ਨੌਜਵਾਨ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦਾ ਸੱਦਾ

ਐਸ ਏ ਐਸ ਨਗਰ, 1 ਅਪ੍ਰੈਲ (ਸ.ਬ.) ਮੁਹਾਲੀ ਵੈਲਫੇਅਰ ਸੁਸਾਇਟੀ ਫਾਰ ਹੈਲਥ ਐਜੂਕੇਸ਼ਨ ਅਤੇ ਰਿਸਰਚ ਵਲੋਂ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਚੱਲ ਰਹੇ ਕੈਂਪਾਂ ਦੀ ਲੜੀ ਦੌਰਾਨ ਪਿੰਡ ਮਾਣਕਪੁਰ ਕੱਲਰ ਵਿਖੇ ਕੈਂਪ ਲਗਾਇਆ ਜਿਸ ਵਿੱਚ ਡੀ.ਆਰ. ਪ੍ਰਾਸ਼ਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨ ਬੱਚੇ ਬੱਚੀਆਂ ਨੂੰ ਆਪਣੇ ਧਰਮ ਵਿੱਚ ਪਰਪੱਕ ਕਰਨਾ ਨਸ਼ਾ ਖੋਰੀ ਤੋਂ ਬਚਾਉਣ ਵਿੱਚ ਸਹਾਈ ਹੁੰਦਾ ਹੈ| ਬੱਚਿਆਂ ਨਾਲ ਮਾਤਾ-ਪਿਤਾ ਦੀ ਦੋਸਤਾਂ ਵਾਂਗ ਨੇੜਤਾ ਕਰ ਲੈਣੀ ਵੀ ਬਹੁਤ ਜ਼ਰੂਰੀ ਹੈ| ਇਸੇ ਤਰ੍ਹਾਂ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਜਿਸ ਨਾਲ ਉਨ੍ਹਾਂ ਨੂੰ ਮਾਨਸਿਕ ਤੌਰ ਤੇ ਸੰਤੁਸ਼ਟੀ ਮਿਲਦੀ ਹੈ ਤੇ ਉਹ ਨਸ਼ਿਆਂ ਤੋਂ ਦੂਰ ਰਹਿੰਦੇ ਹਨ| ਬੱਚਿਆਂ ਨੂੰ ਖੁਲ੍ਹਾ ਖਰਚਾ ਨਾ ਦੇਣਾ ਅਤੇ ਦਿੱਤੇ ਗਏ ਪੈਸਿਆਂ ਦਾ ਹਿਸਾਬ-ਕਿਤਾਬ ਰੱਖਣਾ ਵੀ ਬਹੁਤ ਜ਼ਰੂਰੀ ਹੈ| ਬੱਚਿਆਂ ਵਿੱਚ ਹੀਣ ਭਾਵਨਾ ਪੈਦਾ ਨਹੀਂ ਹੋਣ ਦੇਣੀ ਚਾਹੀਦੀ ਅਤੇ ਛੋਟੀਆਂ-ਮੋਟੀਆਂ ਗਲਤੀਆਂ ਨੂੰ ਪਿਆਰ ਨਾਲ ਸੁਲਝਾਉਣਾ ਚਾਹੀਦਾ ਹੈ|
ਡਾ. ਪ੍ਰੀਤਮ ਸਿੰਘ ਵਲੋਂ ਨਸ਼ਿਆਂ ਵਿੱਚ ਪੈ ਚੁਕੇ ਨੌਜਵਾਨਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਕਿਵੇਂ ਭਰਤੀ ਕਰਾਉਣਾ ਹੈ ਅਤੇ ਉਨ੍ਹਾਂ ਦਾ ਉਥੇ ਇਲਾਜ ਕਿਸਤਰ੍ਹਾਂ ਹੁੰਦਾ ਹੈ, ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਚਲਾਏ ਜਾ ਰਹੇ ਨਸ਼ਾ ਕੇਂਦਰਾਂ ਬਾਰੇ ਜਾਣਕਾਰੀ ਦਿੱਤੀ ਗਈ| ਸੇਵਾ ਕਲਾ ਮੰਚ ਦੇ ਕਾਰਕੁਨ ਰਾਜਿੰਦਰ ਸਿੰਘ ਬਾਹਿਆ ਵਲੋਂ ਮਨੋਵਿਗਿਆਨਿਕ ਤਰੀਕੇ ਨਾਲ ਸਮਝਾ ਕੇ ਨਸ਼ੇੜੀ ਦੀ ਰੁਚੀ ਨਸ਼ਿਆਂ ਤੋਂ ਹਟਾ ਕੇ ਅਧਿਆਤਮਕ ਪਾਸੇ ਵੱਲ ਲੱਗਾ ਕੇ ਅਤੇ ਨਸ਼ਾ ਖੋਰੀ ਦੇ ਨੁਕਸਾਨ ਸਮਝਾ ਕੇ ਨਸ਼ਿਆਂ ਪ੍ਰਤੀ ਘਿਰਣਾ ਪੈਦਾ ਕੀਤੀ ਜਾ ਸਕਦੀ ਹੈ ਜਿਸ ਨਾਲ ਨੌਜਵਾਨ ਪੀੜੀ ਨਸ਼ਿਆਂ ਤੋਂ ਮੁਕਤ ਹੋ ਸਕਦੀ ਹੈ| ਸੰਸਥਾ ਵਲੋਂ ਨੁਕੜ ਨਾਟਕ ਚਾਲੀ ਕਿਲਿਆਂ ਦਾ ਵਾਰਸ ਪੇਸ਼ ਕੀਤਾ ਗਿਆ|

Leave a Reply

Your email address will not be published. Required fields are marked *