ਪਟਿਆਲਾ ਦੀ ਮਥੁਰਾ ਕਲੋਨੀ ਵਿੱਚ ਮਹਿਲਾ ਦਾ ਕਤਲ

ਪਟਿਆਲਾ, 20 ਅਗਸਤ (ਬਿੰਦੂ ਸ਼ਰਮਾ) ਪਟਿਆਲਾ ਸ਼ਹਿਰ ਦੀ ਮਥੁਰਾ ਕਲੋਨੀ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿਣ ਵਾਲੀ ਇੱਕ ਮਹਿਲਾ ਸਾਧਨਾ (ਉਮਰ ਕਰੀਬ30-35 ਸਾਲ) ਦਾ ਕਤਲ ਹੋਣ ਦਾ ਸਮਾਚਾਰ ਹੈ| ਇਹ ਮਹਿਲਾ ਇੱਥੇ ਆਪਣੇ ਪਤੀ ਨਾਲ ਰਹਿੰਦੀ ਸੀ ਜੋ ਕਿ ਪੇਂਟਰ ਦਾ ਕੰਮ ਕਰਦਾ ਦੱਸਿਆ ਗਿਆ ਹੈ| 
ਪ੍ਰਾਪਤ ਜਾਣਕਾਰੀ ਅਨੁਸਾਰ ਕਤਲ ਦੀ ਵਾਰਦਾਤ ਦੀ ਜਾਣਕਾਰੀ ਮਿਲਣ ਤੇ ਮੌਕੇ ਤੇ ਪਹੁੰਚੀ ਪੁਲੀਸ ਟੀਮ ਨੇ ਵੇਖਿਆ ਕਿ ਮਹਿਲਾ ਖੂਨ ਨਾਲ ਲਥਪਥ ਜ਼ਮੀਨ ਤੇ ਪਈ ਸੀ ਅਤੇ ਉਸਦਾ ਪਤੀ ਘਰ ਤੋਂ ਗਾਇਬ ਸੀ| 
ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਨੂੰ ਇਸ ਮਹਿਲਾ ਦੇ ਆਂਢ-ਗੁਆਂਢ ਤੋਂ ਪਤਾ ਲੱਗਿਆ ਹੈ ਕਿ ਇਸ ਮਹਿਲਾ ਦਾ ਪਤੀ ਸ਼ਰਾਬ ਪੀਣ ਦਾ ਆਦੀ ਸੀ ਅਤੇ ਉਹ ਅਕਸਰ ਸ਼ਰਾਬ ਪੀ ਕੇ ਆਪਣੀ ਪਤਨੀ ਨਾਲ ਲੜਾਈ ਝਗੜਾ ਕਰਦਾ ਸੀ| ਇਹ ਸ਼ੱਕ ਕੀਤਾ ਜਾ ਰਿਹਾ ਹੈ ਕਿ ਇਸ ਵਿਅਕਤੀ ਨੇ ਘਰੇਲੂ ਕਲੇਸ਼ ਤੋਂ ਬਾਅਦ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਅਤੇ ਬਾਅਦ ਵਿੱਚ ਮੌਕੇ ਤੋਂ ਫਰਾਰ ਹੋ ਗਿਆ| 
ਮੌਕੇ ਤੇ ਪਹੁੰਚੀ ਕੋਤਵਾਲੀ ਥਾਣਾ ਦੀ ਪੁਲੀਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ ਅਤੇ ਕੋਤਵਾਲੀ ਥਾਣੇ ਦੇ ਐਸ ਐਚ ਓ ਸ੍ਰੀ ਰਾਹੁਲ ਕੌਂਸ਼ਲ ਦੀ ਅਗਵਾਈ ਵਿੱਚ ਪੁਲੀਸ ਵਲੋਂ ਆਸ ਪੜੋਸ ਵਿੱਚ ਰਹਿੰਦੇ ਲੋਕਾਂ ਦ ਬਿਆਨ ਲੈ ਰਹੇ ਸਨ| ਇਸ ਸੰਬੰਧੀ ਪੁਲੀਸ ਵਲੋਂ ਫਾਰੈਂਸਿਕ ਟੀਮ ਨੂੰ ਵੀ ਮੌਕੇ ਤੇ ਸੱਦਿਆ ਗਿਆ ਸੀ ਅਤੇ ਪੁਲੀਸ ਵਲੋਂ ਸਾਰੇ ਸਬੂਤ ਇਕੱਠੇ ਕੀਤੇ ਜਾ ਰਹੇ ਸਨ| 
ਇਸ ਮੌਕੇ ਐਸ ਐਚ ਓ ਰਾਹੁਲ ਕੌਸ਼ਲ ਨੇ ਕਿਹਾ ਕਿ ਮੁੱਢਲੀ ਪੜਤਾਲ ਵਿੱਚ ਇਹ ਰਾਤ ਨੂੰ ਹੋਏ ਕਤਲ ਦਾ ਮਾਮਲਾ ਲਗਦਾ ਹੈ| ਉਹਨਾਂ ਕਿਹਾ ਕਿ ਇਸ ਔਰਤ ਦਾ ਪਤੀ ਫਰਾਰ ਹੈ ਅਤੇ ਉਸਦੀ ਭਾਲ ਕੀਤੀ ਜਾ ਰਹੀ ਹੈ| ਉਹਨਾਂ ਕਿਹਾ ਕਿ ਪੁਲੀਸ ਵਲੋਂ ਮ੍ਰਿਤਕ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਭਿਜਵਾਇਆ ਜਾ ਰਿਹਾ ਹੈ ਅਤੇ ਪੁਲੀਸ ਵਲੋਂ ਮਾਮਲੇ ਦੀ ਜਾਂਚ ਉਪਰੰਤ ਲੋੜਂੀਂਦੀ ਕਾਰਵਾਈ ਕੀਤੀ ਜਾਵੇਗੀ|

Leave a Reply

Your email address will not be published. Required fields are marked *