ਪਟਿਆਲਾ ਵਾਸੀਆਂ ਨੂੰ ਹਨ ਕੈਪਟਨ ਅਮਰਿੰਦਰ ਸਿੰਘ ਤੋਂ ਵੱਡੀਆਂ ਆਸਾਂ

ਪਟਿਆਲਾ, 14 ਫਰਵਰੀ (ਜਗਮੋਹਨ ਸਿੰਘ ) ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਬਣੀ ਕਾਂਗਰਸ ਸਰਕਾਰ ਨੂੰ ਬਣੇ ਇਕ ਸਾਲ ਹੋ ਗਿਆ ਹੈ, ਇਸ ਸਰਕਾਰ ਦੀ ਕਾਰਗੁਜਾਰੀ ਬਾਰੇ ਅਕਾਲੀ ਦਲ ਅਤੇ ਭਾਜਪਾ ਵਲੋਂ ਭਾਵੇਂ ਕਈ ਸਵਾਲ ਚੁੱਕੇ ਜਾਂਦੇ ਹਨ ਪਰ ਜਿਥੋਂ ਤੱਕ ਪਟਿਆਲਾ ਹਲਕੇ ਦਾ ਸਵਾਲ ਹੈ ਤਾਂ ਪੂਰੇ ਪਟਿਆਲਾ ਹਲਕੇ ਦੇ ਲੋਕਾਂ ਨੂੰ ਕੈਪਟਨ ਅਮਰਿੰਦਰ ਸਿੰਘ ਤੋਂ ਬਹੁਤ ਹੀ ਆਸਾਂ ਹਨ| ਪਟਿਆਲਾ ਅਤੇ ਇਸਦੇ ਨੇੜਲੇ ਇਲਾਕਿਆਂ ਦੇ ਲੋਕਾਂ ਨੂੰ ਹੁਣ ਜਾਪ ਰਿਹਾ ਹੈ ਕਿ ਜਲਦੀ ਹੀ ਕੈਪਟਨ ਅਮਰਿੰਦਰ ਸਿੰਘ ਵਲੋਂ ਉਹਨਾਂ ਨੂੰ ਪੇਸ਼ ਸਾਰੀਆਂ ਸਮੱਸਿਆਵਾਂ ਦਾ ਢੁੱਕਵਾਂ ਹੱਲ ਕਰ ਦਿੱਤਾ ਜਾਵੇਗਾ|
ਇਥੇ ਇਹ ਜਿਕਰਯੋਗ ਹੈ ਕਿ ਅਕਾਲੀ ਭਾਜਪਾ ਸਰਕਾਰ ਦੇ 10 ਸਾਲ ਦੇ ਕਾਰਜਕਾਲ ਦੌਰਾਨ ਪਟਿਆਲਾ ਵਿਕਾਸ ਪੱਖੋਂ ਇਕ ਤਰ੍ਹਾਂ ਫਾਡੀ ਹੀ ਰਿਹਾ| ਕਈ ਕਾਂਗਰਸੀ ਆਗੂ ਤਾਂ ਇਹ ਵੀ ਦੋਸ਼ ਵੀ ਲਗਾਉਂਦੇ ਰਹੇ ਕਿ ਅਕਾਲੀ ਭਾਜਪਾ ਸਰਕਾਰ ਨੇ ਸਿਆਸੀ ਬਦਲਾਖੋਰੀ ਤਹਿਤ ਹੀ ਪਟਿਆਲਾ ਵਿੱਚ ਕੋਈ ਵਿਕਾਸ ਦਾ ਕੰਮ ਨਹੀਂ ਕੀਤਾ| ਪਟਿਆਲਾ ਹਲਕਾ ਕੈਪਟਨ ਅਮਰਿੰਦਰ ਸਿੰਘ ਦਾ ਜੱਦੀ ਇਲਾਕਾ ਹੈ ਅਤੇ ਇਥੋਂ ਦੇ ਸ਼ਾਹੀ ਖਾਨਦਾਨ ਨਾਲ ਉਹਨਾਂ ਦਾ ਸਬੰਧ ਹੈ| ਅਜੇ ਵੀ ਕੁੱਝ ਲੋਕ ਪਟਿਆਲਾ ਨੂੰ ਕੈਪਟਨ ਦੇ ਸ਼ਾਹੀ ਖਾਨਦਾਨ ਦੀ ਰਿਆਸਤ ਹੀ ਸਮਝਦੇ ਹਨ| ਇਹ ਹੀ ਕਾਰਨ ਹੈ ਕਿ ਅੱਜ ਵੀ ਪਟਿਆਲਾ ਹਲਕੇ ਵਿੱਚ ਲੋਕ ਕੈਪਟਨ ਅਮਰਿੰਦਰ ਸਿੰਘ ਨੂੰ ਮਹਾਰਾਜਾ ਸਾਹਿਬ ਕਹਿ ਕੇ ਹੀ ਸੰਬੋਧਨ ਕਰਦੇ ਹਨ|
