ਨੌਜਵਾਨ ਪੀੜ੍ਹੀ ਨੂੰ ਚੰਗੇ ਸਾਹਿਤ ਨਾਲ ਜੋੜਨ ਦੀ ਲੋੜ  : ਤਰਕਸ਼ੀਲ ਸੁਸਾਇਟੀ

ਖਰੜ, 21 ਅਕਤੂਬਰ  (ਸ.ਬ.) : ਤਰਕਸ਼ੀਲ ਸੁਸਾਇਟੀ ਪੰਜਾਬ ਦੀ  ਇਕਾਈ ਖਰੜ ਵੱਲੋਂ  ਦਿਵਾਲੀ ਮੌਕੇ  ‘ਕਿਤਾਬਾਂ ਖਰੀਦੋ,ਪਟਾਕੇ ਨਹੀਂ’ ਦਾ ਸੁਨੇਹਾ ਦੇਂਦੀ ਪੁਸਤਕ ਪ੍ਰਦਰਸ਼ਨੀ ਲਗਾਈ ਗਈ|  ਇਸ ਮੌਕੇ ਚੰਡੀਗੜ੍ਹ ਜ਼ੋਨ ਦੇ ਮੁਖੀ ਪ੍ਰਿੰਸੀਪਲ ਗੁਰਮੀਤ ਖਰੜ ਨੇ ਤਿਉਹਾਰਾਂ ਦੀ ਇਤਿਹਾਸਿਕ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਰਾਤਨ ਕਾਲ ਵਿੱਚ  ਖੇਤੀਬਾੜੀ ਅਧਾਰਤ ਸਮਾਜਿਕ ਵਿਵਸਥਾ ਸਮੇਂ ਤਿਓਹਾਰਾਂ ਦਾ ਆਯੋਜਨ ਫਸਲਾਂ ਦੀ ਬਿਜਾਈ ਅਤੇ ਕਟਾਈ ਦੇ ਮੌਸਮਾਂ ਨੂੰ ਮੁੱਖ ਰੱਖ ਕੇ ਕੀਤਾ ਜਾਂਦਾ ਸੀ| ਜਿਸ ਦਾ ਮਕਸਦ ਫਸਲ ਪੱਕਣ ਦੀ ਖੁਸ਼ੀ ਵਿੱਚ ਸਾਰੇ ਕਬੀਲੇ ਜਾਂ ਪਿੰਡ ਵੱਲੋਂ ਰਲ਼ਮਿਲ ਕੇ ਖੁਸ਼ੀਆਂ ਮਨਾਉਣਾ ਹੁੰਦਾ ਸੀ ਪਰ ਅੱਜ ਸਰਮਾਏਦਾਰੀ ਢਾਂਚੇ ਨੇ ਆਪਣੇ ਵਪਾਰਿਕ-ਖਾਸ਼ੇ ਮੁਤਾਬਿਕ ਤਿਓਹਾਰਾਂ -ਮੇਲਿਆਂ ਆਦਿ ਨੂੰ ਵੀ ਸਮੂਹਿਕ ਖੁਸ਼ੀਆਂ ਦੀ ਬਜਾਇ ਨਿੱਜੀ-ਮੁਨਾਫਾ ਕੁੱਟਣ ਦੇ ਮੌਕਿਆਂ ਵਿੱਚ ਬਦਲ ਦਿੱਤਾ ਹੈ|  ਉਹਨਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਚੰਗੇ ਸਾਹਿਤ ਨਾਲ ਜੋੜਨਾ ਚਾਹੀਦਾ ਹੈ|
ਸੁਸਾਇਟੀ ਦੇ  ਮੀਡੀਆ ਮੁਖੀ ਕੁਲਵਿੰਦਰ ਨਗਾਰੀ ਨੇ ਦਿਨੋ-ਦਿਨ ਵਧ ਰਹੇ ਪ੍ਰਦੂਸ਼ਨ ਉੱਤੇ ਚਿੰਤਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਦੀਵਾਲ਼ੀ ਵਾਲੇ ਦਿਨ ਕਰੋੜਾਂ ਰੁਪਏ ਦੇ ਪਟਾਕੇ ਅਤੇ ਬਿਜਲੀ ਫੂਕ ਕੇ ਸਿਰਫ ਪੈਸਾ ਹੀ ਬਰਬਾਦ ਨਹੀਂ ਕੀਤਾ ਜਾਂਦਾ ਸਗੋਂ ਵਾਤਾਵਰਣ ਵੀ ਪਲੀਤ ਹੁੰਦਾ ਹੈ|
