ਨੌਜਵਾਨਾਂ ਨੂੰ ਸਹਾਇਕ ਧੰਦਿਆਂ ਦੀ ਮੁਫਤ ਸਿਖਲਾਈ ਦੇ ਕੇ ਰੋਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ : ਸਿੱਧੂ

ਐਸ.ਏ.ਐਸ.ਨਗਰ, 21 ਜੂਨ (ਸ.ਬ.) ਪੰਜਾਬ ਦੇ ਨੌਜਵਾਨਾਂ ਨੂੰ ਸਹਾਇਕ ਧੰਦਿਆਂ ਦੀ ਮੁਫਤ ਸਿਖਲਾਈ ਦਿੱਤੀ ਜਾਵੇਗੀ ਅਤੇ ਉਨ੍ਹਾਂ ਨੂੰ ਸਹਾਇਕ ਧੰਦੇ ਸ਼ੁਰੂ ਕਰਨ ਲਈ ਘੱਟ ਵਿਆਜ ਦੀ ਦਰ ਤੇ ਕਰਜ਼ੇ ਮੁਹੱਈਆ ਕਰਵਾ ਕੇ ਰੋਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ| ਇਸ ਸਬੰਧੀ ਵਿਭਾਗ ਵੱਲੋਂ ਹਲਕਾ ਐਸ.ਏ.ਐਸ ਨਗਰ ਵਿੱਚ ਬੇਰੁਜ਼ਗਾਰ ਨੌਜਵਾਨਾਂ ਨੂੰ ਸਹਾਇਕ ਧੰਦਿਆਂ ਨੂੰ ਅਪਣਾਉਣ ਲਈ ਜਾਗਰੂਕ ਕਰਨ ਸਬੰਧੀ ਪਿੰਡ ਪੱਧਰ ਤੇ ਕੈਂਪ ਲਗਾਏ ਜਾਣਗੇ| ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਕਿਰਤ ਮੰਤਰੀ ਪੰਜਾਬ ਨੇ ਨੇੜਲੇ ਪਿੰਡ ਲਾਂਡਰਾਂ ਵਿਖੇ ਪਿੰਡ ਅਤੇ ਇਲਾਕੇ ਦੇ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ| ਇਸ ਤੋਂ ਪਹਿਲਾਂ ਉਨ੍ਹਾਂ ਦਾ ਪਿੰਡ ਲਾਂਡਰਾਂ ਵਿਖੇ ਪੁੱਜਣ ਤੇ ਸਾਬਕਾ ਸਰਪੰਚ ਲਾਂਡਰਾਂ ਸ. ਹਰਚਰਨ ਸਿੰਘ ਗਿੱਲ ਦੀ ਅਗਵਾਈ ਹੇਠ ਸਵਾਗਤ ਕੀਤਾ ਗਿਆ|
ਸ. ਸਿੱਧੂ ਨੇ ਇਸ ਮੌਕੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜੋ ਹਲਕੇ ਦੇ ਲੋਕਾਂ ਨੇ ਮੈਨੂੰ ਮਾਣ ਸਨਮਾਨ ਬਖਸ਼ਿਆ ਹੈ ਉਸ ਲਈ ਹਮੇਸ਼ਾਂ ਰਿਣੀ ਰਹਾਗਾਂ ਅਤੇ ਹਲਕੇ ਦੇ ਲੋਕਾਂ ਦੀਆਂ ਭਾਵਨਾਵਾਂ ਤੇ ਖਰਾ ਉਤਰਿਆ ਜਾਵੇਗਾ| ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਜੋ ਜਿੰਮੇਵਾਰੀ ਮੈਨੂੰ ਦਿੱਤੀ ਹੈ ਉਸ ਨੂੰ ਪੂਰੀ ਮਿਹਨਤ ਅਤੇ ਲਗਨ ਨਾਲ ਨਿਭਾਇਆ ਜਾਵੇਗਾ| ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਲੋਕਾਂ ਨਾਲ ਜ਼ਮੀਨੀ ਪੱਧਰ ਤੇ ਜੁੜਿਆ ਹੋਇਆ ਹੈ ਅਤੇ ਵਿਭਾਗ ਦੀਆਂ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਰਾਜ ਦੇ ਕਿਸਾਨਾਂ ਨੂੰ ਆਰਥਿਕ ਮੰਦਹਾਲੀ ਵਿੱਚੋਂ ਕੱਢਣ ਲਈ ਡੇਅਰੀ ਅਤੇ ਮੱਛੀ ਪਾਲਣ ਦੇ ਨਾਲ ਨਾਲ ਹੋਰ ਸਹਾਇਕ ਧੰਦਿਆਂ ਵੱਲ ਲਗਾਇਆ ਜਾਵੇਗਾ| ਸ. ਸਿੱਧੂ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਹਲਕੇ ਦੇ ਵਿਕਾਸ ਕਾਰਜ਼ਾਂ ਲਈ ਧੰਨ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਵਿਕਾਸ ਪੱਖੋਂ ਹਲਕੇ ਨੂੰ ਪੰਜਾਬ ਦਾ ਮੋਹਰੀ ਹਲਕਾ ਬਣਾਇਆ ਜਾਵੇਗਾ|
ਸਮਾਗਮ ਨੂੰ ਭੁਪਿੰਦਰ ਸਿੰਘ ਬਡਹੇੜੀ, ਸਾਬਕਾ ਸਰਪੰਚ ਚੱਪੜਚਿੜੀ ਖੁਰਦ ਜ਼ੋਰਾ ਸਿੰਘ, ਚੱਪੜਚਿੜੀ ਕਲਾਂ ਦੇ ਸਰਪੰਚ ਸੋਹਣ ਸਿੰਘ, ਸਾਬਕਾ ਸਰਪੰਚ ਗੁਡਾਣਾ ਸ੍ਰੀ ਸੋਮ ਨਾਥ, ਸਾਬਕਾ ਸਰਪੰਚ ਸੈਦਪੁਰ ਸ੍ਰੀ ਸੁਰਜੀਤ ਸਿੰਘ, ਸਾਬਕਾ ਸਰਪੰਚ ਮੌਜਪੁਰ ਸ. ਬਲਬੀਰ ਸਿੰਘ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਕੇਸਰ ਸਿੰਘ, ਸਾਬਕਾ ਮੈਨੇਜ਼ਰ ਸਹਿਕਾਰੀ ਬੈਂਕ ਚੰਡੀਗੜ੍ਹ ਸ੍ਰੀ ਜਸਪਾਲ ਸਿੰਘ ਨੇ ਵੀ ਸੰਬੋਧਨ ਕੀਤਾ|
ਇਸ ਮੌਕੇ ਸਰਪੰਚ ਲਾਂਡਰਾਂ ਸ. ਗੁਲਜ਼ਾਰ ਸਿੰਘ ਔਜਲਾ, ਸਰਪੰਚ ਨਿਊ ਲਾਂਡਰਾ ਗੁਰਮੁੱਖ ਸਿੰਘ, ਲੰਬੜਦਾਰ ਦਿਲਬਾਗ ਸਿੰਘ, ਪੰਚ ਸੁਰਜੀਤ ਕੌਰ ਤੇ ਸਵਰਨ ਸਿੰਘ, ਸ. ਗੁਰਮੀਤ ਸਿੰਘ ਮਾਵੀ, ਨਰਿੰਦਰ ਸਿੰਘ ਗੁੱਡੂ, ਜਗੀਰਦਾਰ ਜਸਮੇਰ ਸਿੰਘ, ਸ੍ਰੀ ਜੈ ਕ੍ਰਿਸ਼ਨ ਵਰਮਾ, ਗਿਆਨੀ ਭੂਪਿੰਦਰ ਸਿੰਘ, ਤਰਲੋਚਨ ਸਿੰਘ, ਮੇਵਾ ਸਿੰਘ, ਹਰਬੰਸ ਸਿੰਘ ਅਤੇ ਗੁਰਜੰਟ ਸਿੰਘ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ|

Leave a Reply

Your email address will not be published. Required fields are marked *