ਪਟਿਆਲਾ ਵਾਸੀਆਂ ਦੀ ਸਭ ਤੋਂ ਵੱਡੀ ਸਮੱਸਿਆ ਬੱਸ ਸਟੈਂਡ ਦੀ ਹੈ, ਜਿਸ ਥਾਂ ਇਸ ਸਮੇਂ ਪਟਿਆਲਾ ਦਾ ਮੁੱਖ ਬੱਸ ਸਟੈਂਡ ਬਣਿਆ ਹੋਇਆ ਹੈ ਉਹ ਥਾਂ ਕਾਫੀ ਤੰਗ ਹੋ ਗਈ ਹੈ ਅਤੇ ਹਰ ਸਮੇਂ ਹੀ ਉਥੇ ਭਾਰੀ ਭੀੜ ਭੜੱਕਾ ਰਹਿੰਦਾ ਹੈ| ਇਸ ਤੋਂ ਇਲਾਵਾ ਇਹ ਬੱਸ ਸਟਂੈਡ ਸ਼ਹਿਰ ਦੇ ਵਿਚਾਲੇ ਜਿਹੇ ਹੋਣ ਕਾਰਨ ਸਾਰਾ ਦਿਨ ਹੀ ਉਥੇ ਘੜਮੱਸ ਪਿਆ ਰਹਿੰਦਾ ਹੈ, ਜਿਸ ਕਰਕੇ ਅਕਸਰ ਹੀ ਉਥੇ ਜਾਮ ਲੱਗਦੇ ਰਹਿੰਦੇ ਹਨ| ਬੱਸਾਂ ਦੀ ਵਧੇਰੇ ਗਿਣਤੀ ਅੱਗੇ ਵੀ ਇਹ ਬੱਸ ਸਟੈਂਡ ਛੋਟਾ ਪੈ ਜਾਂਦਾ ਹੈ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਸਹੀ ਤਰੀਕੇ ਨਾਲ ਨਾ ਹੋਣ ਕਰਕੇ ਬਰਸਾਤ ਵੇਲੇ ਇਹ ਬੱਸ ਸਟੈਂਡ ਇਕ ਛੱਪੜ ਦਾ ਹੀ ਰੂਪ ਧਾਰ ਲੈਂਦਾ ਹੈ|
ਭਾਵੇਂ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸ ਸੁਖਬੀਰ ਸਿੰਘ ਬਾਦਲ ਨੇ ਆਪਣੇ ਕਾਰਜਕਾਲ ਦੌਰਾਨ ਪਟਿਆਲਾ ਦੇ ਨਵੇਂ ਬੱਸ ਸਟੈਂਡ ਨੂੰ ਬਣਾਉਣ ਲਈ ਰਾਜਪੁਰਾ ਰੋਡ ਉਪਰ ਨੀਂਹ ਪੱਥਰ ਵੀ ਰੱਖਿਆ ਸੀ ਪਰ ਉਥੇ ਕਈ ਸਾਲ ਬੀਤ ਜਾਣ ਬਾਅਦ ਵੀ ਨਵੇਂ ਬੱਸ ਸਟੈਂਡ ਦੀ ਉਸਾਰੀ ਨਹੀਂ ਹੋ ਸਕੀ| ਹੁਣ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੋਣ ਕਰਕੇ ਪਟਿਆਲਾ ਵਾਸੀਆਂ ਨੂੰ ਆਸ ਹੈ ਕਿ ਸ਼ਹਿਰ ਨੂੰ ਜਲਦੀ ਹੀ ਨਵਾਂ ਬੱਸ ਸਟੈਂਡ ਨਸੀਬ ਹੋਵੇਗਾ|
ਇਸਤੋਂ ਇਲਾਵਾ ਹਰ ਬਰਸਾਤ ਵੇਲੇ ਵੀ ਪਟਿਆਲਾ ਸ਼ਹਿਰ ਵਿੱਚ ਪਾਣੀ ਦੀ ਨਿਕਾਸੀ ਵੱਡੀ ਸਮਸਿਆ ਬਣ ਜਾਂਦੀ ਹੈ| ਪਿਛਲੇ ਦਿਨੀਂ ਵੀ ਪਈ ਬਰਸਾਤ ਕਾਰਨ ਸ਼ਹਿਰ ਦੇ ਵੱਡੀ ਗਿਣਤੀ ਹਿੱਸਿਆਂ ਵਿੱਚ ਪਾਣੀ ਭਰ ਗਿਆ ਅਤੇ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ| ਪਟਿਆਲਾ ਵਾਸੀਆਂ ਨੂੰ ਆਸ ਹੈ ਕਿ ਪਟਿਆਲਾ ਵਾਸੀਆਂ ਦੀ ਇਸ ਸਮੱਸਿਆ ਦੇ ਹੱਲ ਲਈ ਕੈਪਟਨ ਸਰਕਾਰ ਲੋਂੜੀਂਦੇ ਕਦਮ ਜਲਦੀ ਹੀ ਚੁਕੇ ਗੀ|
ਇਸ ਤੋਂ ਇਲਾਵਾ ਸਰਹੰਦ ਬਾਈਪਾਸ ਦੀ ਹਾਲਤ ਵੀ ਬਹੁਤ ਖਸਤਾ ਹੋਈ ਪਈ ਹੈ, ਇਸ ਸੜਕ ਉਪਰ ਥਾਂ ਥਾਂ ਖੱਡੇ ਪਏ ਹੋਏ ਹਨ| ਅਕਾਲੀ ਭਾਜਪਾ ਸਰਕਾਰ ਨੇ ਇਸ ਦੀ ਹਾਲਤ ਸੁਧਾਰਨ ਵੱਲ ਕੋਈ ਧਿਆਨ ਨਹੀਂ ਸੀ ਦਿਤਾ| ਹੁਣ ਲੋਕਾਂ ਨੂੰ ਆਸ ਹੈ ਕਿ ਕੈਪਟਨ ਸਰਕਾਰ ਵਲੋਂ ਇਸ ਬਾਈਪਾਸ ਦੀ ਹਾਲਤ ਵਿੱਚ ਵੀ ਸੁਧਾਰ ਕੀਤਾ ਜਾਵੇਗਾ|
ਪਟਿਆਲਾ ਵਾਸੀਆਂ ਨੂੰ ਆਸ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਨਿੱਜੀ ਦਿਲਚਸਪੀ ਲੈ ਕੇ ਪਟਿਆਲਾ ਹਲਕੇ ਦਾ ਸਰਵਪੱਖੀ ਵਿਕਾਸ ਕਰਵਾਉਣਗੇ ਅਤੇ ਪਟਿਆਲਾ ਵਾਸੀਆ ਨੂੰ ਦਰਪੇਸ਼ ਸਮੱਸਿਆਵਾਂ ਪਹਿਲ ਦੇ ਆਧਾਰ ਤੇ ਹਲ ਕਰਵਾਉਣਗੇ|

Leave a Reply

Your email address will not be published. Required fields are marked *