ਪਟਨਾ ਵਿਖੇ ਸ਼ਾਹੀ ਜਾਹੋ ਜਲਾਲ ਨਾਲ ਸਜਾਇਆ ਨਗਰ ਕੀਰਤਨ ਸੁਨਿਹਰੀ ਪਾਲਕੀ ਵਿੱਚ ਗੁਰੂ ਸਾਹਿਬ ਨੇ ਕੀਤੀ ਅਗਵਾਈ

ਪਟਨਾ, 4  ਜਨਵਰੀ (ਸ.ਬ.) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 350ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਅੱਜ ਪਟਨਾ ਦੀ ਧਰਤੀ ਤੇ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ| ਇਹ ਨਗਰ ਕੀਰਤਨ ਪਟਨਾ ਦੇ ਇਤਿਹਾਸਕ ਗਾਂਧੀ ਮੈਦਾਨ ਤੋਂ ਆਰੰਭ ਹੋਇਆ, ਜਿਸ ਦੀ ਸੰਪੂਰਨਤਾ ਤਖਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ| ਗਾਂਧੀ ਮੈਦਾਨ ਤੋਂ ਨਗਰ ਕੀਰਤਨ ਦੀ ਆਰੰਭਤਾ ਸਮੇਂ ਸੁਨਿਹਰੀ ਪਾਲਕੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਸ਼ੋਭਿਤ ਕੀਤਾ ਗਿਆ| ਨਗਰ ਕੀਰਤਨ ਦੀ ਅਗਵਾਈ ਰਵਾਇਤੀ ਲਿਬਾਸ ਅਤੇ ਸ਼ਸਤਰਾਂ ਨਾਲ ਸਜੇ ਪੰਜ ਪਿਆਰਿਆਂ ਨੇ ਕੀਤੀ, ਜਦੋਂ ਕਿ ਨਗਰ ਕੀਰਤਨ ਦੀ ਰਵਾਨਗੀ             ਸਮੇਂ ਤਖਤ ਸ੍ਰੀ ਪਟਨਾ ਸਾਹਿਬ ਦੇ ਜੱਥੇਦਾਰ ਗਿਆਨੀ ਇਕਬਾਲ ਸਿੰਘ, ਪ੍ਰਬੰਧਕ ਕਮੇਟੀ ਦੇ ਚੇਅਰਮੈਨ ਅਵਤਾਰ ਸਿੰਘ ਮੱਕੜ, ਹੈਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਅਤੇ ਹੋਰ ਸੰਤ-ਮਹਾਂਪੁਰਸ਼ ਮੌਜੂਦ ਸਨ| ਨਗਰ ਕੀਰਤਨ ਵਿੱਚ ਗੁਰੂ ਕੀਆਂ ਲਾਡਲੀਆਂ ਫੌਜਾਂ ਘੋੜਿਆਂ ਉੱਤੇ ਸਵਾਰ ਹੋ ਕੇ ਸ਼ਸਤਰਾਂ ਨਾਲ ਲੈਸ ਹੋ ਕੇ ਸ਼ਾਮਲ ਹੋਈਆਂ| ਨਗਰ ਕੀਰਤਨ ਦੇ ਨਾਲ-ਨਾਲ ਫੌਜੀ ਬੈਂਡ ਵਿਸ਼ੇਸ਼ ਧੁਨਾਂ ਵਜਾ ਰਿਹਾ ਸੀ| ਇਸ ਦੌਰਾਨ ਦਰਜਨ ਦੇ ਕਰੀਬ ਗਤਕਾ ਪਾਰਟੀਆਂ ਨੇ ਗਤਕੇ ਦੇ ਜੌਹਰ ਦਿਖਾਏ| ਨਗਰ ਕੀਰਤਨ ਦੇ ਰਸਤੇ ਨੂੰ ਬਿਹਾਰ ਸਰਕਾਰ ਦੀਆਂ ਵਿਸ਼ੇਸ਼ ਗੱਡੀਆਂ ਵੱਲੋਂ ਪਾਣੀ ਨਾਲ ਧੋਤਾ ਗਿਆ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਪੂਰੇ ਰਸਤੇ ਦੀ ਸਫਾਈ ਕਰ ਰਹੀਆਂ ਸਨ| ਸ੍ਰੀ ਪਾਲਕੀ ਸਾਹਿਬ ਦੇ ਮਗਰ ਚੱਲ ਰਹੀਆਂ ਸੰਗਤਾਂ ਉੱਚੀ ਆਵਾਜ਼ ਵਿੱਚ ਇਸ ਸ਼ਬਦ ਦਾ ਗਾਇਨ ਕਰ ਰਹੀਆਂ ਸਨ ‘ਵਾਹੁ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ’, ‘ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰੂ ਚੇਲਾ’|
ਨਗਰ ਕੀਰਤਨ ਵਿੱਚ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਸ਼ਾਮਲ ਹੋਏ, ਜਿਹੜੇ ਉੱਚੀ ਆਵਾਜ਼ ਵਿੱਚ ‘ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ’ ਦੇ ਜੈਕਾਰੇ ਲਾ ਰਹੇ ਹਨ| ਰਸਤੇ ਵਿੱਚ ਪਟਨਾ ਵਾਸੀ ਆਪੋ-ਆਪਣੇ ਘਰਾਂ ਦੀਆਂ ਛੱਤਾਂ ਤੇ ਖੜ੍ਹੇ ਹੋ ਕੇ ਇਸ ਆਲੌਕਿਕ ਦ੍ਰਿਸ਼ ਦਾ ਨਜ਼ਾਰਾ ਲੈ ਰਹੇ ਸਨ|
ਗੁਰਪੁਰਬ ਦੇ ਸਬੰਧ ਵਿੱਚ ਆਯੋਜਿਤ ਇਸ ਨਗਰ ਕੀਰਤਨ ਵਿੱਚ ਪੂਰੀ ਤਰ੍ਹਾਂ ਸ਼ਿੰਗਾਰੇ ਹੋਏ ਹਾਥੀ, ਘੋੜੇ ਵੀ ਸ਼ਾਮਲ ਹੋਏ| ਇਨ੍ਹਾਂ ਦੀ ਸਜ-ਧਜ ਦੇਖ ਕੇ ਸੰਗਤਾਂ ਪੂਰੀ ਤਰ੍ਹਾਂ ਨਿਹਾਲ ਹੋ ਰਹੀਆਂ ਸਨ| ਇਹਨਾਂ ਵਿੱਚ ਕਰੋੜਾਂ ਰੁਪਏ ਦੀ ਕੀਮਤ ਵਾਲੇ ਘੋੜੇ ਵੀ ਸ਼ਾਮਿਲ ਸਨ, ਜਿਨ੍ਹਾਂ ਉੱਪਰ ਕਿਸੇ ਵੱਲੋਂ ਸਵਾਰੀ ਨਹੀਂ ਕੀਤੀ ਗਈ| ਪਟਨਾ ਵਾਸੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਆਪਣੇ ਜੀਵਨ ਵਿੱਚ ਇਸ ਤਰ੍ਹਾਂ ਦਾ ਨਗਰ ਕੀਰਤਨ ਪਹਿਲਾਂ ਕਦੇ ਨਹੀਂ ਦੇਖਿਆ|
ਨਗਰ ਕੀਰਤਨ ਦੌਰਾਨ ਸੁਰੱਖਿਆ ਦੇ ਬੇਹੱਦ ਸਖਤ ਇੰਤਜ਼ਾਮ ਕੀਤੇ ਗਏ ਸਨ| ਇਨ੍ਹਾਂ ਸੁਰੱਖਿਆ ਪ੍ਰਬੰਧਾਂ ਦੀ          ਦੇਖ-ਰੇਖ ਆਈ. ਜੀ. ਰੈਂਕ ਦਾ ਇਕ ਅਧਿਕਾਰੀ ਕਰ ਰਿਹਾ ਸੀ, ਜਦੋਂ ਕਿ 4 ਐਸ. ਐਸ. ਪੀ., 6 ਡੀ. ਐਸ. ਪੀ. ਅਤੇ ਇਕ ਹਜ਼ਾਰ ਦੇ ਕਰੀਬ ਸੁਰੱਖਿਆ ਜਵਾਨ ਨਗਰ ਕੀਰਤਨ ਦੇ ਨਾਲ-ਨਾਲ ਚੱਲ ਰਹੇ ਸਨ| ਇਸ ਤੋਂ ਇਲਾਵਾ ਨਗਰ ਕੀਰਤਨ ਦੇ ਸਾਰੇ ਰਸਤੇ ਤੇ ਦੋਹੀਂ ਪਾਸੀਂ ਸੁਰੱਖਿਆ ਮੁਲਾਜ਼ਮਾਂ ਦੀ ਪੱਕੇ ਤੌਰ ਤੇ ਤਾਇਨਾਤੀ ਕੀਤੀ ਗਈ ਸੀ| ਨਗਰ ਕੀਰਤਨ ਦੌਰਾਨ ਕੁੱਲ ਮਿਲਾ ਕੇ 6 ਹਜ਼ਾਰ ਦੇ ਕਰੀਬ ਸੁਰੱਖਿਆ ਮੁਲਾਜ਼ਮ ਪ੍ਰਬੰਧਾਂ ਦੀ ਦੇਖ-ਰੇਖ ਕਰ ਰਹੇ ਸਨ| ਵੱਡੀ ਗਿਣਤੀ ਵਿੱਚ ਮੁਲਾਜ਼ਮ ਸਾਦੇ ਕੱਪੜਿਆਂ ਵਿੱਚ ਨਗਰ ਕੀਰਤਨ ਦੇ ਨਾਲ ਚੱਲ ਰਹੇ ਹਨ|
