ਪਟਿਆਲਾ ਦੀ ਰਾਜਿੰਦਰਾ ਝੀਲ ਦਾ ਹੋਵੇਗਾ ਕਾਇਆ ਕਲਪ

ਪਟਿਆਲਾ ਦੀ ਰਾਜਿੰਦਰਾ ਝੀਲ ਦਾ ਹੋਵੇਗਾ ਕਾਇਆ ਕਲਪ
5 ਕਰੋੜ ਰੁਪਏ ਦੀ ਰਾਸ਼ੀ ਨਾਲ ਹੋ ਰਿਹਾ ਹੈ ਝੀਲ ਅਤੇ ਆਲੇ ਦੁਆਲੇ ਦੇ ਸੁੰਦਰੀਕਰਨ ਦਾ ਕੰਮ 
ਪਟਿਆਲਾ, 19 ਅਗਸਤ (ਬਿੰਦੂ ਸ਼ਰਮਾ) ਪਟਿਆਲਾ ਦੀ ਇਤਿਹਾਸਕ ਰਾਜਿੰਦਰਾ ਝੀਲ ਦੀ ਵਿਸ਼ੇਸ਼ ਮੁਰਮੰਤ ਅਤੇ ਸੁੰਦਰੀਕਰਨ ਦਾ ਕੰਮ ਜੋਰ ਫੜ ਗਿਆ ਹੈ ਅਤੇ ਇਸਦੀ ਜੰਗੀ ਪੱਧਰ ਤੇ ਕਾਇਆਕਲਪ ਕੀਤੀ ਜਾ ਰਹੀ ਹੈ| ਇਸ ਕੰਮ ਲਈ ਸਰਕਾਰ ਵਲੋਂ 504.20 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ ਅਤੇ ਇਹ ਕੰਮ ਨੰਵਬਰ ਮਹੀਨੇ ਵਿੱਚ ਖਤਮ ਕੀਤਾ ਜਾਣਾ ਹੈ| 
ਰਾਜਿੰਦਰਾ ਝੀਲ ਦੇ ਸੁੰਦਰੀਕਰਨ ਦੇ ਕੰਮ ਦੀ ਨਿਗਰਾਨੀ ਕਰ ਰਹੇ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸ੍ਰੀ ਐਸ. ਐਲ. ਗਰਗ ਨੇ ਦੱਸਿਆ ਕਿ ਵਿਭਾਗ ਵਲੋਂ ਇਸ ਇਤਿਹਾਸਕ ਝੀਲ ਦੀ ਦਿੱਖ ਨੂੰ ਸੁਧਾਰਨ ਲਈ ਇਸਦੀ ਸਾਫ ਸਫਾਈ ਕੀਤੀ ਜਾ ਰਹੀ ਹੈ ਅਤੇ ਝੀਲ ਦੇ ਕਿਨਾਰਿਆ ਤੇ ਬਣੀ ਸਲੋਪ ਨੂੰ ਸਟੋਨ ਪਿਚਿੰਗ ਨਾਲ ਮਜਬੂਤ ਕੀਤਾ            ਜਾਵੇਗਾ ਅਤੇ ਉੱਥੇ ਲੱਗੇ ਜੰਗਲੀ ਘਾਹ, ਝਾੜੀਆਂ ਅਤੇ ਸਲੱਸ ਦੀ ਸਾਫ ਸਫਾਈ ਕਰਵਾ ਕੇ ਉੱਥੇ ਚੀਕਣੀ ਮਿੱਟੀ ਦੀ ਤਹਿ ਵਿਛਾਈ ਜਾਵੇਗੀ ਤਾਂ ਜੋ ਉੱਥੋਂ ਪਾਣੀ ਦੇ ਰਿਸਾਓ ਨੂੰ ਰੋਕਿਆ ਜਾ ਸਕੇ| 
ਉਹਨਾਂ ਦੱਸਿਆ ਕਿ ਝੀਲ ਦੇ ਆਲੇ-ਦੁਆਲੇ ਦੇ  ਸੁੰਦਰੀਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਜਿਸਦੇ ਤਹਿਤ ਆਲੇ ਦੁਆਲੇ ਦੀਆਂ ਸੜਕਾਂ ਨੂੰ ਚੌੜਾ ਅਤੇ ਮਜਬੂਤ ਕਰਨ ਉਪਰੰਤ ਇਨ੍ਹਾਂ ਦੇ ਨਾਲ ਫੁਟਪਾਥ ਦੀ ਉਸਾਰੀ ਕੀਤੀ ਜਾ ਰਹੀ ਹੈ ਅਤੇ ਫੁੱਲ ਬੂਟੇ ਲਗਾਏ ਜਾ ਰਹੇ ਹਨ ਤਾਂ ਜੋ ਲੋਕ ਇੱਥੇ ਆ ਕੇ ਸੈਰ ਕਰ ਸਕਣ ਅਤੇ ਆਪਣਾ ਸਮਾਂ ਵਤੀਤ ਕਰ ਸਕਣ| 
ਮੌਕੇ ਤੇ ਹਾਜਿਰ ਵਾਰਡ ਨੰਬਰ 50 ਦੇ ਕੌਂਸਲਰ ਸ੍ਰ. ਹਰਵਿੰਦਰ ਸਿੰਘ ਨਿੱਪੀ ਨੇ ਦੱਸਿਆ ਕਿ ਇੱਥੇ ਉਸਾਰੀ ਜਾਣ ਵਾਲੀ ਬਾਊਂਡਰੀ ਵਾਲ ਦੇ ਨਾਲ ਨਾਲ ਬਾਗਵਾਨੀ ਵਿਭਾਗ ਵਲੋਂ ਸੁੰਦਰ ਘਾਹ ਅਤੇ ਬੂਟੇ ਵੀ ਲਗਾਏ ਜਾਣਗੇ| ਇਸ ਤੋਂ ਬਾਅਦ ਬਿਜਲੀ ਵਿਭਾਗ ਵਲੋਂ ਨਵੇਂ ਉਸਾਰੇ ਜਾਣ ਵਾਲੇ ਫੁੱਟਪਾਥ ਦੇ ਨਾਲ-ਨਾਲ ਉੱਥੇ ਹੈਰੀਟੇਜ ਲਾਇਟਾਂ ਲਗਾਈਆਂ ਜਾਣਗੀਆਂ ਅਤੇ ਜਲ ਸ੍ਰੋਤ ਵਿਭਾਗ ਵਲੋਂ ਇਸ ਝੀਲ ਵਿੱਚ ਸੁੰਦਰ ਫੁਹਾਰਿਆ ਦੀ ਵਿਵਸਥਾ ਵੀ ਕੀਤੀ ਜਾਵੇਗੀ|  
ਉਹਨਾਂ ਦੱਸਿਆ ਕਿ ਇਸ ਝੀਲ ਨੂੰ ਲਾਕ ਡਾਊਨ ਦੇ ਕਾਰਨ ਬੰਦ ਕਰ ਦਿੱਤਾ ਗਿਆ ਸੀ ਪਰ ਹੁਣ ਇਸਦਾ ਕੰਮ ਬਹੁਤ ਤੇਜੀ ਨਾਲ ਸ਼ੁਰੂ ਹੋ ਗਿਆ ਹੈ ਜਿਸਨੂੰ ਕਿ 30 ਨਵੰਬਰ ਤੱਕ ਮੁਕੰਮਲ ਕਰ ਲਿਆ ਜਾਵੇਗਾ|

Leave a Reply

Your email address will not be published. Required fields are marked *