ਪਟਿਆਲਾ ਵਿਖੇ ਮੋਤੀ ਮਹਿਲ ਵੱਲ ਮਾਰਚ ਕਰ ਰਹੇ ਲੋਕ ਇਨਸਾਫ ਪਾਰਟੀ ਦੇ ਵਰਕਰਾਂ ਤੇ ਲਾਠੀਚਾਰਜ

ਪਟਿਆਲਾ ਵਿਖੇ ਮੋਤੀ ਮਹਿਲ ਵੱਲ ਮਾਰਚ ਕਰ ਰਹੇ ਲੋਕ ਇਨਸਾਫ ਪਾਰਟੀ ਦੇ ਵਰਕਰਾਂ ਤੇ ਲਾਠੀਚਾਰਜ
ਵਿਧਾਇਕ ਸਿਮਰਨਜੀਤ ਸਿੰਘ ਬੈਂਸ ਸਮੇਤ ਪਾਰਟੀ ਦੇ ਇੱਕ ਦਰਜਨ ਦੇ ਕਰੀਬ ਆਗੂ ਜਖਮੀ
ਪਟਿਆਲਾ, 7 ਸਤੰਬਰ (ਬਿੰਦੂ ਸ਼ਰਮਾ) ਪੰਜਾਬ ਵਿੱਚ ਹੋਏ ਪੋਸਟ ਮੈਟ੍ਰਿਕ ਵਜੀਫਾ ਘੁਟਾਲੇ ਦੇ ਮਾਮਲੇ ਵਿੱਚ ਸਮਾਜ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਅਹੁਦੇ ਤੋਂ ਬਰਖਾਸਤ ਕਰਨ ਅਤੇ ਇਸ ਪੂਰੇ ਮਾਮਲੇ ਦੀ ਸੀ ਬੀ ਆਈ ਤੋਂ ਜਾਂਚ ਕਰਵਾਉਣ ਦੀ ਮੰਗ ਨੂੰ ਲੈ ਕੇ ਲੋਕ ਇਨਸਾਫ ਪਾਰਟੀ ਵਲੋਂ ਅੱਜ ਪਟਿਆਲਾ ਵਿਖੇ ਪ੍ਰਭਾਵਸ਼ਾਲੀ ਇਕੱਠ ਕਰਕੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਕੈਬਿਨਟ ਮੰਤਰੀ ਸ੍ਰ. ਸਾਧੂ ਸਿੰਘ ਧਰਮਸੋਤ ਨੂੰਬਰਖਾਸਤ ਕਰਨ ਦੀ ਮੰਗ ਨੂੰ ਲੈ ਕੇ ਮੋਤੀ ਮਹਿਲ ਵੱਲ ਮਾਰਚ ਕੀਤਾ ਗਿਆ| ਹਾਲਾਕਿ ਪੁਲੀਸ ਵਲੋਂ ਪ੍ਰਦਰਸ਼ਨਕਾਰੀਆਂ ਨੂੰ ਮੋਤੀ ਮਹਿਲ ਤਕ ਨਹੀਂ ਜਾਣ ਦਿੱਤਾ ਗਿਆ ਅਤੇ ਰਾਹ ਵਿੱਚ ਵਾਈ ਪੀ ਐਸ ਚੌਂਕ ਨੇੜੇ ਤੈਨਾਤ ਭਾਰੀ ਪੁਲੀਸ ਫੋਰਸ ਵਲੋਂ ਬੈਰੀਕੇਡ ਲਗਾ ਕੇ ਪ੍ਰਦਰਸ਼ਨਕਾਰੀਆਂ ਨੂੰ ਰੋਕ ਲਿਆ ਗਿਆ| 
ਇਸ ਮੌਕੇ ਪੁਲੀਸ ਅਤੇ ਪ੍ਰਦਰਸ਼ਨਕਾਰੀਆਂ ਵਿੱਚ ਟਕਰਾਓ ਦੀ ਨੌਬਤ ਆ ਗਈ ਅਤੇ ਹਰ ਹਾਲ ਵਿੱਚ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਸ੍ਰ. ਸਿਮਰਨਜੀਤ ਸਿੰਘ ਬੈਂਸ ਅਤੇ ਉਹਨਾਂ ਦੇ ਸਾਥੀਆਂ ਨੂੰ ਰੋਕਣ ਲਈ ਪੁਲੀਸ ਵਲੋਂ ਲਾਠੀ ਚਾਰਜ ਕੀਤਾ ਗਿਆ ਜਿਸ ਦੌਰਾਨ ਸ੍ਰ. ਸਿਮਰਨਜੀਤ ਸਿੰਘ ਬੈਂਸ ਸਮੇਤ ਇੱਕ ਦਰਜਨ ਦੇ ਕਰੀਬ ਵਿਅਕਤੀ ਜਖਮੀ ਵੀ ਹੋਏ| ਇਸ ਦੌਰਾਨ ਪੁਲੀਸ ਵਲੋਂ ਪ੍ਰਦਰਸ਼ਨਕਾਰੀਆਂ ਨੂੰ ਭਜਾ ਭਜਾ ਕੇ ਕੁੱਟਿਆ ਗਿਆ ਅਤੇ ਜਖਮੀ ਵਿਅਕਤੀਆਂ ਨੂੰ ਪੁਲੀਸ ਨੇ ਕਾਬੂ ਕਰ ਲਿਆ| ਇਸ ਦੌਰਾਨ ਸੜਕ ਤੇ ਹਰ ਪਾਸੇ ਭੱਜਣ ਵਾਲਿਆਂ ਦੀਆਂ ਜੁੱਤੀਆਂ ਖਿੰਡੀਆਂ ਨਜਰ ਆ ਰਹੀਆਂ ਸਨ ਜਦੋਂਕਿ ਪੁਲੀਸ ਵਲੋਂ ਪ੍ਰਦਰਸ਼ਨਕਾਰੀਆਂ ਨੂੰ ਕਾਫੀ ਦੂਰ ਤੱਕ ਖਦੇੜ ਦਿੱਤਾ ਗਿਆ ਸੀ|  
ਇਸਤੋਂ ਪਹਿਲਾਂ ਲੋਕ ਇਨਸਾਫ ਪਾਰਟੀ ਦੇ ਆਗੂ ਅਤੇ ਵਰਕਰ ਅੱਜ 11 ਵਜੇ ਦੇ ਕਰੀਬ ਗੁਰਦੁਆਰਾ ਦੁਖ ਨਿਵਾਰਨ ਨੇੜੇ ਸਥਿਤ ਪਟਿਆਲਾ ਦੇ ਪੂਡਾ ਗ੍ਰਾਉਂਡ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ ਜਿੱਥੋਂ ਬਾਅਦ ਦੁਪਹਿਰ ਉਹਨਾਂ ਵਲੋਂ ਮੋਤੀ ਮਹਿਲ ਵੱਲ ਰੋਸ ਮਾਰਚ ਕੀਤਾ ਗਿਆ| ਵਾਈ ਪੀ ਐਸ ਚੌਂਕ ਤੇ ਪੁਲੀਸ ਫੋਰਸ ਦੀ ਅਗਵਾਈ ਕਰ ਰਹੇ ਐਸ ਪੀ ਸਿਟੀ ਸ੍ਰੀ ਵਰੁਣ ਸ਼ਰਮਾ ਵਲੋਂ ਪ੍ਰਦਸ਼ਨਕਾਰੀਆਂ ਨੂੰ ਰੁਕਣ ਲਈ ਕਿਹਾ ਗਿਆ ਪਰੰਤੂ ਪ੍ਰਦਰਸ਼ਨਕਾਰੀ ਅੱਗੇ ਵਧਣ ਲਈ ਬਜਿਦ ਸਨ| ਜਦੋਂ ਪ੍ਰਦਰਸ਼ਨਕਾਰੀ ਪਿੱਛੇ ਨਾ ਹਟੇ ਤਾਂ ਪੁਲੀਸ ਵਲੋਂ ਲਾਠੀ ਚਾਰਜ ਕਰਨਾ ਸ਼ੁਰੂ ਕਰ ਦਿੱਤਾ ਗਿਆ ਅਤੇ ਇਸ ਦੌਰਾਨ ਜਿਸਨੂੰ ਜਿੱਧਰ ਰਾਹ ਮਿਲਿਆ ਉਹ ਉੱਧਰ ਨੂੰ ਭੱਜ ਪਿਆ|
ਪੁਲੀਸ ਵਲੋਂ ਕੀਤੇ ਗਏ ਲਾਠੀਚਾਰਜ ਕਾਰਨ ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਵਿਧਾਇਕ ਸ੍ਰ. ਸਿਮਰਨਜੀਤ ਸਿੰਘ ਸਮੇਤ  ਉਹਨਾਂ ਦੇ ਇੱਕ ਦਰਜਨ ਦੇ ਕਰੀਬ ਸਾਥੀਆਂ ਨੂੰ ਸੱਟਾਂ ਆਈਆਂ| ਇਹਨਾਂ ਸਾਰਿਆਂ ਵਲੋਂ ਸੜਕ ਤੇ ਹੀ ਧਰਨਾ ਲਗਾ ਦਿੱਤਾ ਗਿਆ ਜਿਸਤੋਂ ਬਾਅਦ ਪੁਲੀਸ ਇਹਨਾਂ ਸਾਰਿਆਂ ਨੂੰ ਕਾਬੂ ਕਰਕੇ ਆਪਣੇ ਨਾਲ ਲੈ ਗਈ|

Leave a Reply

Your email address will not be published. Required fields are marked *