ਨੌਜਵਾਨ ਲੜਕੀ ਦੇ ਕਤਲ ਦੇ ਮਾਮਲੇ ਵਿੱਚ ਪੁਲੀਸ ਦੇ ਹੱਥ ਖਾਲੀ, ਅਜੇ ਹਨੇਰੇ ਵਿੱਚ ਹੀ ਹੱਥ ਪੈਰ ਮਾਰ ਰਹੀ ਹੈ ਪੁਲੀਸ

ਨੌਜਵਾਨ ਲੜਕੀ ਦੇ ਕਤਲ ਦੇ ਮਾਮਲੇ ਵਿੱਚ ਪੁਲੀਸ ਦੇ ਹੱਥ ਖਾਲੀ, ਅਜੇ ਹਨੇਰੇ ਵਿੱਚ ਹੀ ਹੱਥ ਪੈਰ ਮਾਰ ਰਹੀ ਹੈ ਪੁਲੀਸ
ਕਤਲ ਤੋਂ ਪਹਿਲਾਂ ਲੜਕੀ ਨਾਲ ਹੋਈ ਸੀ ਬਲਾਤਕਾਰ ਦੀ ਨਾਕਾਮ ਕੋਸ਼ਿਸ਼? ਪੁਲੀਸ ਕਰ ਰਹੀ ਹੈ ਇਲਾਕੇ ਵਿਚਲੇ ਸੀ ਸੀ ਟੀ ਵੀ ਕੈਮਰਿਆਂ ਦੀ ਜਾਂਚ
ਐਸ ਏ ਐਸ ਨਗਰ, 15 ਨਵੰਬਰ (ਸ.ਬ.) ਬੀਤੇ ਕੱਲ ਬਾਅਦ ਦੁਪਹਿਰ ਸੈਕਟਰ 69 ਵਿੱਚ ਝਾੜੀਆਂ ਵਿੱਚ ਬਰਾਮਦ ਹੋਈ ਇੱਕ ਨੌਜਵਾਨ ਲੜਕੀ (ਜੋਤੀ) ਦੇ ਕਤਲ ਦੇ ਮਾਮਲੇ ਵਿੱਚ ਪੁਲੀਸ ਦੇ ਹੱਥ ਪੂਰੀ ਤਰ੍ਹਾਂ ਖਾਲੀ ਹਨ ਅਤੇ ਪੁਲੀਸ ਇਸ ਸੰਬੰਧੀ ਹੁਣ ਵੱਖ ਵੱਖ ਪੱਖਾਂ ਤੋਂ ਜਾਂਚ ਕਰ ਕੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਵਿੱਚ ਜੁਟੀ ਹੋਈ ਹੈ ਕਿ ਅਸਲ ਵਿੱਚ ਇਹ ਵਾਰਦਾਤ ਕਿਵੇਂ ਅਤੇ ਕਿੱਥੇ ਅੰਜਾਮ ਦਿੱਤੀ ਗਈ ਸੀ| ਇਸ ਦੌਰਾਨ ਪੁਲੀਸ ਵਲੋਂ ਅੱਜ ਮ੍ਰਿਤਕ ਲੜਕੀ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ| ਪੁਲੀਸ ਸੂਤਰਾਂ ਅਨੁਸਾਰ ਇਸ ਮਾਮਲੇ ਵਿੱਚ ਪੁਲੀਸ ਵਲੋਂ ਚਾਰ ਟੀਮਾਂ ਬਣਾਈਆਂ ਗਈਆਂ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਦੌਰਾਨ ਇਸ ਪੂਰੇ ਖੇਤਰ ਵਿੱਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਸ ਵਾਰਦਾਤ ਬਾਰੇ ਕੋਈ ਜਾਣਕਾਰੀ (ਜੇਕਰ ਰਿਕਾਰਡ ਹੋਈ ਹੋਵੇ) ਤਾਂ ਪੁਲੀਸ ਦੀ ਜਾਣਕਾਰੀ ਵਿੱਚ ਆਏ|
