ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਕਰਨ ਤੇ ਪਿੰਡ ਬਦਨਪੁਰ ਦੇ ਕਿਸਾਨ ਭੁਪਿੰਦਰ ਸਿੰਘ ਨੂੰ ਕੌਮੀ ਕਿਸਾਨ ਸੰਮੇਲਨ ਵਿੱਚ ਸਨਮਾਨਿਤ ਕੀਤਾ

ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਕਰਨ ਤੇ ਪਿੰਡ ਬਦਨਪੁਰ ਦੇ ਕਿਸਾਨ ਭੁਪਿੰਦਰ ਸਿੰਘ ਨੂੰ ਕੌਮੀ ਕਿਸਾਨ ਸੰਮੇਲਨ ਵਿੱਚ ਸਨਮਾਨਿਤ ਕੀਤਾ
ਖੇਤੀ ਦੇ ਖੇਤਰ ਵਿੱਚ ਕੀਤੇ ਕੰਮਾਂ ਲਈ ਪਹਿਲਾਂ ਹੋ ਚੁੱਕੇ ਹਨ ਸਨਮਾਨਿਤ 
ਐਸ.ਏ.ਐਸ. ਨਗਰ, 12 ਸਤੰਬਰ (ਸ.ਬ.) ਖੇਤੀ ਅਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ ਵੱਲੋਂ ਪਰਾਲੀ ਪ੍ਰਬੰਧਨ ਵਿਸ਼ੇ ਉਤੇ ਐਨ. ਏ. ਐਸ. ਸੀ. ਕੰਪਲੈਕਸ, ਨਵੀਂ ਦਿੱਲੀ ਵਿਖੇ ਕੌਮੀ ਕਿਸਾਨ ਸੰਮੇਲਨ ਦੌਰਾਨ ਸੂਬੇ ਦੇ ਉਨ੍ਹਾਂ 10 ਅਗਾਂਹਵਧੂ ਕਿਸਾਨਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ, ਜਿਨ੍ਹਾਂ ਵੱਲੋਂ ਫਸਲੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾ ਕੇ ਇਸ ਨੂੰ ਜ਼ਮੀਨ ਵਿੱਚ ਹੀ ਖਪਾਉਣ ਦੀਆਂ ਵਿਧੀਆਂ ਨੂੰ ਅਪਣਾਇਆ ਗਿਆ| ਕੇਂਦਰੀ ਖੇਤਬਾੜੀ ਰਾਜ ਮੰਤਰੀ ਸ੍ਰੀ ਪੁਰਸ਼ੋਤਮ ਰੁਪਾਲਾ ਵੱਲੋਂ ਸਨਮਾਨਿਤ ਕੀਤੇ ਗਏ ਕਿਸਾਨਾਂ ਵਿੱਚ ਜ਼ਿਲ੍ਹਾ ਐਸ.ਏ.ਐਸ. ਨਗਰ ਦਾ ਕਿਸਾਨ ਭੁਪਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਪਿੰਡ ਬਦਨਪੁਰ ਬਲਾਕ ਖਰੜ ਵੀ ਸ਼ਾਮਲ ਹੈ|
