ਪਤੀ ਪਤਨੀ ਨੇ ਆਪਣੇ ਰਿਸ਼ਤੇਦਾਰ ਤੇ 7 ਲੱਖ ਰੁਪਏ ਨਾ ਦੇਣ ਤੇ ਪਰਿਵਾਰ ਸਮੇਤ ਖਤਮ ਕਰਨ ਦੀ ਧਮਕੀ ਦੇਣ ਦਾ ਇਲਜਾਮ ਲਗਾਇਆ, ਪੁਲੀਸ ਨੂੰ ਦਿੱਤੀ ਸ਼ਿਕਾਇਤ

ਰਿਸ਼ਤੇਦਾਰ ਨੇ ਇਲਜਾਮ ਨਕਾਰੇ, ਕਿਹਾ ਪੈਸੇ ਦੇਣ ਤੋਂ ਬਚਣ ਲਈ ਲਗਾ ਰਹੇ ਹਨ ਝੂਠੇ ਇਲਜਾਮ
ਐਸ ਏ ਐਸ ਨਗਰ, 27 ਜੁਲਾਈ (ਸ.ਬ.) ਨਜਦੀਕੀ ਪਿੰਡ ਕੰਬਾਲੀ ਵਿੱਚ ਰਹਿਣ ਵਾਲੇ ਜੜ੍ਹੀ ਬੂਟੀਆਂ ਵੇਚਣ ਵਾਲੇ ਬਾਵਰਿਆ ਬਿਰਾਦਰੀ ਦੇ ਇੱਕ ਵਿਅਕਤੀ ਟੀਟੂ ਸਿੰਘ ਅਤੇ ਉਸਦੀ ਪਤਨੀ ਮਾਣੋ ਨੇ ਇਲਜਾਮ, ਲਗਾਇਆ ਹੈ ਕਿ ਉਹਨਾਂ ਦੀ ਬਿਰਾਦਰੀ ਦੇ ਇੱਕ ਵਿਅਕਤੀ ਪ੍ਰਿੰਸ ਵਲੋਂ ਉਹਨਾਂ ਨੂੰ ਧਮਕਾਇਆ ਜਾ ਰਿਹਾ ਹੈ ਕਿ ਉਹ ਉਸਨੂੰ ਸੱਤ ਲੱਖ ਰੁਪਏ ਦੇਣ ਵਰਨਾ ਉਹ ਉਹਨਾਂ ਦੇ ਪੂਰੇ ਪਰਿਵਾਰ ਨੂੰ ਖਤਮ ਕਰ ਦੇਣਗੇ| ਇਸ ਸੰਬੰਧੀ ਟੀਟੂ ਅਤੇ ਉਸਦੀ ਪਤਨੀ ਵਲੋਂ ਥਾਣਾ ਸੋਹਾਣਾ ਵਿੱਚ ਸ਼ਿਕਾਇਤ ਵੀ ਦਿੱਤੀ ਗਈ ਹੈ|
ਟੀਟੂ ਅਤੇ ਮਾਣੋ ਨੇ ਦੱਸਿਆ ਕਿ ਉਹਨਾਂ ਦੋਵਾਂ ਨੇ 2012 ਵਿੱਚ ਘਰ ਤੋਂ ਭੱਜ ਕੇ ਵਿਆਹ ਕਰਵਾ ਲਿਆ ਸੀ ਅਤੇ ਕੰਬਾਲੀ ਵਿੱਚ ਰਹਿਣ ਲੱਗ ਪਏ ਸਨ| ਮਾਣੋ ਦਾ ਪਰਿਵਾਰ ਹੁਸ਼ਿਆਰਪੁਰ ਵਿੱਚ ਰਹਿੰਦਾ ਹੈ| ਮਾਣੋ ਅਨੁਸਾਰ ਪ੍ਰਿੰਸ ਨਾਮ ਦਾ ਇਹ ਵਿਅਕਤੀ ਜਿਹੜਾ ਉਹਨਾਂ ਨੂੰ ਧਮਕਾ ਰਿਹਾ ਹੈ ਉਹ ਵੀ ਉਹਨਾਂ ਦੀ ਬਿਰਾਦਰੀ ਦਾ ਹੀ ਹੈ ਅਤੇ ਉਸਨੇ ਉਹਨਾਂ ਦੇ ਵਿਆਹ ਤੋਂ ਥੋੜ੍ਹਾ ਸਮਾਂ ਬਾਅਦ ਉਸਨੂੰ ਅਤੇ ਉਸਦੇ ਪਤੀ ਨੂੰ ਚੰਡੀਗੜ੍ਹ ਵਿੱਚ ਘੁੰਮਦੇ ਨੂੰ ਵੇਖ ਲਿਆ ਅਤੇ ਉਸਦੇ ਪਿਤਾ ਨੂੰ ਖਬਰ ਕਰ ਦਿੱਤੀ ਕਿ ਉਹ ਦੋਵੇਂ ਚੰਡੀਗੜ੍ਹ ਵਿੱਚ ਹਨ| ਮਾਣੋ ਅਨੁਸਾਰ ਪਿੰ੍ਰਸ ਵਲੋਂ ਸੂਹ ਦਿੱਤੇ ਜਾਣ ਤੇ ਉਸਦੇ ਮਾਂ ਬਾਪ ਨੇ ਚੰਡੀਗੜ੍ਹ ਵਿੱਚ ਉਹਨਾਂ ਦੀ ਭਾਲ ਕੀਤੀ ਅਤੇ ਜਦੋਂ ਉਹ ਨਾ ਮਿਲੇ ਤਾਂ ਉਹਨਾਂ ਨੇ ਪਿੰ੍ਰਸ ਤੇ ਹੀ ਕੇਸ ਪਾ ਦਿੱਤਾ ਜਿਸ ਕਾਰਨ ਪ੍ਰਿੰਸ ਨੂੰ ਜੇਲ੍ਹ ਜਾਣਾ ਪਿਆ ਅਤੇ ਹੁਣ ਪ੍ਰਿੰਸ ਉਸਦੇ ਪਤੀ ਤੋਂ ਜੇਲ੍ਹ ਵਿੱਚ ਰਹਿਣ ਅਤੇ ਕੇਸ ਦੌਰਾਨ ਹੋਏ ਖਰਚੇ ਦੇ ਸੱਤ ਲੱਖ ਰੁਪਏ ਮੰਗਦਾ ਹੈ ਅਤੇ ਉਹਨਾਂ ਨੂੰ ਪਰਿਵਾਰ ਸਮੇਤ ਮਾਰ ਦੇਣ ਦੀਆਂ ਧਮਕੀਆਂ ਦਿੰਦਾ ਹੈ ਜਿਸਦੀ ਰਿਕਾਰਡਿੰਗ ਉਹਨਾਂ ਕੋਲ ਹੈ|
ਉਹਨਾਂ ਦੱਸਿਆ ਕਿ ਇਸ ਸੰਬੰਧੀ ਉਹਨਾਂ ਵਲੋਂ ਥਾਣਾ ਸੋਹਾਣਾ ਵਿੱਚ ਸ਼ਿਕਾਇਤ ਦਿੱਤੀ ਗਈ ਹੈ ਪਰੰਤੂ ਪੁਲੀਸ ਵਲੋਂ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਉਲਟਾ ਪ੍ਰਿੰਸ ਉਹਨਾਂ ਨੂੰ ਥਾਣੇ ਵਿੱਚ ਪੁਲੀਸ ਦੇ ਸਾਮ੍ਹਣੇ ਧਮਕੀਆਂ ਦੇ ਕੇ ਗਿਆ ਹੈ| ਉਹਨਾਂ ਕਿਹਾ ਕਿ ਅੰਬ ਸਾਹਿਬ ਕਾਲੋਨੀ ਦਾ ਕਾਂਗਰਸੀ ਪ੍ਰਧਾਨ ਸਤੀਸ਼ ਕੁਮਾਰ ਪ੍ਰਿੰਸ ਨੂੰ ਸ਼ਹਿ ਦਿੰਦਾ ਹੈ ਅਤੇ ਉਸਦੇ ਖਿਲਾਫ ਕਾਰਵਾਈ ਨਹੀਂ ਹੋਣ ਦੇ ਰਿਹਾ|
ਦੂਜੇ ਪਾਸੇ ਸੰਪਰਕ ਕਰਨ ਤੇ ਪ੍ਰਿੰਸ ਨੇ ਉਸਦੇ ਖਿਲਾਫ ਲਗਾਏ ਗਏ ਦੋਸ਼ਾਂ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਦੱਸਿਆ ਹੈ| ਉਸਨੇ ਕਿਹਾ ਕਿ ਟੀਟੂ ਉਸਦੀ ਸਕੀ ਮਾਸੀ ਦਾ ਪੁੱਤ ਹੈ ਅਤੇ ਜਦੋਂ ਇਹ ਕੁੜੀ ਕੇ ਲੈ ਕੇ ਭੱਜਿਆ ਸੀ ਤਾਂ ਕੁੜੀ ਦੇ ਪਰਿਵਾਰ ਵਾਲਿਆਂ ਨੇ ਉਸਨੂੰ ਅੰਦਰ ਕਰਵਾ ਦਿੱਤਾ ਸੀ ਅਤੇ ਜਦੋਂ ਉਹ ਬਾਹਰ ਆਇਆ ਤਾਂ ਬਾਅਦ ਵਿੱਚ ਉਹਨਾਂ ਦਾ ਪੰਚਾਇਤੀ ਸਮਝੌਤਾ ਹੋਇਆ ਸੀ ਕਿ ਕੇਸ ਤੇ ਹੋਏ ਖਰਚੇ ਦੇ ਪੈਸੇ ਟੀਟੂ ਪ੍ਰਿੰਸ ਨੂੰ ਦਏਗਾ| ਪਿੰ੍ਰਸ ਨੇ ਕਿਹਾ ਕਿ ਟੀਟੂ ਬੇਈਮਾਨ ਹੋ ਗਿਆ ਹੈ ਇਸ ਲਈ ਉਸਤੇ ਝੂਠੇ ਇਲਜਾਮ ਲਗਾ ਰਹੇ ਹਨ| ਉਸਨੇ ਕਿਹਾ ਕਿ ਨਾ ਤਾਂ ਉਸਨੇ ਟੀਟੂ ਜਾਂ ਮਾਣੋ ਨੂੰ ਕਦੇ ਫੋਨ ਕੀਤਾ ਅਤੇ ਨਾ ਹੀ ਕਦੇ ਉਹਨਾਂ ਦੇ ਘਰ ਗਿਆ ਇਸ ਲਈ ਧਮਕੀ ਦੇਣ ਦੇ ਇਲਜਾਮ ਪੂਰੀ ਤਰ੍ਹਾਂ ਝੂਠੇ ਹਨ|
ਅੰਬ ਸਾਹਿਬ ਕਲੋਨੀ ਦੇ ਪ੍ਰਧਾਨ ਸਤੀਸ਼ ਕੁਮਾਰ ਨੇ ਸੰਪਰਕ ਕਰਨ ਤੇ ਕਿਹਾ ਕਿ ਪ੍ਰਿੰਸ ਅਤੇ ਟੀਟੂ ਇੱਕ ਦੂਜੇ ਦੀ ਸਕੀ ਮਾਸੀ ਦੇ ਪੁੱਤ ਹਨ ਅਤੇ ਇਹਨਾਂ ਦੋਵਾ ਦਾ ਕੋਈ ਆਪਸੀ ਲੈਣ ਦੇਣ ਦਾ ਝਗੜਾ ਹੈ| ਉਹਨਾਂ ਕਿਹਾ ਕਿ ਟੀਟੂ ਅਤੇ ਉਸਦੀ ਪਤਨੀ ਨੇ ਪ੍ਰਿੰਸ ਦੇ ਖਿਲਾਫ ਥਾਣੇ ਵਿੱਚ ਸ਼ਿਕਾਇਤ ਦਿੱਤੀ ਹੈ ਜਿਸਤੇ ਪ੍ਰਿੰਸ ਨੇ ਉਹਨਾਂ ਤਕ ਪਹੁੰਚ ਕੀਤੀ ਸੀ| ਪ੍ਰਿੰਸ ਵਲੋਂ ਟੀਟੂ ਅਤੇ ਮਾਣੋ ਨੂੰ ਧਮਕੀਆਂ ਦੇਣ ਬਾਰੇ ਉਹਨਾਂ ਕਿਹਾ ਕਿ ਅਜਿਹੀ ਕੋਈ ਗੱਲ ਉਹਨਾਂ ਦੀ ਜਾਣਕਾਰੀ ਵਿੱਚ ਨਹੀਂ ਹੈ|
ਸੰਪਰਕ ਕਰਨ ਤੇ ਥਾਣਾ ਸੋਹਾਣਾ ਦੇ ਏ ਐਸ ਆਈ ਅਤੇ ਮਾਮਲੇ ਦਾ ਜਾਂਚ ਅਧਿਕਾਰੀ ਸੰਜੈ ਕੁਮਾਰ ਨੇ ਕਿਹਾ ਕਿ ਇਸ ਸੰਬੰਧੀ ਉਹਨਾਂ ਨੇ ਦੋਵਾਂ ਧਿਰਾਂ ਨੂੰ ਥਾਣੇ ਸੱਦਿਆ ਹੈ ਅਤੇ ਪੁਲੀਸ ਵਲੋਂ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਕੀਤੀ ਜਾਵੇਗੀ|

Leave a Reply

Your email address will not be published. Required fields are marked *