ਪਰਚੂਨ ਬਾਜਾਰ ਦੇ ਦੁਕਾਨਦਾਰਾਂ ਦੀ ਮੁਨਾਫਾਖੋਰੀ ਤੇ ਕਾਬੂ ਕਰਕੇ ਹੀ ਲੱਗੇਗੀ ਮਹਿੰਗਾਈ ਤੇ ਲਗਾਮ

ਚਾਰ ਸਾਲ ਪਹਿਲਾਂ ਦੇਸ਼ ਦੀ ਸੱਤਾ ਦਾ ਕਾਰਜਭਾਰ ਸੰਭਾਲਣ ਵਾਲੀ ਮੋਦੀ ਸਰਕਾਰ ਦੇ ਮੰਤਰੀਆਂ ਵਲੋਂ ਮਹਿੰਗਾਈ ਤੇ ਕਾਬੂ ਕਰਨ ਸੰਬੰਧੀ ਕੀਤੇ ਜਾਣ ਵਾਲੇ ਦਾਅਵੇ ਸੁਣ ਸੁਣ ਕੇ ਜਨਤਾ ਦੇ ਕੰਨ ਭਾਵੇਂ ਪਕ ਗਏ ਹਨ ਪਰੰਤੂ ਮਹਿੰਗਾਈ ਦੇ ਮੋਰਚੇ ਤੇ ਆਮ ਆਦਮੀ ਨੂੰ ਕੋਈ ਰਾਹਤ ਨਹੀਂ ਮਿਲੀ ਹੈ| ਅਸਲੀਅਤ ਇਹੀ ਹੈ ਕਿ ਸਰਕਾਰ ਦੇ ਅੰਕੜਿਆਂ ਅਨੁਸਾਰ ਮਹਿੰਗਾਈ ਵਿੱਚ ਹੋਈ ਕਟੌਤੀ ਬਾਜਾਰ ਵਿੱਚ ਕਿਤੇ ਨਜਰ ਨਹੀਂ ਆਉਂਦੀ ਅਤੇ ਮਹਿੰਗਾਈ ਇਸ ਵੇਲੇ ਸਾਡੇ ਦੇਸ਼ ਦੀ ਸਭ ਤੋਂ ਅਹਿਮ ਸਮੱਸਿਆ ਬਣੀ ਹੋਈ ਹੈ| ਸਰਕਾਰ ਦੀਆਂ ਲੱਖ ਕੋਸ਼ਿਸ਼ਾਂ (ਅਤੇ ਦਾਅਵਿਆਂ) ਦੇ ਬਾਵਜੂਦ ਇਹ ਲਗਾਤਾਰ ਵੱਧਦੀ ਹੀ ਜਾ ਰਹੀ ਹੈ ਅਤੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਮਹਿੰਗਾਈ ਦੇ ਮੁੱਦੇ ਤੇ ਦੇਸ਼ ਵਾਸੀਆਂ ਦੀਆਂ ਵੋਟਾਂ ਲੈ ਕੇ ਸੱਤਾ ਤੇ ਕਾਬਜ ਹੋਏ ਸ੍ਰੀ ਨਰਿੰਦਰ ਮੋਦੀ ਅਤੇ ਉਹਨਾਂ ਦੀ ਸਰਕਾਰ ਮਹਿੰਗਾਈ ਤੇ ਕਾਬੂ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ|
