ਨੌਜਵਾਨ ਸਭਾ ਅਤੇ ਪੀ.ਐਸ.ਐਫ. ਨੇ ਕੈਪਟਨ ਸਰਕਾਰ ਤੋਂ ਨੌਜਵਾਨਾਂ ਨਾਲ ਕੀਤੇ ਵਾਅਦਿਆਂ ਨੂੰ ਲਾਗੂ ਕਰਾਉਣ ਲਈ ਕੱਢਿਆ ਮਾਰਚ

ਐਸ ਏ ਐਸ ਨਗਰ, 22 ਮਾਰਚ (ਭਗਵੰਤ ਸਿੰਘ ਬੇਦੀ ) ਕੈਪਟਨ ਸਰਕਾਰ ਵਲੋਂ ਨੌਜਵਾਨਾਂ ਨਾਲ ਕੀਤੇ ਵਾਅਦਿਆਂ ਨੂੰ ਲਾਗੂ ਕਰਾਉਣ ਲਈ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ.) ਦੇ ਸੱਦੇ ਤੇ ਇਕੱਤਰ ਹੋਏ ਨੌਜਵਾਨਾਂ ਵਲੋਂ ਫੇਜ 8 ਵਿੱਚੋਂ ਚੰਡੀਗੜ੍ਹ ਵੱਲ ਮਾਰਚ ਕੀਤਾ| ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਇਸ ਮਾਰਚ ਵਿੱਚ ਨੌਜਵਾਨਾਂ ਨੇ ਭਗਤ ਸਿੰਘ ਦੀ ਫੋਟੋ ਵਾਲੇ ਝੰਡੇ, ਬੈਨਰ ਅਤੇ ਮੰਗਾਂ ਸਬੰਧੀ ਤਖਤੀਆਂ ਹੱਥਾਂ ਵਿੱਚ ਫੜੀਆਂ ਹੋਈਆਂ ਸਨ|
ਇਸ ਮੌਕੇ ਸੰਬੋਧਨ ਕਰਦਿਆਂ ਸਭਾ ਦੇ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਬਟਾਲਾ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਬਣੀ ਨੂੰ ਇਕ ਸਾਲ ਦਾ ਸਮਾਂ ਹੋ ਗਿਆ ਹੈ| ਨੌਜਵਾਨਾਂ ਨਾਲ ਚੋਣਾਂ ਸਮੇਂ ਕੀਤੇ ਵਾਅਦਿਆਂ ਤੇ ਬਿਲਕੁਲ ਹੀ ਅਮਲ ਨਹੀਂ ਕੀਤਾ ਗਿਆ| ਬਲਕਿ ਸਰਕਾਰੀ ਥਰਮਲ ਪਲਾਂਟ ਬੰਦ ਕਰਕੇ, 800 ਸਰਕਾਰੀ ਸਕੂਲਾਂ ਨੂੰ ਪੱਕੇ ਤਾਲੇ ਲਾ ਕੇ, ਆਂਗਣਵਾੜੀ ਸਕੂਲ ਬੰਦ ਕਰਕੇ ਬੇਰੁਜ਼ਗਾਰੀ ਵਿੱਚ ਵਾਧਾ ਕੀਤਾ ਗਿਆ ਹੈ| ਉਨ੍ਹਾਂ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਦੀ ਸਰਕਾਰ ਅਤੇ ਕੈਪਟਨ ਦੀ ਸਰਕਾਰ ਦੀਆਂ ਨੀਤੀਆਂ ਵਿੱਚ ਕੋਈ ਅੰਤਰ ਨਹੀਂ| ਦੋਹਾਂ ਦੀਆਂ ਨੀਤੀਆਂ ਨਿੱਜੀਕਰਨ ਦੇ ਹੱਕ ਵਿੱਚ ਹਨ|
ਇਸ ਮੌਕੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਅਜੈ ਫਿਲੌਰ ਨੇ ਕਿਹਾ ਕਿ ਕੈਪਟਨ ਸਰਕਾਰ ਦੀਆਂ ਵਿਦਿਆਰਥੀ ਵਿਰੋਧੀ ਨੀਤੀਆਂ ਨੇ ਗਰੀਬ ਵਰਗ ਦੇ ਬੱਚਿਆਂ ਕੋਲੋਂ ਵਿਦਿਆ ਖੋਹ ਕੇ ਅਮੀਰ ਲੋਕਾਂ ਦੇ ਹੱਥ ਵਿੱਚ ਦੇ ਦਿੱਤੀ ਹੈ| ਉਨ੍ਹਾਂ ਕਿਹਾ ਕਿ ਵਿਦਿਆ ਦਾ ਨਿਜੀਕਰਨ, ਵਪਾਰੀਕਰਨ ਕਰਕੇ ਹਜ਼ਾਰਾਂ ਸਰਕਾਰੀ ਸਕੂਲ/ਕਾਲਜ ਟੀਚਰਾਂ ਤੋਂ ਵਾਂਝੇ ਕਰ ਦਿੱਤੇ ਹਨ| ਇਸ ਮੌਕੇ ਮਨਦੀਪ ਕੌਰ ਸ਼ੱਕਰੀ, ਸੁਰਜੀਤ ਸਿੰਘ ਦੁਧਰਾਏ, ਮੱਖਣ ਸੰਗਰਾਮੀ, ਗੁਰਦੀਪ ਬੇਗਮਪੁਰ, ਹਰਨੇਕ ਗੁਜਰਵਾਲ, ਦਲਵਿੰਦਰ ਕੁਲਾਰ, ਸੁਰੇਸ਼ ਸਮਾਣਾ, ਜਤਿੰਦਰ ਫਰੀਦਕੋਟ, ਸਿਮਰਜੀਤ ਬਰਾੜ, ਬੰਸੀ ਲਾਲ, ਸੰਦੀਪ ਮਾਨਸਾ, ਤਸਵੀਰ ਖਿਲਚੀਆਂ, ਸੁਖਦੇਵ ਜਵੰਦਾ, ਕਰਮਬੀਰ ਪੱਖੋਕੇ, ਰਮਨਦੀਪ ਘਨੌਰ, ਸਤਨਾਮ ਸੁੱਜੋਂ, ਪ੍ਰਭਾਤ ਕਵੀ, ਸੰਦੀਪ ਸਿੰਘ ਤੋ ਇਲਾਵਾ ਵੱਡੀ ਗਿਣਤੀ ਨੌਜਵਾਨ-ਵਿਦਿਆਰਥੀ ਹਾਜ਼ਰ ਸਨ|

Leave a Reply

Your email address will not be published. Required fields are marked *