ਪਟਿਆਲਾ ਵਿੱਚ ਨੌਜਵਾਨ ਦਾ ਤੇਜਧਾਰ ਹਥਿਆਰਾਂ ਨਾਲ ਕਤਲ ਪੁਰਾਣੀ ਰੰਜਿਸ਼ ਦੇ ਮਾਮਲੇ ਵਿੱਚ ਹੋਇਆ ਕਤਲ
ਪਟਿਆਲਾ, 5 ਜਨਵਰੀ (ਬਿੰਦੂ ਸ਼ਰਮਾ) ਸ਼ਹਿਰ ਦੇ ਬੱਸ ਸਟੈਂਡ ਨੇੜੇ ਪੈਂਦੇ ਰੇਲਵੇ ਫਾਟਕ ਤੇ ਬੀਤੀ ਰਾਤ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਮਿ੍ਰਤਕ ਦੀ ਪਛਾਣ ਗੁਰਬਖਸ਼ ਕਾਲੋਨੀ ਪਟਿਆਲਾ ਦੇ ਵਸਨੀਕ ਕੁਨਾਲ ਉਰਫ਼ ਸਾਜਨ (26) ਦੇ ਰੂਪ ਵਿਚ ਹੋਈ ਹੈ।
ਮਿ੍ਰਤਕ ਸਾਜਨ ਦੇ ਭਰਾ ਮੌਂਟੀ ਨੇ ਦੱਸਿਆ ਕਿ ਬੀਤੀ ਰਾਤ ਸਾਢੇ 10 ਵਜੇ ਦੇ ਕਰੀਬ 5-6 ਮੁੰਡਿਆਂ ਨੇ ਉਸਦੇ ਭਰਾ ਨੂੰ ਘੇਰ ਲਿਆ ਅਤੇ ਇੱਕ ਪਾਸੇ ਲਿਜਾ ਕੇ ਉਸ ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਮੌਂਟੀ ਨੇ ਦੱਸਿਆ ਕਿ ਜਦੋਂ ਇਹ ਵਾਰਦਾਤ ਹੋਈ ਉਸ ਵੇਲੇ ਉਹ ਆਪਣੈ ਭਰਾ ਦੇ ਨਾਲ ਸੀ ਜਦੋਂ ਅਚਾਨਕ ਇਹ ਨੌਜਵਾਨ (ਜਿਹਨਾਂ ਵਿੱਚੋਂ ਦੋ ਮੁੰਡਿਆਂ ਘੋੜਾ ਅਤੇ ਨਿੰਜਾ ਨੂੰ ਉਹ ਪਛਾਣਦਾ ਹੈ) ਆਏ ਅਤੇ ਉਸਦੇ ਭਰਾ ਨੂੰ ਇੱਕ ਪਾਸੇ ਲੈ ਗਏ। ਮੌਂਟੀ ਅਨੁਸਾਰ ਉਸਨੂੰ ਲੱਗਿਆ ਸੀ ਕਿ ਇਹ ਨਾਰਮਲ ਗੱਲ ਕਰ ਰਹੇ ਹਨ ਅਤੇ ਇਸੇ ਦੌਰਾਨ ਇਹਨਾਂ ਨੌਜਵਾਨਾਂ ਨੇ ਉਸਦੇ ਭਰਾ ਤੇ ਹਮਲਾ ਕਰਕੇ ਉਸਦਾ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ।
ਥਾਣਾ ਅਨਾਜ ਮੰਡੀ ਦੇ ਐਸ ਐਚ ਓ ਸ੍ਰ ਹਰਜਿੰਦਰ ਸਿੰਘ ਢਿੱਲੋ ਨੇ ਦੱਸਿਆ ਕਿ ਪੁਲੀਸ ਨੇ ਇਸ ਮਾਮਲੇ ਵਿਚ ਹਿਤੇਸ਼ਵਰ ਸਿੰਘ ਉਰਫ਼ ਘੋੜਾ, ਨੀਰਜ ਉਰਫ ਨਿੰਜਾ ਸਮੇਤ ਕੁੱਲ ਛੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਹੈ। ਉਹਨਾਂ ਦੱਸਿਆ ਕਿ ਇਸ ਮਾਮਲੇ ਵਿਚ ਜਲਦ ਹੀ ਕਾਤਲਾਂ ਨੂੰ ਗਿ੍ਰਫ਼ਤਾਰ ਕਰ ਲਿਆ ਜਾਵੇਗਾ।
ਇਹ ਝਗੜਾ ਪੁਰਾਣੀ ਰੰਜਿਸ਼ ਦੇ ਤਹਿਤ ਹੋਇਆ ਦੱਸਿਆ ਜਾ ਰਿਹਾ ਹੈ। ਫਿਲਹਾਲ ਪੁਲੀਸ ਵਲੋਂ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ।