ਨੌਵੀਂ ਤੋਂ 12 ਜਮਾਤ ਦੇ ਵਿਦਿਆਰਥੀਆਂ ਲਈ ਖੁੱਲ ਗਏ ਸਕੂਲ, ਪਹਿਲੇ ਦਿਨ ਹਾਜਰੀ ਰਹੀ ਘੱਟ, ਪ੍ਰਾਈਵੇਟ ਸਕੂਲ ਰਹੇ ਬੰਦ


ਐਸ.ਏ.ਐਸ.ਨਗਰ, 19 ਅਕਤੂਬਰ (ਸ.ਬ.) ਕੋਵਿਡ-19 ਦੀ ਮਾਹਾਂਮਾਰੀ ਕਾਰਨ ਪਿਛਲੇ 7 ਮਹੀਨਿਆਂ ਤੋਂ ਬੰਦ ਪਏ ਸਕੂਲ ਅੱਜ 9ਵੀਂ ਤੋਂ 12ਵੀਂ ਜਮਾਤ ਤੱਕ ਲਈ ਖੋਲ ਦਿੱਤੇ ਗਏ ਹਨ| ਇਸ ਦੌਰਾਨ ਅੱਜ ਬੱਚਿਆਂ ਦੀ ਹਾਜਰੀ ਬਹੁਤ ਘੱਟ ਰਹੀ ਅਤੇ ਤਕਰੀਬਨ 8 ਤੋਂ 10 ਫੀਸਦੀ ਬੱਚੇ ਹੀ ਕਲਾਸਾਂ ਵਿੱਚ ਹਾਜਿਰ ਹੋਏ| ਇਸ ਦੌਰਾਨ ਸਕੂਲਾਂ ਵਿੱਚ ਕੋਵਿਡ-19 ਤੋਂ ਬਚਾਓ ਦੀਆਂ ਸਾਵਧਾਨੀਆਂ ਦਾ ਸਾਰਾ ਪ੍ਰਬੰਧ ਕੀਤਾ ਗਿਆ ਅਤੇ                       ਸੈਨੇਟਾਇਜਰ, ਮਾਸਕ ਆਦਿ ਦਾ ਵੀ ਪੂਰਾ ਪ੍ਰੰਬਧ ਕੀਤਾ ਗਿਆ ਸੀ|
ਅੱਜ ਪਹਿਲੇ ਦਿਨ ਵਿੱਚ ਜਿਲ੍ਹੇ ਵਿੱਚ ਸਰਕਾਰੀ ਸਕੂਲ ਤਾਂ ਖੁੱਲ ਗਏ ਹਨ ਪਰਤੂੰ ਪ੍ਰਾਈਵੇਟ ਸਕੂਲ ਅਜੇ ਨਹੀਂ ਖੁੱਲੇ ਹਨ| ਪ੍ਰਾਈਵੇਟ ਸਕੂਲਾਂ ਦੇ ਵੀ ਹੌਲੀ-ਹੌਲੀ ਖੁੱਲਣ ਦੀ ਸੰਭਾਵਨਾਂ ਬਣੀ ਹੋਈ ਹੈ| ਪ੍ਰਾਈਵੇਟ ਸਕੂਲਾਂ ਵਾਲਿਆਂ ਵਲੋਂ ਵਿਦਿਆਰਥੀਆਂ ਦੇ ਮਾਪਿਆਂ ਤੋਂ ਸਹਿਮਤੀ ਪੱਤਰ ਮੰਗੇ ਗਏ ਹਨ ਅਤੇ 2 ਤੋਂ 5 ਫੀਸਦੀ ਬੱਚਿਆਂ ਦੇ ਮਾਪਿਆਂ ਵਲੋਂ ਹੀ ਇਹ ਸਹਿਮਤੀ ਪੱਤਰ ਦਿੱਤੇ ਗਏ ਹਨ| 
ਜਿਲ੍ਹਾ ਸਿੱਖਿਆ ਅਫਸਰ ਸ੍ਰ. ਹਿੰਮਤ ਸਿੰਘ ਹੁੰਦਲ ਨੇ ਸੰਪਰਕ ਕਰਨ ਤੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ 9ਵੀਂ ਤੋਂ 12ਵੀਂ ਤੱਕ ਦੀਆਂ ਜਮਾਤਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ| ਉਹਨਾਂ ਕਿਹਾ ਕਿ ਤਮਾਮ ਸਕੂਲਾਂ ਦੇ ਪ੍ਰਿੰਸੀਪਲ ਅਤੇ ਹੋਰ ਸਟਾਫ ਵਲੋਂ ਪੂਰੀ ਜਿੰਮੇਵਾਰੀ ਨਾਲ ਕੰਮ ਕਰਦਿਆ ਕੋਵਿਡ-19 ਤੋਂ ਬਚਾਓ ਲਈ ਸ਼ਾਨਦਾਰ ਪ੍ਰਬੰਧ ਕੀਤੇ ਗਏ ਹਨ ਅਤੇ ਬੱਚਿਆਂ ਵਿੱਚ ਵੀ ਪੜ੍ਹਾਈ ਪ੍ਰਤੀ ਉਤਸ਼ਾਹ ਦੇਖਿਆ ਜਾ ਰਿਹਾ ਹੈ| ਹਾਲਾਂਕਿ ਉਹਨਾਂ ਕਿਹਾ ਕਿ ਅੱਜ ਬੱਚਿਆਂ ਦੀ ਹਾਜਰੀ ਕਾਫੀ ਘੱਟ ਰਹੀ ਹੈ ਅਤੇ ਸਿਰਫ 8 ਤੋਂ 10 ਫੀਸਦੀ ਬੱਚੇ ਹੀ ਹਾਜਿਰ ਹੋਏ ਹਨ ਪਰਤੂੰ ਬੱਚਿਆਂ ਦੇ ਉਤਸ਼ਾਹ ਨੂੰ ਦੇਖਕੇ ਲੱਗਦਾ ਹੈ ਕਿ ਛੇਤੀ ਹੀ ਸਕੂਲਾਂ ਵਿੱਚ ਹਾਜਰੀ ਵੀ ਠੀਕ ਹੋ ਜਾਵੇਗੀ| 
ਬੁੱਧਵਾਰ ਤੋਂ ਖੁੱਲੇਗਾ ਸ਼ਾਸ਼ਤਰੀ ਮਾਡਲ ਸਕੂਲ : ਇਸ ਦੌਰਾਨ ਸ਼ਾਸ਼ਤਰੀ ਮਾਡਲ ਸਕੂਲ                ਫੇਜ਼-1 ਦੇ ਮੈਨੇਜਰ ਸ੍ਰ. ਰਜਨੀਸ਼ ਸੇਵਕ ਨੇ ਦੱਸਿਆ ਕਿ ਉਹਨਾਂ ਵਲੋਂ ਬੁੱਧਵਾਰ ਤੋਂ ਸਕੂਲ ਖੋਲ੍ਹਿਆ                ਜਾਵੇਗਾ| ਉਹਨਾਂ ਕਿਹਾ ਕਿ ਇਸ ਸੰਬੰਧੀ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਬੱਚਿਆ ਨੂੰ ਸੁਰਖਿਅਤ ਤਰੀਕੇ ਨਾਲ ਸਿਖਿਆ ਦੇਣ ਦਾ ਅਮਲ ਯਕੀਨੀ ਕੀਤਾ ਜਾ ਸਕੇ|
ਬੱਚਿਆਂ ਦੇ ਮਾਂਪਿਆਂ ਦੀ ਸਹਿਮਤੀ ਤੋਂ ਬਾਅਦ ਹੀ ਪੂਰੀ ਤਰ੍ਹਾਂ ਖੁੱਲਣਗੇ ਸਕੂਲ : ਪੈਰਾਗਾਨ ਸੀਨੀਅਰ ਸਕੈਂਡਰੀ ਸਕੂਲ ਸੈਕਟਰ 71 ਦੇ ਮੁਖੀ ਸ੍ਰ. ਇਕਬਾਲ ਸਿੰਘ               ਸ਼ੇਰਗਿਲ ਨੇ ਕਿਹਾ ਕਿ ਸਕੂਲ ਵਲੋਂ ਬੱਚਿਆਂ ਦੇ ਮਾਂਪਿਆਂ ਤੋਂ ਸਹਿਮਤੀ ਪੱਤਰ ਮੰਗੇ ਗਏ ਹਨ ਪਰੰਤੂ ਜਿਆਦਾਤਰ ਮਾਪੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਇਨਕਾਰੀ ਹਨ ਅਤੇ ਬੱਚਿਆਂ ਦੇ ਮਾਂਪਿਆਂ ਤੋਂ ਸਹਿਮਤੀ ਪੱਤਰ ਮਿਲਣ ਤੋਂ ਬਾਅਦ ਹੀ ਸਕੂਲ ਖੋਲ੍ਹਿਆ ਜਾਵੇਗਾ|

Leave a Reply

Your email address will not be published. Required fields are marked *