ਉਨਾਂ ਕਿਹਾ ਕਿ ਧਰਤੀ ਉੱਤਲੇ  ਜੀਵਾਂ ਦੇ ਜਿਊਂਦੇ ਰਹਿਣ ਲਈ ਸ਼ੁੱਧ ਪੌਣ-ਪਾਣੀ ਦਾ ਹੋਣਾ ਜਰੂਰੀ ਸ਼ਰਤ ਹੈ| ਪਰ ਸਾਰੇ ਜੀਵਾਂ ਵਿੱਚੋਂ ਆਪਣੇ ਆਪ ਨੂੰ ਸਭ ਤੋਂ ਬੁੱਧੀਵਾਨ ਕਹਾਉਣ ਵਾਲ਼ਾ ਮਨੁੱਖ ਹੀ ਇਸ ਨੂੰੰ ਜ਼ਹਿਰੀਲਾ ਕਰਨ ਉੱਤੇ ਤੁਲਿਆ ਹੋਇਆ ਹੈ|
ਇਕਾਈ ਮੁਖੀ ਜਰਨੈਲ ਸਹੌੜਾਂ ਨੇ ਕਿਹਾ ਕਿ ਵਾਤਾਵਰਨ-ਵਿਗਾੜ ਨੂੰ ਦੇਖਦਿਆਂ ਸਮੇਂ ਦੀ ਜਰੂਰਤ ਹੈ ਕਿ  ਹੁਣ ਪਟਾਕਿਆਂ ਦੀ ਥਾਂ ਵੱਧ ਤੋਂ ਵੱਧ ਰੁੱਖ ਲਗਾਕੇ ‘ਗਰੀਨ-ਦਿਵਾਲ਼ੀ’ ਮਨਾਉਣ ਦੀ ਪਿਰਤ ਪਾਈ ਜਾਵੇ| ਵਾਤਾਵਰਨ-ਸੰਤੁਲਨ ਕਾਇਮ ਕਰਨ ਵਿੱਚ ਦਰੱਖਤ ਬਹੁਤ ਵੱਡਾ ਰੋਲ ਨਿਭਾਅ ਸਕਦੇ ਹਨ|  ਉਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਪਟਾਕੇ ਬਣਾਉਣ ਵਾਲ਼ੀਆਂ ਫੈਕਟਰੀਆਂ ਉੱਤੇ ਪੂਰਨ-ਪਾਬੰਦੀ ਲਗਾਕੇ ਹੀ ਪਟਾਕਿਆਂ ਦੇ ਪ੍ਰਦੂਸ਼ਣ ਤੋਂ ਨਿਜਾਤ ਪਾਈ ਜਾ ਸਕਦੀ ਹੈ |
ਇਸ ਮੌਕੇ ਵਿੱਤ ਮੁਖੀ ਬਿਕਰਮਜੀਤ ਸੋਨੀ, ਸੁਜਾਨ ਬਡਾਲ਼ਾ, ਭੁਪਿੰਦਰ ਮਦਨਹੇੜੀ, ਸੁਰਿੰਦਰ ਸਿੰਬਲ਼ਮਾਜਰਾ ਨੇ ਨੇ ਲੋਕਾਂ ਨੂੰ ਤਿਓਹਾਰਾਂ ਮੌਕੇ ਮਿਲਾਵਟੀ ਮਿਠਆਈਆਂ, ਜ਼ਹਿਰੀਲੇ ਮਸਾਲਿਆਂ ਨਾਲ਼ ਪਕਾਏ ਫਲ਼ ਅਤੇ ਹੋਰ ਮਹਿੰਗੇ ਗਿਫਟ ਦੇਣ ਦੀ ਬਜਾਇ ਤੋਹਫਿਆਂ ਦੇ ਰੂਪ ਵਿੱਚ ‘ਵਧੀਆ ਸਾਹਿਤਕ ਪੁਸਤਕਾਂ’ ਦਾ ਆਦਾਨ-ਪ੍ਰਦਾਨ ਕਰਨ ਦੀ ਸਲਾਹ ਵੀ ਦਿੱਤੀ|

Leave a Reply

Your email address will not be published. Required fields are marked *