ਮੁੱਖ ਖੇਤੀਬਾੜੀ ਅਫਸਰ ਸ. ਹਰਪਾਲ ਸਿੰਘ ਨੇ ਦੱਸਿਆ ਕਿਸਾਨ ਭੁਪਿੰਦਰ ਸਿੰਘ ਨੂੰ ਇਹ ਸਨਮਾਨ ਫਸਲ ਦੀ ਰਹਿੰਦ-ਖੂੰਹਦ ਨੂੰ ਸਾੜਨ ਦੀ ਬਜਾਏ ਉਸ ਦੀ ਸੁਚੱਜੀ ਸਾਂਭ-ਸੰਭਾਲ ਕਰਨ ਬਦਲੇ ਹਾਸਲ ਹੋਇਆ ਹੈ| ਉਨ੍ਹਾਂ ਦੱਸਿਆ ਕਿ ਇਸ ਕਿਸਾਨ ਨੇ ਪਿਛਲੇ ਸੀਜ਼ਨ ਦੌਰਾਨ ਆਪਣੀ 20 ਏਕੜ ਜ਼ਮੀਨ ਵਿੱਚ ਅਤੇ ਪਿੰਡ ਦੇ ਹੋਰ ਕਿਸਾਨਾਂ ਦੀ ਲਗਭਗ 400 ਏਕੜ ਜ਼ਮੀਨ ਵਿੱਚ ਪਰਾਲੀ ਨੂੰ ਅੱਗ ਨਾ ਲਾ ਕੇ ਇਸ ਨੂੰ ਆਧੁਨਿਕ ਮਸ਼ੀਨਾਂ ਨਾਲ ਜ਼ਮੀਨ ਵਿੱਚ ਹੀ ਖਪਾਇਆ| ਭੁਪਿੰਦਰ ਸਿੰਘ ਨੇ ਆਪਣੇ ਪਿੰਡ ਸਮੇਤ ਨੇੜਲੇ ਪਿੰਡਾਂ ਦੀ ਜ਼ਮੀਨ ਮਿਲਾ ਕੇ ਕੁੱਲ 807 ਏਕੜ ਵਿੱਚ ਆਧੁਨਿਕ ਮਸ਼ੀਨਾਂ ਨਾਲ ਫ਼ਸਲਾਂ ਦੀ ਰਹਿੰਦ ਖੂੰਹਦ ਦੇ ਪ੍ਰਬੰਧਨ ਦਾ ਕਾਰਜ ਕੀਤਾ| ਉਨ੍ਹਾਂ ਦੱਸਿਆ ਕਿ ਇਸ ਕਿਸਾਨ ਵੱਲੋਂ ਸ੍ਰੀ ਧੰਨਾ ਭਗਤ ਦੇ ਨਾਂ ਉਤੇ ਸਾਲ 2018 ਵਿੱਚ ਮਸ਼ੀਨਰੀ ਬੈਂਕ ਦੀ ਸਥਾਪਨਾ ਕੀਤੀ ਗਈ ਸੀ, ਜਿਸ ਰਾਹੀਂ ਜਿੱਥੇ ਕਿਸਾਨਾਂ ਨੂੰ ਪਰਾਲੀ ਫੂਕਣ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾਂਦਾ ਹੈ, ਉਥੇ ਫਸਲ ਦੀ ਰਹਿੰਦ-ਖੂੰਹਦ ਨੂੰ ਜ਼ਮੀਨ ਵਿੱਚ ਹੀ ਖਪਾਉਣ ਲਈ ਆਧੁਨਿਕ ਮਸ਼ੀਨਰੀ ਵੀ ਮੁਹੱਈਆ ਕਰਵਾਈ ਜਾਂਦੀ ਹੈ| ਉਹਨਾਂ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਇਸ ਸੀਜ਼ਨ ਵਿੱਚ ਵੀ ਪਰਾਲੀ ਅਤੇ ਹੋਰ ਫਸਲਾਂ ਦੀ ਰਹਿੰਦ ਖੂੰਹਦ ਨੂੰ ਜ਼ਮੀਨ ਵਿੱਚ ਹੀ ਖਪਾਉਣ ਲਈ ਆਧੁਨਿਕ ਖੇਤੀ ਮਸ਼ੀਨਰੀ ਮੁਹੱਈਆ ਕਰਵਾਈ          ਜਾਵੇਗੀ| 
ਖੇਤੀਬਾੜੀ ਵਿਕਾਸ ਅਫਸਰ ਸ੍ਰੀ ਗੁਰਦਿਆਲ ਕੁਮਾਰ ਨੇ ਕਿਹਾ ਕਿ ਫਸਲ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਕਾਰਨ ਸਭ ਤੋਂ ਵੱਡਾ ਨੁਕਸਾਨ ਕਿਸਾਨ ਨੂੰ ਹੀ ਹੁੰਦਾ ਹੈ ਕਿਉਂਕਿ ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘਟ ਜਾਂਦੀ ਹੈ ਅਤੇ ਜ਼ਮੀਨ ਵਿਚਲੇ ਮਿੱਤਰ ਕੀੜੇ ਵੀ ਮਰ ਜਾਂਦੇ ਹਨ, ਜਿਸ ਕਾਰਨ ਫਸਲ ਦੇ ਝਾੜ ਤੇ ਮਾੜਾ ਅਸਰ ਪੈਂਦਾ ਹੈ| 
