ਪਟਿਆਲਾ ਪੁਲੀਸ ਵਲੋਂ ਅਫੀਮ ਦੀ ਵੱਡੀ ਖੇਪ ਨਾਲ ਨਸ਼ੇ ਦਾ ਅੰਤਰ ਰਾਜੀ ਸਮੱਗਲਰ ਗ੍ਰਿਫਤਾਰ

ਘਨੌਰ, 17 ਸਤੰਬਰ (ਅਭਿਸ਼ੇਕ ਸੂਦ) ਪਟਿਆਲਾ ਪੁਲੀਸ ਨੇ ਇੱਕ ਅੰਤਰਰਾਜੀ ਸਮਗਲਰ ਨੂੰ ਕਾਬੂ ਕਰਕੇ ਉਸਦੇ ਕਬਜੇ ਤੋਂ ਸਵਾ ਦੋ ਕਿਲੋ ਅਫੀਮ ਬਰਾਮਦ ਕੀਤੀ ਹੈ| ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ ਐਸ ਪੀ ਸ੍ਰ. ਜਸਵਿੰਦਰ ਸਿੰਘ ਟਿਵਾਣਾ ਨੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਪੁਲੀਸ ਵਲੋਂ ਬਾਹਰਲੇ ਸੂਬਿਆਂ ਤੋਂ ਆ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਨੀਅਤ ਨਾਲ ਨਸ਼ੇ ਦੀ ਸਮੱਗਲਿੰਗ ਕਰਨ ਵਾਲਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਥਾਣਾ ਸ਼ੰਭੂ ਦੇ ਐਸ ਐਚ ਓ ਇੰਸਪੈਕਟਰ ਗੁਰਮੀਤ ਸਿੰਘ ਦੀ ਅਗਵਾਈ ਵਿੱਚ ਸਹਾਇਕ ਥਾਣੇਦਾਰ ਹਰਦੇਵ ਸਿੰਘ ਤੇ ਆਧਾਰਿਤ ਪੁਲੀਸ ਪਾਰਟੀ ਵਲੋਂ ਮੇਨ ਹਾਈਵੇ ਅੰਬਾਲਾ ਤੋਂ ਰਾਜਪੁਰਾ ਟੀ-ਪੁਆਇੰਟ ਤੇ ਪਿੰਡ ਡਾਹਰੀਆ ਨੇੜੇ ਨਾਕਾਬੰਦੀ ਦੌਰਾਨ ਅੰਬਾਲਾ ਸਾਈਡ ਤੋਂ ਆ ਰਹੇ ਇੱਕ ਸਰਦਾਰ ਵਿਅਕਤੀ ਗੁਰਮੀਤ ਸਿੰਘ ਵਾਸੀ ਪਿੰਡ ਪੁਰੇਨਾ ਜਿਲ੍ਹਾ ਸਾਹਜਹਾਂਪੁਰ ਯੂ.ਪੀ. ਨੂੰ 2 ਕਿਲੋ 250 ਗ੍ਰਾਮ ਅਫੀਮ ਸਮੇਤ ਕਾਬੂ ਕੀਤਾ ਹੈ| ਉਹਨਾਂ ਦੱਸਿਆ ਕਿ ਇਸ ਵਿਅਕਤੀ ਦੇ ਖਿਲਾਫ ਐਨ. ਡੀ. ਪੀ. ਐਸ.ਐਕਟ ਦੀ ਧਾਰਾ 18,61,85 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ| 
ਉਹਨਾਂ ਦੱਸਿਆ ਕਿ ਇਸ ਦੌਰਾਨ ਥਾਣਾ ਘਨੌਰ ਦੇ ਸਹਾਇਕ ਥਾਣੇਦਾਰ ਵਲੋਂ ਗੁਪਤ ਸੂਚਨਾ ਦੇ ਆਧਾਰ ਤੇ ਸਰਦੂਲ ਸਿੰਘ ਵਾਸੀ ਡੇਰਾ ਬਘੌਰਾ ਥਾਣਾ ਘਨੌਰ ਦੇ ਘਰ ਵਿੱਚੋਂ ਨਾਜਾਇਜ ਸ਼ਰਾਬ ਤਿਆਰ ਕਰਨ ਲਈ ਤਿਆਰ ਕੀਤਾ  200 ਲੀਟਰ ਲਾਹਣ ਬਰਾਮਦ ਕੀਤਾ ਹੈ| ਇਸ ਵਿਅਕਤੀ ਦੇ ਖਿਲਾਫ ਐਕਸਾਈਜ ਐਕਟ ਦੀ ਧਾਰਾ 61-1-14  ਤਹਿਤ ਮਾਮਲਾ ਦਰਜ ਕੀਤਾ ਗਿਆ ਹੈ| 
ਉਹਨਾਂ ਦੱਸਿਆ ਕਿ ਬੀਤੀ 1 ਅਗਸਤ ਤੋਂ ਹੁਣ ਤੱਕ ਸਬ ਡਵੀਜਨ ਘਨੌਰ ਵਿੱਚ ਐਨ. ਡੀ. ਪੀ.ਐਸ.ਐਕਟ ਤਹਿਤ 10 ਵਿਅਕਤੀਆਂ ਦੇ ਖਿਲਾਫ 8 ਮੁਕੱਦਮੇ ਦਰਜ ਰਜਿਸਟਰ ਕਰਕੇ ਉਹਲਾਂ ਕੋਲੋ 16 ਕਿਲੋ ਗਾਂਜਾ, 15 ਕਿਲੋ ਭੂਕੀ ਚੋਰਾ ਪੋਸਤ, 2 ਕਿਲੋ 250 ਗ੍ਰਾਮ ਅਫੀਮ, 1890 ਕੈਪਸੂਲ/ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਐਕਸਾਇਜ ਐਕਟ ਤਹਿਤ 21 ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ 124 ਬੋਤਲਾਂ ਨਾਜਾਇਜ ਸ਼ਰਾਬ, 1764 ਬੋਤਲਾਂ ਠੇਕਾ ਦੇਸੀ ਸ਼ਰਾਬ ਅਤੇ 1980 ਲੀਟਰ ਲਾਹਣ ਬਰਾਮਦ ਕੀਤੀ ਗਈ ਹੈ|

Leave a Reply

Your email address will not be published. Required fields are marked *