ|
ਸਾਡੇ ਨੌਜਵਾਨਾਂ ਦੇ ਨਸ਼ਿਆਂ ਦੇ ਜਾਲ ਵਿੱਚ ਜਕੜੇ ਜਾਣ ਦੇ ਅਜਿਹੇ ਕਈ ਕਾਰਨ ਹਨ ਜਿਨ੍ਹਾਂ ਤੇ ਗੌਰ ਕੀਤਾ ਜਾਣਾ ਬਹੁਤ ਜਰੂਰੀ ਹੈ| ਸਾਡੇ ਪੜ੍ਹੇ ਲਿਖੇ ਵੱਡੀ ਗਿਣਤੀ ਨੌਜਵਾਨ ਬੇਰੁਜ਼ਗਾਰ ਹਨ ਅਤੇ ਡਿਗਰੀਆਂ ਕੋਲ ਹੋਣ ਦੇ ਬਾਵਜੂਦ ਉਹਨਾਂ ਨੂੰ ਕੋਈ ਨੌਕਰੀ ਨਹੀਂ ਮਿਲਦੀ| ਬੇਰੁਜ਼ਗਾਰੀ ਕਾਰਨ ਪੈਦਾ ਹੋਣ ਵਾਲੀ ਮਾਯੂਸੀ ਉਹਨਾਂ ਨੂੰ ਨਸ਼ੇ ਵੱਲ ਖਿੱਚਦੀ ਹੈ| ਨੌਜਵਾਨਾਂ ਦੀ ਦੂਜੀ ਵੱਡੀ ਸਮੱਸਿਆ ਦਿਨੋਂ ਦਿਨ ਵਾਹੀ ਯੋਗ ਜ਼ਮੀਨਾਂ ਦਾ ਘੱਟ ਹੁੰਦੇ ਜਾਣਾ ਹੈ| ਦੋ ਦਹਾਕੇ ਪਹਿਲਾਂ ਤਕ ਜਿਹੜੇ ਪਰਿਵਾਰ ਖੁਦ ਕੋਲ ਵਾਧੂ ਜਮੀਨ ਹੋਣ ਤੇ ਮਾਣ ਕਰਦੇ ਸੀ, ਉਹ ਪਰਿਵਾਰ ਜਮੀਨਾਂ ਦੀ ਵੰਡ ਹੋ ਜਾਣ ਤੋਂ ਬਾਅਦ ਕਾਰਨ ਬਹੁਤ ਥੋੜ੍ਹੀ ਥੋੜ੍ਹੀ ਜਮੀਨ ਦੇ ਮਾਲਿਕ ਰਹਿ ਗਏ ਹਨ| ਇਸ ਦੌਰਾਨ ਪਰਿਵਾਰਾਂ ਦੀ ਜਮੀਨ ਦੇ ਘਟਨ ਦੇ ਨਾਲ ਨਾਂਲ ਖਰਚੇ ਲਗਾਤਾਰ ਵਧਦੇ ਹੀ ਗਏ ਹਨ| ਇਹਨਾਂ ਖਰਚਿਆਂ ਨੂੰ ਪੂਰੇ ਨਾ ਕਰ ਸਕਣ ਦੀ ਨਮੋਸ਼ੀ ਇਹਨਾਂ ਵਿੱਚ ਆਪਣੇ ਭਵਿੱਖ ਪ੍ਰਤੀ ਬੋਭਰੋਸਗੀ ਪੈਦਾ ਕਰਦੀ ਹੈ ਅਤੇ ਆਪਣੇ ਭਵਿੱਖ ਤੋਂ ਮਾਯੂਸ ਇਹ ਨੌਜਵਾਨ ਮਾਨਸਿਕ ਪ੍ਰੇਸ਼ਾਨੀ ਦੇ ਕਾਰਨ ਨਸ਼ਿਆਂ ਦਾ ਸਹਾਰਾ ਲੈਂਦੇ ਹਨ|