ਇੱਥੇ ਜਿਕਰਯੋਗ ਹੈ ਕਿ ਬੀਤੇ ਕੱਲ ਸੈਕਟਰ 69 ਵਿੱਚ ਇੱਕ 17 ਸਾਲ ਦੀ ਨੌਜਵਾਨ ਲੜਕੀ ਦੀ ਲਾਸ਼ ਮਿਲੀ ਸੀ, ਜਿਸਦੇ ਸ਼ਰੀਰ ਤੇ ਇੱਕ ਦਰਜਨ ਦੇ ਕਰੀਬ ਜਖਮ ਸੀ ਅਤੇ ਕਾਤਲਾਂ ਵਲੋਂ ਬੜੀ ਬੇਦਰਦੀ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ| ਇਹ ਲੜਕੀ ਸੈਕਟਰ 69 ਵਿੱਚ ਹੀ ਇੱਕ ਕੋਠੀ ਵਿੱਚ ਕੰਮ ਕਰਦੀ ਸੀ ਜਿੱਥੇ ਉਸਦਾ ਕੰਮ ਪਰਿਵਾਰ ਦੇ ਛੋਟੇ ਬੱਚੇ ਨੂੰ ਸੰਭਾਲਨਾ ਸੀ| ਉਸ ਰੋਜਾਨਾ 9 ਵਜੇ ਆਪਣੇ ਕੰਮ ਤੇ ਜਾਂਦੀ ਸੀ ਅਤੇ ਸ਼ਾਮ ਨੂੰ 4-5 ਵਜੇ ਦੇ ਆਸਪਾਸ ਆਪਣੇ ਘਰ (ਪਿੰਡ ਮਟੌਰ) ਵਾਪਸ ਚਲੀ ਜਾਂਦੀ ਸੀ|
ਜਿਸ ਪਰਿਵਾਰ ਵਿੱਚ ਲੜਕੀ ਕੰਮ ਕਰਦੀ ਸੀ ਉਸਦਾ ਕਹਿਣਾ ਹੈ ਕਿ ਉਹ ਇੱਕ ਸ਼ਰੀਫ ਅਤੇ ਇਮਾਨਦਾਰ ਕੁੜੀ ਸੀ ਅਤੇ ਉਸਨੇ ਉਹਨਾਂ ਨੂੰ ਕਦੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ| ਪਰਿਵਾਰ ਦੇ ਸ੍ਰ. ਮਨਦੀਪ ਸਿੰਘ ਐਡਵੋਕੇਟ ਅਨੁਸਾਰ 9 ਤਰੀਕ ਨੂੰ ਉਹ ਰੋਜਾਨਾ ਵਾਂਗ ਕੰਮ ਤੋਂ ਘਰ ਗਈ ਸੀ ਅਤੇ 10 ਨਵੰਬਰ ਨੂੰ ਉਸਦਾ ਛੋਟਾ ਭਰਾ ਉਹਨਾਂ ਦੇ ਘਰ ਆਇਆ ਸੀ ਜਿਸਦਾ ਕਹਿਣਾ ਸੀ ਕਿ ਉਸਦੀ ਭੈਣ ਘਰ ਹੀ ਨਹੀਂ ਪਰਤੀ| ਇਸਤੋਂ ਬਾਅਦ ਉਹ ਉਸ ਬੱਚੇ ਦੇ ਨਾਲ ਪੁਲੀਸ ਥਾਣੇ ਵੀ ਗਏ ਸੀ ਤਾਂ ਜੋ ਉਸਦੇ ਗੁੰਮ ਹੋਣ ਦੀ ਰਿਪੋਰਟ ਦਰਜ ਕਰਵਾਈ ਜਾ ਸਕੇ ਪਰੰਤੂ ਪੁਲੀਸ ਵਾਲਿਆਂ ਨੇ ਇਹ ਕਹਿ ਕੇ ਉਹਨਾਂ ਨੂੰ ਵਾਪਸ ਮੋੜ ਦਿੱਤਾ ਕਿ ਲੜਕੀ ਦਾ ਭਰਾ ਨਾਬਾਲਿਗ ਹੈ ਅਤੇ ਉਸਦੇ ਮਾਤਾ ਪਿਤਾ (ਜੋ ਉਸ ਵੇਲੇ ਯੂ. ਪੀ. ਗਏ ਹੋਏ ਸਨ) ਦੇ ਵਾਪਸ ਆਉਣ ਤੇ ਪੁਲੀਸ ਵਲੋਂ ਰਿਪੋਰਟ ਲਿਖ ਲਈ ਜਾਵੇਗੀ|
ਇਸ ਮਾਮਲੇ ਵਿੱਚ ਅੱਜ ਪੁਲੀਸ ਅਧਿਕਾਰੀ ਇਹੀ ਕਹਿੰਦੇ ਰਹੇ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ| ਇਸ ਦੌਰਾਨ ਪੁਲੀਸ ਵਲੋਂ ਅਧਿਕਾਰਤ ਤੌਰ ਤੇ ਇਸਤੋਂ ਇਲਾਵਾ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ| ਪੁਲੀਸ ਹੁਣ ਇਹ ਵੀ ਨਹੀਂ ਦੱਸ ਰਹੀ ਕਿ ਇਸ ਲੜਕੀ ਦਾ ਕਤਲ ਉਸੇ ਥਾਂ ਤੇ ਹੋਇਆ ਜਿੱਥੇ ਉਸਦੀ ਲਾਸ਼ ਮਿਲੀ ਜਾਂ ਫਿਰ ਉਸਨੂੰ ਕਾਤਲਾਂ ਵਲੋਂ ਉਸਨੂੰ ਕਿਸੇ ਹੋਰ ਥਾਂ ਤੇ ਕਤਲ ਕਰਨ ਉਪਰੰਤ ਇੱਥੇ ਲਿਆ ਕੇ ਸੁੱਟਿਆ ਗਿਆ| ਇਸ ਦੌਰਾਨ ਅੱਜ ਇਸ ਲੜਕੀ ਦਾ ਪੋਸਟ ਮਾਰਟਮ ਕਰਨ ਵਾਲੇ ਡਾਕਟਰਾਂ ਵਲੋਂ ਵੀ ਇਸ ਸੰਬੰਧੀ ਕੋਈ ਜਾਣਕਾਰੀ ਦੇਣ ਤੋਂ ਟਾਲਾ ਹੀ ਵੱਟਿਆ ਗਿਆ ਪਰੰਤੂ ਸੂਤਰ ਦੱਸਦੇ ਹਨ ਕਿ ਡਾਕਟਰ ਇਸ ਨਤੀਜੇ ਤੇ ਪਹੁੰਚੇ ਹਨ ਕਿ ਇਸ ਲੜਕੀ ਦੇ ਕਤਲ ਤੋਂ ਪਹਿਲਾਂ ਉਸ ਨਾਲ ਬਲਾਤਕਾਰ ਦੀ ਨਾਕਾਮ ਕੋਸ਼ਿਸ਼ ਕੀਤੀ ਗਈ ਸੀ|
ਇਸ ਦੌਰਾਨ ਸਿਵਲ ਹਸਪਤਾਲ ਪਹੁੰਚੇ ਮ੍ਰਿਤਕ ਲੜਕੀ ਜੋਤੀ ਦੇ ਪਿਤਾ ਨਵਰਤਨ ਨੇ ਪੱਤਰਕਾਰਾਂ ਨੂੰ ਦੱਸਿਆ ਉਹਨਾਂ ਦਾ ਪਰਿਵਾਰ ਦੋ ਸਾਲਾਂ ਤੋਂ ਮਟੌਰ ਵਿਖੇ ਰਹਿ ਰਿਹਾ ਹੈ ਅਤੇ ਉਹ ਯੂ ਪੀ ਦੇ ਜਿਲ੍ਹਾ ਸੰਬਲ ਦੇ ਪਿੰਡ ਚੰਦੋਸ਼ੀ ਦੇ ਵਸਨੀਕ ਹਨ| ਉਹਨਾਂ ਕਿਹਾ ਕਿ ਬੀਤੀ 9 ਨਵੰਬਰ ਨੂੰ ਜੋਤੀ ਘਰ ਤੋਂ ਸਵੇਰੇ ਕੰਮ ਕਰਨ ਲਈ ਸੈਕਟਰ 69 ਵਿੱਚ ਗਈ ਸੀ ਪਰ ਉਥੋਂ ਮੁੜਕੇ ਵਾਪਸ ਨਹੀਂ ਆਈ| ਜਦੋਂ ਰਾਤ ਤਕ ਉਹਨਾਂ ਦੀ ਲੜਕੀ ਘਰ ਨਹੀਂ ਪਰਤੀ ਤਾਂ ਉਹਨਾਂ ਕੋਠੀ ਦੇ ਮਾਲਕ ਹਰੀ ਸਿੰਘ ਨਾਲ ਸੰਪਰਕ ਕੀਤਾ ਪਰ ਜਿਉਤੀ ਦਾ ਕੁਝ ਪਤਾ ਨਾ ਲਗਿਆ| ਉਹਨਾਂ ਕਿਹਾ ਕਿ 10 ਨਵੰਬਰ ਨੂੰ ਉਹ ਮੁੜ ਸੈਕਟਰ 69 ਗਏ ਤਾਂ ਉਹਨਾਂ ਨੂੰ ਲੜਕੀ ਸਬੰਧੀ ਕੋਈ ਤਸੱਲੀਬਖਸ ਜਵਾਬ ਨਹੀਂ ਮਿਲਿਆ| ਇਸ ਤੋਂ ਬਾਅਦ ਉਹਨਾਂ ਨੇ ਪੁਲੀਸ ਵਿਚ ਜੋਤੀ ਦੀ ਗੁਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ| ਉਹਨਾਂ ਦੱਸਿਆ ਕਿ ਬੀਤੇ ਕੱਲ ਦੁਪਹਿਰ 3.30 ਵਜੇ ਦੇ ਕਰੀਬ ਪੁਲੀਸ ਨੇ ਉਹਨਾਂ ਨੂੰ ਦਸਿਆ ਕਿ ਸੋਹਾਣਾ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਨੇੜੇ ਜੰਗਲ ਵਿਚੋਂ ਇਕ ਲੜਕੀ ਦੀ ਲਾਸ਼ ਮਿਲੀ ਹੈ, ਜਦੋਂ ਉਹ ਪਰਿਵਾਰ ਸਮੇਤ ਉਥੇ ਪਹੁੰਚੇ ਤਾਂ ਇਹ ਲਾਸ਼ Tਹਨਾਂ ਦੀ ਲੜਕੀ ਦੀ ਹੀ ਸੀ| ਉਹਨਾਂ ਕਿਹਾ ਕਿ ਜੋਤੀ ਦੀ ਲਾਸ਼ ਦੇ ਗਲੇ ਵਿਚ ਦੋ ਚੁੰਨੀਆਂ ਬੰਨੀਆਂ ਹੋਈਆਂ ਸਨ ਤੇ ਉਸਦੇ ਸਰੀਰ ਉਪਰ ਚਾਕੂ ਦੇ ਕਈ ਨਿਸ਼ਾਨ ਸਨ| ਉਹਨਾਂ ਮੰਗ ਕੀਤੀ ਕਿ ਉਹਨਾਂ ਦੀ ਬੇਟੀ ਦਾ ਇਸ ਵਹਿਸ਼ੀ ਤਰੀਕੇ ਨਾਲ ਕਤਲ ਕਰਨ ਵਾਲਿਆਂ ਨੂੰ ਕਾਬੂ ਕੀਤਾ ਜਾਵੇ ਅਤੇ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ|

Leave a Reply

Your email address will not be published. Required fields are marked *