ਪਰਦੇਸ ਗਏ ਭਾਰਤੀਆਂ ਨੇ ਕਮਾਈ ਦੇ ਤੋੜੇ ਰਿਕਾਰਡ, ਚੀਨ ਨੂੰ ਵੀ ਛੱਡਿਆ ਪਿੱਛੇ!

ਨਿਊਯਾਰਕ, 16 ਜੂਨ (ਸ.ਬ.) ਦੁਨੀਆ ਭਰ ਵਿੱਚ ਰੋਜ਼ੀ-ਰੋਟੀ ਕਮਾਉਣ ਗਏ ਭਾਰਤੀਆਂ ਨੇ ਬੀਤੇ ਸਾਲ 62.7 ਅਰਬ ਡਾਲਰ ਯਾਨੀ 40.3 ਖਰਬ ਰੁਪਏ ਭਾਰਤ ਵਿੰਚ ਆਪਣੇ ਘਰਾਂ ਨੂੰ ਭੇਜੇ ਹਨ| ਇਸ ਅੰਕੜੇ ਦੇ ਨਾਲ ਭਾਰਤ ਚੀਨ ਨੂੰ ਪਿੱਛੇ ਛੱਡਦੇ ਹੋਏ ਦੁਨੀਆ ਵਿੱਚ ਸਭ ਤੋਂ ਵਧ ਪੈਸੇ ਪਾਉਣ ਵਾਲਾ ਦੇਸ਼ ਬਣ ਗਿਆ ਹੈ| ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਮੁਤਾਬਕ, 2016 ਵਿੱਚ ਦੁਨੀਆ ਭਰ ਵਿੱਚ ਕੰਮ ਕਰਨ ਵਾਲੇ ਸਾਰੇ ਦੇਸ਼ਾਂ ਦੇ ਤਕਰੀਬਨ 20 ਕਰੋੜ ਪ੍ਰਵਾਸੀਆਂ ਨੇ ਆਪਣੇ ਘਰਾਂ ਨੂੰ 445 ਅਰਬ ਡਾਲਰ ਤੋਂ ਵਧ ਪੈਸੇ ਭੇਜੇ ਹਨ| ਇਸ ਨਾਲ ਲੱਖਾਂ ਲੋਕਾਂ ਨੂੰ ਗਰੀਬੀ ਤੋਂ ਬਾਹਰ ਨਿਕਲਣ ਵਿੱਚ ਮਦਦ ਮਿਲੀ ਹੈ| ਸੰਯੁਕਤ ਰਾਸ਼ਟਰ ਦੀ ਇਕਾਈ ਆਈ. ਐਫ. ਏ. ਡੀ. ਵੱਲੋਂ ਕੀਤੇ ਗਏ ਅਧਿਐਨ ਵਿੱਚ ਇਹ ਗੱਲਾਂ ਸਾਹਮਣੇ ਆਈਆਂ ਹਨ|
ਵਿਦੇਸ਼ਾਂ ਵਿੱਚ ਕੰਮ ਕਰਨ ਵਾਲੇ ਪ੍ਰਵਾਸੀ ਆਪਣੇ ਦੇਸ਼ ਵਿੱਚ ਰਹਿਣ ਵਾਲੇ ਪਰਿਵਾਰਾਂ ਨੂੰ ਜੋ ਰਾਸ਼ੀ ਭੇਜਦੇ ਹਨ ਉਸ ਨੂੰ ਰੈਮੀਟੈਂਸ ਕਹਿੰਦੇ ਹਨ| ਰਿਪੋਰਟ ਮੁਤਾਬਕ 2007 ਵਿੱਚ ਕੁੱਲ ਰੈਮੀਟੈਂਸ ਜਿੱਥੇ 296 ਅਰਬ ਡਾਲਰ ਸੀ, ਉੱਥੇ ਹੀ 2016 ਵਿੱਚ ਇਹ ਵਧ ਕੇ 445 ਅਰਬ ਡਾਲਰ ਹੋ ਗਿਆ| ਰਿਪੋਰਟ ਮੁਤਾਬਕ ਕੁੱਲ ਰੈਮੀਟੈਂਸ ਦਾ 80 ਫੀਸਦੀ ਹਿੱਸਾ 23 ਦੇਸ਼ਾਂ ਨੂੰ ਮਿਲਿਆ ਹੈ, ਜਿਸ ਵਿੱਚ ਸਭ ਤੋਂ ਅੱਗੇ ਭਾਰਤ ਹੈ ਅਤੇ ਫਿਰ ਚੀਨ, ਫਿਲੀਪੀਨਜ਼, ਮੈਕਸਿਕੋ ਅਤੇ ਪਾਕਿਸਤਾਨ| ਜਿਨ੍ਹਾਂ ਦੇਸ਼ਾਂ ਵਿੱਚੋਂ ਸਭ ਤੋਂ ਵਧ ਪੈਸੇ ਭੇਜੇ ਗਏ ਉਨ੍ਹਾਂ ਵਿੱਚ ਅਮਰੀਕਾ, ਸਾਊਦੀ ਅਰਬ ਅਤੇ ਰੂਸ ਪ੍ਰਮੁੱਖ ਹਨ| ਰਿਪੋਰਟ ਮੁਤਾਬਕ, 2016 ਵਿੱਚ ਭਾਰਤ ਨੂੰ ਸਭ ਤੋਂ ਵਧ 62.7 ਅਰਬ ਡਾਲਰ ਰੈਮੀਟੈਂਸ ਮਿਲਿਆ| ਇਸ ਤੋਂ ਬਾਅਦ ਚੀਨ ਨੂੰ 61 ਅਰਬ ਡਾਲਰ, ਫਿਲੀਪੀਨਜ਼ ਨੂੰ 30 ਅਰਬ ਡਾਲਰ ਅਤੇ ਪਾਕਿਸਤਾਨ ਨੂੰ 20 ਅਰਬ ਡਾਲਰ ਮਿਲੇ ਹਨ| 2007 ਵਿੱਚ ਭਾਰਤ 37.2 ਅਰਬ ਡਾਲਰ ਨਾਲ ਚੀਨ ਦੇ ਬਾਅਦ ਦੂਜੇ ਨੰਬਰ ਤੇ ਸੀ| ਉਦੋਂ ਚੀਨ ਨੂੰ 38.4 ਅਰਬ ਡਾਲਰ ਰੈਮੀਟੈਂਸ ਮਿਲਿਆ ਸੀ| ਰਿਪੋਰਟ ਮੁਤਾਬਕ, ਵਿਕਾਸਸ਼ੀਲ ਦੇਸ਼ਾਂ ਵਿੱਚ ਪਹੁੰਚਣ ਵਾਲੇ ਰੈਮੀਟੈਂਸ ਨਾਲ ਲੱਖਾਂ ਲੋਕ ਗਰੀਬੀ ਦੀ ਦਲਦਲ ਵਿੱਚੋਂ ਬਾਹਰ ਨਿਕਲ ਰਹੇ ਹਨ ਅਤੇ ਵਿਕਾਸ ਟੀਚੇ ਨੂੰ ਹਾਸਲ ਕਰਨ ਵਿੱਚ ਮਦਦ ਮਿਲ ਰਹੀ ਹੈ|

Leave a Reply

Your email address will not be published. Required fields are marked *