ਅਜਿਹਾ ਨਹੀਂ ਹੈ ਕਿ ਸਿਰਫ ਮਾਯੂਸੀ ਅਤੇ ਤਨਾਓ ਹੀ ਸਾਡੇ ਨੌਜਵਾਨਾਂ ਦੀ ਨਸ਼ੇ ਦੀ ਆਦਤ ਦਾ ਇਲੌਤਾ ਕਾਰਨ ਹੈ| ਸਾਡੇ ਸਮਾਜ ਵਿੱਚ ਇਸ ਤੋਂ ਇਲਾਵਾ ਵੀ ਹੋਰ ਕਈ ਅਜਿਹੇ ਕਾਰਨ ਮੌਜੂਦ ਹਨ ਜੋ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵੱਲ ਖਿੱਚ ਕੇ ਲੈ ਜਾਂਦੇ ਹਨ| ਫਿਰ ਇੱਥੇ ਰੱਜੇ ਪੁਜੇ ਘਰਾਂ ਦੇ ਅਜਿਹੇ ਕਾਕਿਆਂ ਦੀ ਗਿਣਤੀ ਵੀ ਕਾਫੀ ਜਿਆਦਾ ਹੈ ਜਿਹੜੇ ਸ਼ੌਕ ਸ਼ੌਕ ਵਿੱਚ ਨਸ਼ਿਆਂ ਦੀ ਚਪੇਟ ਵਿੱਚ ਆ ਜਾਂਦੇ ਹਨ ਅਤੇ ਫਿਰ ਕੋਈ ਵੀ ਕੰਮ ਕਰਨ ਦੇ ਯੋਗ ਨਹੀਂ ਰਹਿੰਦੇ| ਸਰਕਾਰ ਵਲੋਂ ਨਸ਼ਿਆਂ ਦੀ ਸਮੱਸਿਆ ਤੇ ਕਾਬੂ ਕਰਨ ਲਈ ਲੋੜੀਂਦੀ ਕਾਰਵਾਈ ਦੀ ਗੱਲ ਤਾਂ ਕੀਤੀ ਜਾਂਦੀ ਹੈ ਪਰੰਤੂ ਉਸ ਵਲੋਂ ਕੀਤੀ ਜਾਣ ਵਾਲੀ ਕਾਰਵਾਈ ਇਹਨਾਂ ਨਸ਼ਿਆਂ ਦੀ ਸਪਲਾਈ ਲਾਈਨ ਨੂੰ ਤੋੜਣ ਦੀ ਕੋਸ਼ਿਸ਼ (ਜਿਹੜੀ ਕੁਝ ਸਮੇਂ ਬਾਅਦ ਫਿਰ ਬਹਾਲ ਹੋ ਜਾਂਦੀ ਹੈ) ਤਕ ਹੀ ਸੀਮਿਤ ਹੁੰਦੀ ਹੈ ਅਤੇ ਨਸ਼ਿਆਂ ਦੀ ਸਮੱਸਿਆ ਦੇ ਇਹਨਾਂ ਮੂਲ ਕਾਰਨਾਂ ਦਾ ਹਲ ਉਸਦੀ ਪਹਿਲ ਵਿੱਚ ਨਹੀਂ ਹੈ|
ਜਦੋਂ ਤਕ ਨਸ਼ਿਆਂ ਦੀ ਸਮਸਿਆ ਲਈ ਜਿੰਮੇਵਾਰ ਮੂਲ ਕਾਰਨਾਂ ਦੇ ਹਲ ਦੀ ਸਾਰਥਕ ਕੋਸ਼ਿਸ਼ ਨਹੀਂ ਹੋਵੇਗੀ ਇਸ ਸਮੱਸਿਆ ਦਾ ਮੁਕੰਮਲ ਹਲ ਨਹੀਂ ਹੋ ਸਕਦਾ| ਸਰਕਾਰਾਂ ਵਲੋਂ ਦਿੱਤੇ ਜਾਣ ਵਲੇ ਵੱਡੇ ਵੱਡੇ ਵਿਗਿਆਪਨ, ਇਸ ਸੰਬੰਧੀ ਆਯੋਜਿਤ ਕੀਤੇ ਜਾਂਦੇ ਸੈਮੀਨਾਰ ਅਤੇ ਭਾਸ਼ਣ, ਨੌਜਵਾਨਾਂ ਨੂੰ ਨਸ਼ੇ ਦੀ ਇਸ ਲਤ ਤੋਂ ਛੁਟਕਾਰਾ ਨਹੀਂ ਦਿਵਾ ਸਕਦੇ ਬਲਕਿ ਇਸ ਲਈ ਜਰੂਰੀ ਹੈ ਕਿ ਨਸ਼ੇ ਵਿੱਚ ਫਸੇ ਨੌਜਵਾਨਾਂ ਨੂੰ ਸਹਾਰਾ ਦੇ ਕੇ ਉਹਨਾਂ ਨੂੰ ਆਪਣੇ ਪੈਰਾਂ ਤੇ ਖੜ੍ਹਾ ਹੋਣ ਦਾ ਸਮਰਥ ਬਣਾਇਆ ਜਾਵੇ| ਨਸ਼ਿਆਂ ਦੀ ਸਮੱਸਿਆ ਦਾ ਸ਼ਿਕਾਰ ਹੋ ਚੁੱਕੇ ਇਹਨਾਂ ਨੌਜਵਾਨਾਂ ਨੂੰ ਇਸ ਗਲਤਾਨ ਤੋਂ ਬਾਹਰ ਕੱਢਣ ਲਈ ਲੋੜੀਦੇ ਪ੍ਰਬੰਧ ਕਰਨ ਦੇ ਨਾਲ ਨਾਲ ਉਹਨਾਂ ਨੂੰ ਇਹ ਸਮਝਾਉਣ ਦੀ ਵੀ ਲੋੜ ਹੈ ਕਿ ਨਸ਼ਾ ਉਹਨਾਂ ਦੀਆਂ ਸਮੱਸਿਆਵਾ ਵਿੱਚ ਸਿਰਫ ਵਾਧਾ ਹੀ ਕਰਦਾ ਹੈ ਅਤੇ ਉਹਨਾਂ ਦੀਆਂ ਆਰਥਿਕ, ਪਰਿਵਾਰਕ ਅਤੇ ਸਮਾਜਿਕ ਸਮੱਸਿਆਵਾਂ ਦਾ ਹੱਲ ਮਾਰੂ ਨਸ਼ੇ ਨਹੀਂ ਹਨ| ਇਹ ਨੌਜਵਾਨ ਸਾਡੇ ਦੇਸ਼ ਦਾ ਭਵਿੱਖ ਹਨ| ਉਹਨਾਂ ਨੂੰ ਨਸ਼ਿਆਂ ਦੇ ਜਾਲ ਤੋਂ ਬਾਹਰ ਕੱਢ ਕੇ ਅਤੇ ਉਹਨਾਂ ਵਾਸਤੇ ਲੋੜੀਂਦੇ ਰੁਜਗਾਰ ਦਾ ਪ੍ਰਬੰਧ ਕਰਕੇ ਇਸ ਸਮੱਸਿਆ ਤੇ ਕਾਫੀ ਹੱਦ ਤਕ ਕਾਬੂ ਕੀਤਾ ਜਾ ਸਕਦਾ ਹੈ ਅਤੇ ਸਰਕਾਰ ਵਲੋਂ ਇਸ ਸੰਬੰਧੀ ਲੋੜੀਂਦੇ ਕਦਮ ਚੁੱਕੇ ਜਾਣੇ ਚਾਹੀਦੇ ਹਨ|

Leave a Reply

Your email address will not be published. Required fields are marked *