ਸਨਮਾਨ ਮਿਲਣ ਤੇ ਕਿਸਾਨ ਭੁਪਿੰਦਰ ਸਿੰਘ ਨੇ ਕਿਹਾ ਕਿ ਵਿਭਾਗ ਵੱਲੋਂ ਮਿਲੇ ਮਾਰਗ ਦਰਸ਼ਨ ਅਤੇ ਆਧੁਨਿਕ ਮਸ਼ੀਨਾਂ ਕਾਰਨ ਉਹ ਇਹ ਸਨਮਾਨ ਹਾਸਲ ਕਰਨ ਵਿੱਚ ਕਾਮਯਾਬ ਹੋਏ ਹਨ| ਉਨ੍ਹਾਂ ਇਹ ਆਧੁਨਿਕ ਮਸ਼ੀਨਰੀ ਉਨ੍ਹਾਂ ਦੇ ਕਿਸਾਨ ਗਰੁੱਪ ਨੂੰ ਖੇਤੀਬਾੜੀ ਵਿਭਾਗ ਵੱਲੋਂ 80 ਫੀਸਦੀ ਸਬਸਿਡੀ (8 ਲੱਖ          ਰੁਪਏ) ਉਤੇ ਮੁਹੱਈਆ ਕਰਵਾਈ ਗਈ ਸੀ| 
ਜ਼ਿਕਰਯੋਗ ਹੈ ਕਿ ਕਿਸਾਨ ਭੁਪਿੰਦਰ ਸਿੰਘ, ਜੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਅਤੇ ਜ਼ਿਲ੍ਹਾ ਖੇਤੀ ਉਤਪਾਦਨ ਕਮੇਟੀ ਅਤੇ ਜ਼ਿਲ੍ਹਾ ਕਰੋਪ ਰੈਜ਼ੇਡਿਊ ਮੈਨੇਜਮੈਂਟ ਕਮੇਟੀ ਦਾ ਮੈਂਬਰ ਵੀ ਹੈ, ਨੂੰ ਸਾਲ 2013 ਵਿੱਚ ਸੂਰਤ ਵਿਖੇ ਗੰਨੇ ਦੀ ਸਿੰਗਲ ਬਡ ਵਿਧੀ ਨਾਲ ਬਿਜਾਈ ਕਰਨ, ਇੰਟਰ ਕਰੋਪਿੰਗ ਕਰਨ ਅਤੇ ਵੱਖ ਵੱਖ ਸਬਜ਼ੀਆਂ ਦੀ ਕਾਸ਼ਤ ਕਰਨ ਲਈ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ| ਸਾਲ 2014 ਵਿੱਚ ਝੋਨੇ ਦੀ ਸਿੱਧੀ ਬਿਜਾਈ, ਸਾਲ 2015 ਵਿੱਚ ਖੇਤੀ ਵੰਨ-ਸੁਵੰਨਤਾ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਮੁਹਾਲੀ ਵੱਲੋਂ ਇਸ ਕਿਸਾਨ ਦਾ ਸਨਮਾਨ ਕੀਤਾ ਗਿਆ| ਇਸ ਤੋਂ ਇਲਾਵਾ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਵੀ ਕਿਸਾਨ ਦਾ ਸਾਲ 2015 ਤੋਂ ਪਰਾਲੀ ਨੂੰ ਅੱਗ ਨਾ ਲਾਉਣ ਕਾਰਨ ਸਨਮਾਨ ਕੀਤਾ ਜਾ ਚੁੱਕਾ ਹੈ|

Leave a Reply

Your email address will not be published. Required fields are marked *