ਪਰਾਲੀ ਤੇ ਨਾੜ ਨੂੰ ਅੱਗ ਨਾ ਲਗਾਉਣ ਨਾਲ ਫ਼ਸਲ ਦਾ ਝਾੜ ਵੱਧ ਅਤੇ ਖਰਚੇ ਘੱਟੇ : ਬਲਜੀਤ ਸਿੰਘ ਬਲਜੀਤ ਸਿੰਘ ਨੇ ਪਿਛਲੇ ਤਿੰਨ ਸਾਲਾਂ ਤੋਂ ਪਰਾਲੀ ਤੇ ਨਾੜ ਨੂੰ ਨਹੀਂ ਲਗਾਈ ਅੱਗ


ਐਸ.ਏ.ਐਸ ਨਗਰ, 19 ਅਕਤੂਬਰ (ਸ.ਬ.) ਪਿੰਡ ਦੇਸੂ ਮਾਜਰਾ ਬਲਾਕ ਖਰੜ ਦੇ ਅਗਾਂਹਵਧੂ ਕਿਸਾਨ ਬਲਜੀਤ ਸਿੰਘ ਦਾ ਕਹਿਣਾ ਹੈ ਕਿ ਝੋਨੇ ਦੀ ਪਰਾਲੀ ਤੇ ਕਣਕ ਦੀ ਰਹਿੰਦ-ਖੂਹੰਦ ਨੂੰ ਅੱਗ ਨਾ ਲਗਾ ਕੇ ਜਿੱਥੇ ਵਾਤਾਵਰਨ ਨੂੰ ਗੰਧਲਾ ਹੋਣ ਤੋਂ ਬਚਾਇਆ ਜਾ ਸਕਦਾ ਹੈ ਉਥੇ ਫ਼ਸਲਾਂ ਦਾ ਝਾੜ ਵੀ ਵੱਧ ਪ੍ਰਾਪਤ ਕੀਤਾ ਜਾ ਸਕਦਾ ਹੈ| ਉਸਦਾ ਕਹਿਣਾਂ ਹੈ ਕਿ ਉਸ ਨੇ ਪਿਛਲੇ 3 ਸਾਲ ਤੋਂ ਆਪਣੇ ਖੇਤ ਵਿੱਚ ਝੋਨੇ ਦੀ ਪਰਾਲੀ ਤੇ ਕਣਕ ਦੇ ਨਾੜ ਨੂੰ ਅੱਗ ਨਹੀਂ ਲਗਾਈ  ਜਿਸ ਤੋਂ ਉਹ ਬੇਹੱਦ ਸੰਤੁਸ਼ਟ ਹਨ ਅਤੇ ਆਪਣੀਆਂ ਫ਼ਸਲਾਂ ਤੋਂ ਚੌਖਾ ਮੁਨਾਫ਼ਾ ਲੈ ਰਹੇ ਹਨ| 
ਬਲਜੀਤ ਸਿੰਘ ਨੇ ਦੱਸਿਆ ਕਿ ਉਸ ਕੋਲ 10 ਕਿਲ੍ਹੇ ਆਪਣੀ ਜ਼ਮੀਨ ਹੈ ਜਿਸ ਵਿੱਚੋਂ 8 ਏਕੜ ਜ਼ਮੀਨ ਵਿੱਚ ਝੋਨਾ ਅਤੇ 2 ਏਕੜ ਵਿੱਚ ਮੱਕੀ ਬੀਜਦਾ ਹੈ| ਬਲਜੀਤ ਸਿੰਘ ਅਨੁਸਾਰ ਪਿਛਲੇ 3 ਸਾਲ ਤੋਂ ਪਰਾਲੀ ਤੇ ਨਾੜ ਨੂੰ ਅੱਗ ਨਾ ਲਗਾਉਣ ਨਾਲ ਜਿੱਥੇ ਉਸ ਨੂੰ ਫ਼ਸਲ ਦਾ ਝਾੜ ਵੱਧ ਪ੍ਰਾਪਤ ਹੋਇਆ ਹੈ ਉਥੇ ਬੇਲੋੜੇ ਖਰਚੇ ਵੀ ਘੱਟੇ ਹਨ| ਉਸਨੇ ਦੱਸਿਆ ਕਿ ਉਹ  ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨਾਲ ਨਿਰੰਤਰ ਤਾਲਮੇਲ ਬਣਾ ਕੇ ਰੱਖਦਾ ਹੈ| ਉਸ ਨੇ ਕਿਹਾ ਕਿ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਅਤੇ ਕਣਕ ਦੀ ਬਿਜਾਈ ਲਈ ਉਸ ਵੱਲੋਂ ਹੈਪੀ ਸੀਡਰ ਦੀ ਵਰਤੋਂ ਕੀਤੀ ਜਾਂਦੀ ਹੈ| ਬਲਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਹੋਰ ਸਾਥੀ ਕਿਸਾਨਾਂ ਨੂੰ ਵੀ ਪਰਾਲੀ ਅਤੇ ਇਸ ਦੀ ਰਹਿੰਦ ਖੂਹੰਦ ਨੂੰ ਅੱਗ ਨਾ ਲਗਾਉਣ ਲਈ ਜਾਗਰੂਕ ਕੀਤਾ ਅਤੇ ਇਸ ਦੇ ਹੱਲ ਲਈ ਕਸਟਮ ਹਾਇਰਿੰਗ ਸੈਂਟਰ ਗਰੁੱਪ ਬਣਾਇਆ ਜਿਸ ਦੇ ਉਹ ਖੁਦ ਪ੍ਰਧਾਨ ਹਨ| ਗਰੁੱਪ ਵੱਲੋਂ ਖੇਤਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਸਹਿਯੋਗ ਨਾਲ 80 ਫੀਸਦੀ ਸਬਸਿਡੀ ਤੇ ਆਧੁਨਿਕ ਮਸ਼ੀਨਰੀ ਦੀ ਖਰੀਦ ਕੀਤੀ ਜੋ ਹੋਰ ਕਿਸਾਨਾਂ ਨੂੰ ਵੀ ਪਰਾਲੀ ਦਾ ਪ੍ਰਬੰਧਨ ਕਰਨ ਲਈ ਵਾਜਬ ਕਿਰਾਏ ਤੇ ਦਿੱਤੀ ਜਾਂਦੀ ਹੈ|
ਉਸਨੇ ਦੱਸਿਆ ਕਿ ਪਰਾਲੀ ਨੂੰ ਅੱਗ ਨਾ ਲਾਉਣ ਨਾਲ ਝੋਨੇ ਦਾ ਝਾੜ ਪ੍ਰਤੀ ਏਕੜ 2 ਤੋਂ 3 ਕੁਵਿੰਟਲ ਵਧਿਆ ਅਤੇ ਕਣਕ ਦਾ ਝਾੜ ਵੀ 3 ਤੋਂ 4 ਕੁਵਿੰਟਲ ਤੱਕ ਵਧ ਨਿਕਲਿਆ ਸੀ| ਉਸ ਨੇ ਦੱਸਿਆ ਕਿ ਖੇਤਾਂ ਵਿੱਚ ਖਾਦਾਂ ਦੀ ਵਰਤੋਂ ਵੀ ਬਹੁਤ ਘੱਟ ਲੋੜ ਪੈਂਦੀ ਹੈ ਅਤੇ ਖੇਤੀ ਖਰਚਿਆਂ ਤੋਂ ਕਾਫੀ ਰਾਹਤ ਮਿਲਦੀ ਹੈ|

Leave a Reply

Your email address will not be published. Required fields are marked *