ਜਿਸ ਪਾਲਕੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਸ਼ੋਭਿਤ ਕੀਤਾ ਗਿਆ ਹੈ, ਉਹ ਹਰਿਆਣਾ ਦੇ ਸ਼ਹਿਰ ਯਮੁਨਾਨਗਰ ਤੋਂ ਸਾਧੂ-ਸਮਾਜ ਅਤੇ ਸੰਤ-ਮਹਾਂਪੁਰਸ਼ਾਂ ਨੇ ਤਿਆਰ ਕਰਵਾ ਕੇ ਭਿਜਵਾਈ ਹੈ| ਪਾਲਕੀ ਸਾਹਿਬ ਵਾਲਾ ਇਹ ਰੱਥ 11 ਫੁੱਟ ਲੰਬਾ, 6 ਫੁੱਟ ਚੌੜਾ ਅਤੇ 15 ਫੁੱਟ ਉਚਾ ਹੈ| ਇਸ ਨੂੰ ਲੱਕੜੀ, ਪਲਾਈ ਆਦਿ ਦੀ ਵਰਤੋਂ ਨਾਲ ਤਿਆਰ ਕੀਤਾ ਗਿਆ ਹੈ| ਸਾਰੇ ਰੱਥ ਨੂੰ ਸੁਨਿਹਰੀ ਰੰਗ ਦਿੱਤਾ ਗਿਆ ਹੈ| ਅੱਜ ਸਵੇਰ ਵੇਲੇ ਨਗਰ ਕੀਰਤਨ ਤੋਂ ਪਹਿਲਾਂ ਯਮੁਨਾਨਗਰ ਦੇ ਸੰਤ-ਮਹਾਂਪੁਰਸ਼ ਇਸ ਪਾਲਕੀ ਸਾਹਿਬ ਨੂੰ ਲੈ ਕੇ ਗਾਂਧੀ ਮੈਦਾਨ ਵਿੱਚ ਪੁੱਜੇ ਸਨ|
ਨਗਰ ਕੀਰਤਨ ਵਾਲੇ ਮਾਰਗ ਤੇ 200 ਦੇ ਕਰੀਬ ਸੀ. ਸੀ. ਟੀ. ਵੀ. ਕੈਮਰੇ ਲਗਾਏ ਗਏ ਹਨ, ਜਿਨ੍ਹਾਂ ਰਾਹੀਂ ਇਸ ਰਸਤੇ ਦੀ ਹਰ ਹਰਕਤ ਤੇ ਨਜ਼ਰ ਰੱਖੀ ਜਾ ਰਹੀ ਹੈ| ਇਸ ਤੋਂ ਇਲਾਵਾ ਪ੍ਰਾਈਵੇਟ ਅਦਾਰਿਆਂ, ਦੁਕਾਨਾਂ ਅਤੇ ਹੋਰ ਸੰਸਥਾਵਾਂ ਨੂੰ ਵੀ ਆਪੋ-ਆਪਣੇ ਕੈਮਰੇ ਚਾਲੂ ਰੱਖਣ ਲਈ ਕਿਹਾ ਗਿਆ ਹੈ| ਪ੍ਰਸ਼ਾਸਨ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਦੇਣੀ ਚਾਹੁੰਦਾ ਸੀ| ਸੁਰੱਖਿਆ ਮੁਲਾਜ਼ਮਾਂ ਨੂੰ ਇਹ ਖਾਸ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਸ਼ਰਧਾਲੂਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਉਣੀ ਚਾਹੀਦੀ|
ਨਗਰ ਕੀਰਤਨ ਦੇ ਗੁਰਦੁਆਰਾ ਗਊਘਾਟ ਪਹੁੰਚਣ ਉਪਰੰਤ ਸੰਗਤਾਂ ਨੇ ਉੱਥੇ ਮੱਥਾ ਟੇਕਿਆ ਅਤੇ ਦੁਪਹਿਰ ਦਾ ਲੰਗਰ ਛਕਿਆ| ਇਸ ਮਕਸਦ ਲਈ ਗੁਰਦੁਆਰਾ ਸਾਹਿਬ ਵਿੱਚ 200 ਦੇ ਕਰੀਬ ਸਟਾਲ ਲਾਏ ਗਏ ਹਨ, ਜਿਨ੍ਹਾਂ ਤੇ ਵੱਖ-ਵੱਖ ਤਰ੍ਹਾਂ ਦੇ ਪਕਵਾਨ ਸੰਗਤਾਂ ਨੂੰ ਪਰੋਸੇ ਜਾ ਰਹੇ ਸਨ| ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਬਿਹਾਰ ਵਾਸੀਆਂ ਨੇ ਸੰਗਤਾਂ ਦੀ ਸੇਵਾ ਕੀਤੀ|

Leave a Reply

Your email address will not be published. Required fields are marked *