ਜਮੀਨੀ ਹਾਲਾਤ ਇਹ ਹਨ ਕਿ ਆਮ ਜਨਤਾ ਮਹਿੰਗਾਈ ਦੀ ਮਾਰ ਕਾਰਨ ਬੁਰੀ ਤਰ੍ਹਾਂ ਪਿਸ ਰਹੀ ਹੈ ਅਤੇ ਲੋਕਾਂ ਦੀ ਆਮ ਵਰਤੋਂ ਵਿੱਚ ਆਉਣ ਵਾਲੇ ਹਰ ਛੋਟੇ ਵੱਡੇ ਸਾਮਾਨ ਜਿਵੇਂ ਰਾਸ਼ਨ, ਸਬਜੀਆਂ, ਕਪੜੇ, ਮਿਠਾਈਆਂ, ਕਿਤਾਬਾਂ, ਦਵਾਈਆਂ, ਮਕਾਨ ਉਸਾਰੀ ਦਾ ਸਮਾਨ ਸਮੇਤ ਹਰ ਸਾਮਾਨ ਦੀ ਕੀਮਤ ਲਗਾਤਾਰ ਵੱਧ ਰਹੀ ਹੈ| ਮਹਿੰਗਾਈ ਦਰ ਤੇ ਕਾਬੂ ਕਰਨ ਦੇ ਸਰਕਾਰ ਦੇ ਦਾਅਵਿਆਂ ਦੇ ਬਾਵਜੂਦ ਨਾ ਤਾਂ ਸਬਜੀਆਂ ਅਤੇ ਫਲ ਦੇ ਦਾਮ ਘੱਟ ਹੋਏ ਹਨ ਅਤੇ ਨਾ ਹੀ ਰਾਸ਼ਨ ਦਾ ਸਾਮਾਨ ਸਸਤਾ ਹੋਇਆ ਹੈ ਜਿਸ ਕਾਰਣ ਆਮ ਆਦਮੀ ਲਈ ਗੁਜਾਰਾ ਚਲਾਉਣਾ ਵੀ ਔਖਾ ਹੁੰਦਾ ਜਾ ਰਿਹਾ ਹੈ| ਕੇਂਦਰ ਸਰਕਾਰ ਜਰੂਰ ਇਹ ਦਾਅਵੇ ਕਰਦੀ ਦਿਖਦੀ ਹੈ ਕਿ ਦੇਸ਼ ਦੀ ਮਹਿੰਗਾਈ ਦਰ ਦਾ ਅੰਕੜਾ ਆਪਣੇ ਹੁਣ ਤਕ ਦੇ ਸਭ ਤੋਂ ਉੱਚੇ ਪੱਧਰ ਤੋਂ ਕਾਫੀ ਘੱਟ ਹੈ ਪਰੰਤੂ ਮਹਿੰਗਾਈ ਦਰ ਵਿਚਲੀ ਇਹ ਕਟੌਤੀ ਸਿਰਫ ਅਕੰੜਿਆਂ ਤਕ ਹੀ ਸੀਮਿਤ ਹੈ ਜਿਹੜੀ ਹਕੀਕੀ ਰੂਪ ਵਿੱਚ ਕਿਸੇ ਪਾਸੇ ਨਜਰ ਨਹੀਂ ਆਉਂਦੀ|
ਮਹਿੰਗਾਈ ਤੇ ਕਾਬੂ ਕਰਨ ਵਿੱਚ ਸਰਕਾਰ ਦੀ ਨਾਕਾਮੀ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇਸ ਸੰਬੰਧੀ ਸਰਕਾਰ ਵਲੋਂ ਜਿਹੜੀ ਕਾਰਵਾਈ ਕੀਤੀ ਜਾਂਦੀ ਹੈ ਉਹ ਜਨਤਾ ਦੀ ਆਮ ਵਰਤੋਂ ਵਿੱਚ ਆਉਣ ਵਾਲੀਆਂ ਵੱਖ ਵੱਖ ਵਸਤੂਆਂ ਦੀ ਥੋਕ ਕੀਮਤ ਦੇ ਅੰਕੜੇ ਤਕ ਹੀ ਸੀਮਿਤ ਰਹਿੰਦੀ ਹੈ ਅਤੇ ਪਰਚੂਨ ਬਾਜਾਰ ਵਿੱਚ ਵਿਕਣ ਵਾਲੇ ਸਾਮਾਨ ਦੀ ਕੀਮਤ ਤੈਅ ਕਰਨ ਲਈ ਸਰਕਾਰ ਵਲੋਂ ਕੁੱਝ ਵੀ ਨਹੀਂ ਕੀਤਾ ਜਾਂਦਾ ਜਦੋਂਕਿ ਆਮ ਲੋਕਾਂ ਨੇ ਤਾਂ ਪਰਚੂਨ ਬਾਜਾਰ ਤੋਂ ਹੀ ਖਰੀਦਦਾਰੀ ਕਰਨੀ ਹੁੰਦੀ ਹੈ| ਇਸ ਦੌਰਾਨ ਜੇਕਰ ਥੋਕ ਬਾਜਾਰ ਵਿੱਚ ਵੱਖ ਵੱਖ ਵਸਤੂਆਂ ਦੀ ਕੀਮਤ ਵਿੱਚ ਕੋਈ ਕਟੌਤੀ ਹੁੰਦੀ ਵੀ ਹੈ ਤਾਂ ਵੀ ਖੁਦਰਾ ਬਾਜਾਰ ਦੇ ਦੁਕਾਨਦਾਰ ਇਸ ਕਟੌਤੀ ਦਾ ਫਾਇਦਾ ਖਪਤਕਾਰਾਂ ਨੂੰ ਦੇਣ ਦੀ ਥਾਂ ਆਪਣਾ ਮੁਨਾਫਾ ਵਧਾ ਲੈਂਦੇ ਹਨ| ਇਹੀ ਕਾਰਨ ਹੈ ਕਿ ਸਰਕਾਰ ਦੇ ਅੰਕੜਿਆਂ ਵਿੱਚ ਭਾਵੇਂ ਮਹਿੰਗਾਈ ਘੱਟ ਗਈ ਹੈ ਪਰੰਤੂ ਅਸਲੀਅਤ ਇਹੀ ਹੈ ਕਿ ਪਿਛਲੇ ਸਮੇਂ ਦੌਰਾਨ ਲੋਕਾਂ ਦੀ ਰੋਜਾਨਾ ਜਰੂਰਤ ਦਾ ਜਿਆਦਾਤਰ ਸਾਮਾਨ ਲਗਾਤਾਰ ਮਹਿੰਗਾ ਅਤੇ ਹੋਰ ਮਹਿੰਗਾ ਹੀ ਹੋਇਆ ਹੈ|
ਸਰਕਾਰ ਦੇ ਅੰਕੜਿਆਂ ਅਨੁਸਾਰ ਲੋਕਾਂ ਦੀ ਨਿੱਤ ਵਰਤੋਂ ਵਿੱਚ ਆਉਣ ਵਾਲੀਆਂ ਵਸਤੂਆਂ ਦੀ ਥੋਕ ਕੀਮਤ ਵਿੱਚ ਕਮੀ ਦੇ ਬਾਵਜੂਣ ਪਰਚੂਨ ਦੁਕਾਨਦਾਰ ਇਹਨਾਂ ਵਸਤੂਆਂ ਦੇ ਦਾਮ ਨਹੀਂ ਘਟਾਉਂਦੇ ਬਲਕਿ ਉਹਨਾਂ ਵਲੋਂ ਸਮਾਨ ਦੀ ਕੀਮਤ ਉੱਚੀ ਹੀ ਰੱਖੀ ਜਾਂਦੀ ਹੈ ਅਤੇ ਇਹ ਦੁਕਾਨਦਾਰ ਭਾਰੀ ਮੁਨਾਫੇ ਦੇ ਲਾਲਚ ਵਿੱਚ ਮਹਿੰਗਾਈ ਵਿੱਚ ਵਾਧਾ ਕਰਨ ਵਿੱਚ ਆਪਣਾ ਅਹਿਮ ਯੋਗਦਾਨ ਦਿੰਦੇ ਰਹਿੰਦੇ ਹਨ| ਇਸ ਮੁਨਾਫਾਖੋਰੀ ਵਿੱਚ ਖੁਦਰਾ ਬਾਜਾਰ ਦੇ ਇਹਨਾਂ ਦੁਕਾਨਦਾਰਾਂ ਦੇ ਨਾਲ ਉਹ ਤਮਾਮ ਵੱਡੀਆਂ ਕੰਪਨੀਆਂ ਵੀ ਸ਼ਾਮਿਲ ਹੋ ਜਾਂਦੀਆਂ ਹਨ ਜਿਹਨਾਂ ਵਲੋਂ ਆਮ ਲੋਕਾਂ ਦੀ ਲੋੜ ਦਾ ਹਰ ਛੋਟਾ ਵੱਡਾ ਸਾਮਾਨ ਪੈਕ ਕਰਕੇ ਵੇਚਿਆ ਜਾਂਦਾ ਹੈ ਅਤੇ ਥੋਕ ਬਾਜਾਰ ਵਿੱਚ ਕੱਚਾ ਮਾਲ ਸਸਤਾ ਮਿਲਣ ਦੇ ਬਾਵਜੂਦ ਉਹਨਾਂ ਵਲੋਂ ਤਿਆਰ ਕਰਕੇ ਬਾਜਾਰ ਵਿੱਚ ਵੇਚੇ ਜਾਣ ਵਾਲੇ ਸਾਮਾਨ ਦੀ ਕੀਮਤ ਵਿੱਚ ਕੋਈ ਕਟੌਤੀ ਨਹੀਂ ਕੀਤੀ ਜਾਂਦੀ|
ਜਨਤਾ ਨੂੰ ਮਹਿੰਗਾਈ ਦੀ ਇਸ ਮਾਰ ਤੋਂ ਬਚਾਉਣ ਲਈ ਜਰੂਰੀ ਹੈ ਕਿ ਸਰਕਾਰ ਪਰਚੂਨ ਬਾਜਾਰ ਦੇ ਦੁਕਾਨਦਾਰਾਂ ਦੀ ਮੁਨਾਫਾਖੋਰੀ ਤੇ ਲਗਾਮ ਲਗਾਏ| ਇਸ ਕਾਰਵਾਈ ਦੇ ਤਹਿਤ ਜਿੱਥੇ ਆਮ ਆਦਮੀ ਨੂੰ ਰਾਹਤ ਦੇਣ ਲਈ ਹਰ ਤਰ੍ਹਾਂ ਦੇ ਸਾਮਾਨ ਦੀ ਥੋਕ ਕੀਮਤ ਦੇ ਅਨੁਸਾਰ ਉਸਦੀ ਖੁਦਰਾ ਕੀਮਤ ਤੈਅ ਕੀਤੀ ਜਾਣੀ ਚਾਹੀਦੀ ਹੈ ਉੱਥੇ ਪਰਚੂਨ ਦੁਕਾਨਦਾਰਾਂ ਲਈ ਇਹ ਜਰੂਰੀ ਕੀਤਾ ਜਾਣਾ ਚਾਹੀਦਾ ਹੈ ਕਿ ਉਹ ਸਰਕਾਰ ਵਲੋਂ ਤੈਅ ਕੀਤੀਆਂ ਗਈਆਂ ਜਰੂਰੀ ਸਾਮਾਨ ਦੀਆਂ ਦਰਾਂ ਦੀ ਸੂਚੀ ਵਾਲਾ ਬੋਰਡ ਲਗਾ ਕੇ ਰੱਖਣ| ਆਮ ਜਨਤਾ ਨੂੰ ਮਹਿੰਗਾਈ ਤੋਂ ਰਾਹਤ ਤਾਂ ਹੀ ਮਿਲੇਗੀ ਜੇਕਰ ਉਸਨੂੰ ਆਪਣੀ ਲੋੜ ਦਾ ਸਾਮਾਨ ਸਸਤੀ ਕੀਮਤ ਤੇ ਮਿਲੇਗਾ ਵਰਨਾ ਉਸ ਵਾਸਤੇ ਸਰਕਾਰ ਦੇ ਮਹਿੰਗਾਈ ਦਰ ਵਿੱਚ ਕਟੌਤੀ ਦੇ ਦਾਅਵਿਆਂ ਦਾ ਕੋਈ ਅਰਥ ਨਹੀਂ ਹੈ|

Leave a Reply

Your email address will not be published. Required fields are marked *